ਰਾਮਦੇਵ ਦੀ ਕੋਰੋਨਿਲ 'ਤੇ ਵਿਵਾਦ ਖ਼ਤਮ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 21 2021 13:54
Reading time: 1 min, 57 secs

ਕਰੀਬ ਅੱਠ ਮਹੀਨੇ ਪਹਿਲੋਂ ਰਾਮਦੇਵ ਨੇ ਕੋਰੋਨਾ ਵਾਇਰਸ ਦੇ ਨਾਲ ਲੜਣ ਵਾਲੀ ਕੋਰੋਨਿਲ ਦਵਾਈ ਲਾਂਚ ਕੀਤੀ ਸੀ। ਜਿਸ ਦਾ ਬਹੁਤ ਜ਼ਿਆਦਾ ਵਿਵਾਦ ਖੜਾ ਹੋਇਆ ਸੀ। ਕੋਰੋਨਿਲ ਜਨਤਾ ਵਿੱਚ ਵੰਡੀ ਤਾਂ ਨਹੀਂ ਸੀ ਗਈ, ਪਰ ਇਸ ਸਬੰਧੀ ਸਰਕਾਰ ਨੇ ਮੁਕੱਦਮੇ ਜ਼ਰੂਰ ਠੋਕ ਦਿੱਤੇ ਸਨ। ਹੁਣ ਤੱਕ ਹੀ ਇਹ ਦਵਾਈ ਵਿਵਾਦਾਂ ਦੇ ਵਿੱਚ ਰਹੀ। ਸਰਕਾਰ ਦੇ ਸਿਹਤ ਮੰਤਰਾਲੇ ਨੇ ਇਸ ਦਵਾਈ 'ਤੇ ਮੁਕੰਮਲ ਰੋਕ ਲਗਾ ਦਿੱਤੀ ਸੀ। ਪਰ ਪਿਛਲੇ ਦਿਨੀਂ ਇਹ ਖ਼ਬਰ ਸਾਹਮਣੇ ਆਈ ਕਿ ਸਿਹਤ ਮੰਤਰੀ ਦੀ ਅਗਵਾਈ ਵਿੱਚ ਇਹ ਦਵਾਈ ਨੂੰ ਦੁਬਾਰਾ ਲਾਂਚ ਕੀਤਾ ਗਿਆ। 

ਜਾਣਕਾਰੀ ਦੇ ਮੁਤਾਬਿਕ, ਲੰਘੇ ਸਾਲ 2020 ਦੌਰਾਨ ਆਏ ਕੋਰੋਨਾ ਨੇ ਹਰ ਵਰਗ 'ਤੇ ਮਾਰ ਪਾਈ। ਗ਼ਰੀਬਾਂ 'ਤੇ ਸਭ ਤੋਂ ਵੱਧ ਮਾਰ ਲੰਘੇ ਸਾਲ 2020 ਦੇ ਵਿੱਚ ਪਈ। ਗ਼ਰੀਬਾਂ ਨੂੰ ਇੱਕ ਪਾਸੇ ਤਾਂ ਕੋਰੋਨਾ ਦੇ ਬੇਲੋੜੇ ਲਾਕਡਾਊਨ ਨੇ ਖਾ ਲਿਆ, ਉੱਪਰੋਂ ਕੋਰੋਨਾ ਦੇ ਨਾਂਅ 'ਤੇ ਹੋਏ ਡਰਾਮਿਆਂ ਨੇ ਗ਼ਰੀਬਾਂ ਨੂੰ ਭੁੱਖੇ ਮਾਰ ਦਿੱਤਾ। ਗ਼ਰੀਬਾਂ ਦੀ ਚਾਰੇ ਪਾਸਿਓਂ ਲੁੱਟ ਹੋਈ। ਪਰ ਹਾਕਮ ਧਿਰ ਹਰ ਪਾਸੇ ਇਹੋ ਕਹਿੰਦੀ ਨਜ਼ਰੀ ਆਈ, ਕਿ ਅਸੀਂ ਗ਼ਰੀਬਾਂ ਨੂੰ ਭੁੱਖੇ ਨਹੀਂ ਮਰਨ ਦਿਆਂਗੇ, ਉਨ੍ਹਾਂ ਨੂੰ ਕੋਰੋਨਾ ਦੀ ਦਵਾਈ ਜ਼ਰੂਰ ਮਿਲੇਗੀ। 

ਖ਼ੈਰ, ਲੰਘੇ ਸਾਲ ਰਾਮਦੇਵ ਦੀ ਪਤੰਜਲੀ ਹੱਟੀ ਨੇ 'ਕੋਰੋਨਿਲ' ਨੂੰ ਕੋਵਿਡ-19 ਦੀ ਦਵਾਈ ਦੇ ਰੂਪ ਵਿੱਚ ਲਾਂਚ ਕੀਤਾ ਸੀ, ਜੋ ਕਿ ਵਿਵਾਦਾਂ ਦੇ ਵਿੱਚ ਰਹੀ ਸੀ। ਹੁਣ ਇੱਕ ਵਾਰ ਮੁੜ ਤੋਂ ਪਤੰਜਲੀ ਯੋਗੀਪਿੱਠ ਦੇ ਬਾਬਾ ਰਾਮਦੇਵ ਨੇ 'ਕੋਰੋਨਿਲ' ਨੂੰ ਕੋਵਿਡ-19 ਦੀ ਦਵਾਈ ਦੇ ਰੂਪ ਵਿੱਚ ਲਾਂਚ ਕੀਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਸਰਕਾਰ ਦਾ ਕੰਮ ਹੁੰਦੈ ਕਿ ਸਰਕਾਰੀ ਦਵਾਈਆਂ ਨੂੰ ਲਾਂਚ ਕਰਨਾ, ਨਾ ਕਿ ਕਿਸੇ ਪ੍ਰਾਈਵੇਟ ਕੰਪਨੀ ਦੀ ਦਵਾਈ ਨੂੰ ਲਾਂਚ ਕਰਨਾ। 

ਪਰ ਲੰਘੇ ਦਿਨੀਂ ਤਾਂ ਹੈਰਾਨ ਕਰਨ ਵਾਲਾ ਇਹ ਵੀ ਮਾਮਲਾ ਸਾਹਮਣੇ ਆਇਆ ਕਿ, ਰਾਮਦੇਵ ਦੁਆਰਾ ਲਾਂਚ ਕੀਤੀ ਗਈ ਕੋਰੋਨਾ ਦੀ ਦਵਾਈ ਮੌਕੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। ਦੱਸਣਾ ਇਹ ਵੀ ਬਣਦਾ ਹੈ ਕਿ ਰਾਮਦੇਵ ਨੇ ਪਤੰਜਲੀ ਕੋਰੋਨਾ ਦੀ ਪਹਿਲੀ ਸਬੂਤ-ਅਧਾਰਿਤ ਦਵਾਈ 'ਤੇ ਵਿਗਿਆਨਕ ਸੋਧ ਪੱਤਰ ਜਾਰੀ ਕੀਤਾ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਰਾਮਦੇਵ ਨੇ ਪ੍ਰੈੱਸ ਕਾਨਫਰੰਸ ਦੌਰਾਨ 'ਕੋਰੋਨਿਲ' ਨੂੰ ਵਿਸ਼ਵ ਸਿਹਤ ਸੰਗਠਨ ਤੋਂ ਸਰਟੀਫਾਈਡ ਦੱਸਿਆ ਹੈ। 

ਦਵਾਈ ਲਾਂਚ ਕਰਦਿਆਂ ਰਾਮਦੇਵ ਨੇ ਕਿਹਾ ਕਿ ਲੋਕਾਂ ਦਾ ਮੰਨਣਾ ਹੈ ਕਿ ਸੋਧ ਕੰਮ ਸਿਰਫ ਵਿਦੇਸ਼ਾਂ ਵਿੱਚ ਹੀ ਕੀਤਾ ਜਾ ਸਕਦਾ ਹੈ। ਖਾਸ-ਕਰ ਜਦੋਂ ਗੱਲ ਆਯੂਰਵੇਦ ਦੀ ਆਉਂਦੀ ਹੈ, ਤਾਂ ਲੋਕ ਸੋਧ ਕੰਮਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਰਾਮਦੇਵ ਦਾ ਦਾਅਵਾ ਹੈ ਕਿ ਮਹਾਂਮਾਰੀ ਦੌਰਾਨ ਕੋਰੋਨਿਲ ਨੇ ਲੱਖਾਂ ਲੋਕਾਂ ਨੂੰ ਲਾਭ ਪਹੁੰਚਾਇਆ ਹੈ, ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਹੁਣ ਤੱਕ ਇੱਕ ਵੀ ਰਿਪੋਰਟ ਅਜਿਹੀ ਪ੍ਰਕਾਸ਼ਿਤ ਨਹੀਂ ਹੋ ਸਕਦੀ ਕਿ, ਕੋਰੋਨਿਲ ਨੇ ਲੱਖਾਂ ਲੋਕਾਂ ਨੂੰ ਲਾਭ ਪਹੁੰਚਾਇਆ ਹੋਏ।