ਕਿਸਾਨ ਅੰਦੋਲਨ: ਠੰਢ 'ਚ ਤੱਤਾ ਮੋਰਚਾ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 21 2021 13:56
Reading time: 1 min, 31 secs

ਸੰਯੁਕਤ ਕਿਸਾਨ ਮੋਰਚੇ ਦੁਆਰਾ ਐਲਾਨੇ ਗਏ ਰੇਲਾਂ ਦੇ ਚੱਕਾ ਜਾਮ ਨੂੰ ਦੇਸ਼ ਭਰ ਦੇ ਅੰਦਰੋਂ ਪਿਛਲੇ ਦਿਨੀਂ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ ਨੇ ਮੁਲਕ ਭਰ ਦੇ ਅੰਦਰ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰਦਿਆਂ ਹੋਇਆ ਸਰਕਾਰ ਤੋਂ ਮੰਗ ਕੀਤੀ ਕਿ, ਸਰਕਾਰ ਖੇਤੀ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਰੱਦ ਕਰੇ। ਪਰ, ਕਿਸਾਨਾਂ ਦੇ ਅੱਜ ਕੀਤੇ ਗਏ ਵਿਰੋਧ ਪ੍ਰਦਰਸ਼ਨ ਅਤੇ ਕੀਤੇ ਗਏ ਰੇਲਾਂ ਦੇ ਚੱਕੇ ਜਾਮ ਨੂੰ, ਗੋਦੀ ਮੀਡੀਆ ਇੰਝ ਵਿਖਾ ਰਿਹਾ ਹੈ, ਜਿਵੇਂ ਕਿਸਾਨਾਂ ਨੇ ਰੇਲ ਰੋਕੋ ਪ੍ਰਦਰਸ਼ਨ ਕਰਕੇ ਕੋਈ ਜ਼ੁਰਮ ਕਰ ਦਿੱਤਾ ਹੋਵੇ। 

ਗੋਦੀ ਮੀਡੀਆ ਅਤੇ ਮੋਦੀ ਸਰਕਾਰ ਤੋਂ ਇਲਾਵਾ ਇਨ੍ਹਾਂ ਦਾ ਆਈ. ਟੀ. ਸੈੱਲ ਵੀ ਅੱਜ ਬੌਖ਼ਲਾਹਟ ਵਿੱਚ ਸੀ ਕਿ, ਕਿਸਾਨਾਂ ਵਿੱਚ ਜ਼ਹਿਰ ਘੋਲਣ ਤੋਂ ਬਾਅਦ ਵੀ ਏਨਾ ਵੱਡਾ ਇਕੱਠ ਕਿਵੇਂ ਹੋ ਗਿਆ? ਲੋਕ ਲਹਿਰ ਬਣ ਕੇ ਉਮੜਿਆ ਰੋਹ, ਜਿੱਥੇ ਕੇਂਦਰ ਹਾਕਮਾਂ ਨੂੰ ਤਾਂ ਝੁਕਣ ਲਈ ਮਜ਼ਬੂਰ ਕਰ ਹੀ ਰਿਹਾ ਸੀ, ਉੱਥੇ ਹੀ ਇਹ ਵੀ ਸਾਫ਼ ਸ਼ਬਦਾਂ ਵਿੱਚ ਕਹਿ ਸਕਦੇ ਹਾਂ, ਕਿ ਜਿਹੜਾ ਹਾਕਮ ਧੌਣ ਨੀਵੀਂ ਨਹੀਂ ਸੀ ਕਰਦਾ, ਉਹ ਧੌਣ ਝੁਕਾ ਕੇ ਤੁਰਣ ਲੱਗ ਪਿਆ ਹੈ। 

ਦਰਅਸਲ, ਖੇਤੀ ਕਾਨੂੰਨਾਂ ਦੇ ਵਿਰੁੱਧ ਪਿਛਲੇ ਕੋਈ ਪੌਣ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ, ਮਜ਼ਦੂਰ, ਕਿਰਤੀ ਅਤੇ ਆਮ ਲੋਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੰਗ ਇਹੋ ਰਹੀ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਪਰ ਸਰਕਾਰ ਦਾ ਰਵੱਈਆ ਹੁਣ ਤੱਕ ਤਾਨਾਸ਼ਾਹੀ ਹੀ ਰਿਹਾ ਹੈ। ਸਰਕਾਰ ਖੇਤੀ ਕਾਨੂੰਨਾਂ ਦੇ ਵਿੱਚ ਸੋਧਾਂ ਕਰਨ ਦੇ ਵਾਸਤੇ ਤਾਂ ਪਿਛਲੇ ਸਮੇਂ ਵਿੱਚ ਤਿਆਰ ਹੋਈ ਹੀ ਸੀ।

ਨਾਲ ਹੀ ਸਰਕਾਰ ਨੇ ਲੰਘੇ ਮਹੀਨੇ 23 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਨ ਮਗਰੋਂ ਇਹ ਵੀ ਸਰਕਾਰ ਨੇ ਆਖ ਦਿੱਤਾ ਸੀ ਕਿ ਉਹ ਖੇਤੀ ਕਾਨੂੰਨਾਂ 'ਤੇ ਸਾਲ ਡੇਢ ਸਾਲ ਲਈ ਰੋਕ ਲਾਉਣ ਲਈ ਤਿਆਰ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਦਾ ਇਹ ਪ੍ਰਸਤਾਵ ਉਸੇ ਦਿਨ ਹੀ ਠੁਕਰਾ ਦਿੱਤਾ ਸੀ। ਜਿਹੜੀ ਸਰਕਾਰ ਸੋਧਾਂ ਤੋਂ ਲੈ ਕੇ ਕਾਨੂੰਨਾਂ 'ਤੇ ਰੋਕ ਲਗਾਉਣ ਤੱਕ ਤਿਆਰ ਹੋ ਗਈ, ਉਸ ਸਰਕਾਰ ਨੂੰ ਕਿਸਾਨਾਂ ਨੇ ਹੁਣ ਪੂਰੀ ਤਰ੍ਹਾਂ ਨਾਲ ਝੁਕਾਉਣ ਦੀ ਰਣਨੀਤੀ ਅਖ਼ਤਿਆਰ ਕਰ ਲਈ ਗਈ ਹੈ।