ਕੀ ਮੁਲਕ ਹੁਣ 'ਕਾਰਪੋਰੇਟ ਜਗਤ' ਚਲਾਵੇਗਾ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 21 2021 13:44
Reading time: 1 min, 49 secs

ਲੰਘੇ ਕੱਲ੍ਹ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਜਿਹੀ ਜਾਣਕਾਰੀ ਭਾਰਤ ਵਾਸੀਆਂ ਦੇ ਨਾਲ ਸਾਂਝੀ ਕੀਤੀ ਹੈ, ਜਿਸ ਨੂੰ ਪੜ੍ਹਣ ਜਾਂ ਫਿਰ ਸੁਣਨ ਦੀ ਬਿਜਾਏ, ਸਮਝਣ ਦੀ ਲੋੜ ਹੈ। ਕੇਂਦਰੀ ਵਿੱਤ ਮੰਤਰੀ ਦੇ ਅਨੁਸਾਰ ਸਮਾਂ ਆ ਗਿਆ ਹੈ ਕਿ 'ਕਾਰਪੋਰੇਟ ਜਗਤ ਦੇਸ਼ ਵਿੱਚ ਵਿਕਾਸ ਨੂੰ ਵਧਾਉਣ ਲਈ ਨਿਵੇਸ਼ ਕਰੇ ਅਤੇ ਸਮਰਥਾ ਵਧਾਏ।' ਸਰਕਾਰ ਵੱਲੋਂ ਚੁੱਕੇ ਕਦਮਾਂ ਅਤੇ ਸਨਅਤ ਜਗਤ ਦੀ ਹਿੱਸੇਦਾਰੀ ਨਾਲ ਸਰਕਾਰ ਨੂੰ ਆਸ ਹੈ ਕਿ ਅਗਲੇ ਦਿਨਾਂ ਵਿੱਚ ਆਰਥਿਕਤਾ ਲੀਹ 'ਤੇ ਪੈ ਜਾਵੇਗੀ। 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਬੋਧਨ ਕਰਦਿਆਂ ਭਾਰਤ ਨੂੰ ਦੁਨੀਆ ਦੇ ਸਭ ਤੋਂ ਤੇਜੀ ਨਾਲ ਵੱਧ ਰਹੇ ਅਰਥਚਾਰੇ ਵਿੱਚੋਂ ਇੱਕ ਬਣਾਉਣ ਲਈ ਨਵੇਂ ਨਿਵੇਸ਼ਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਭਾਰਤ ਦੁਨੀਆ ਦੀ ਸਭ ਤੋਂ ਤੇਜੀ ਨਾਲ ਵੱਧ ਰਹੀ ਅਰਥ ਵਿਵਸਥਾ ਬਣਾਉਣ ਲਈ ਕਾਰਪੋਰੇਟ ਜਗਤ ਨੂੰ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ ਅਤੇ ਨਿਵੇਸ਼ ਕਰਨਾ ਚਾਹੀਦਾ ਹੈ। 

ਕੇਂਦਰੀ ਵਿੱਤ ਮੰਤਰੀ ਨੇ ਅੱਗੇ ਕਿਹਾ, 'ਸਾਨੂੰ ਸਮਰੱਥਾ ਵਧਾਉਣ ਦੀ ਲੋੜ ਹੈ, ਵਿਸਥਾਰ ਕਰਨ ਦੀ ਲੋੜ ਹੈ, ਸਾਨੂੰ ਬਹੁਤ ਸਾਰੇ ਅਜਿਹੇ ਉਤਪਾਦ ਤਿਆਰ ਕਰਨ ਦੀ ਜਰੂਰਤ ਹੈ, ਜੋ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹਨ।' ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਗਤੀਵਿਧੀਆਂ ਲੀਹੇ ਪਰਤਣ ਦੀ ਉਮੀਦ ਕੀਤੀ ਹੈ। ਉਨ੍ਹਾਂ ਕਿਹਾ ਕਿ, ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਅਤੇ ਉਦਯੋਗਾਂ ਦੀ ਭਾਗੀਦਾਰੀ ਨਾਲ, ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਅਰਥ ਵਿਵਸਥਾ ਮੁੜ ਲੀਹ 'ਤੇ ਆਵੇਗੀ।

ਜਿਸ ਹਿਸਾਬ ਦੇ ਨਾਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਸੰਬੋਧਨ ਦੇ ਵਿੱਚ ਹੁਣ ਸਮਾਂ ਆ ਗਿਆ ਹੈ ਕਿ 'ਕਾਰਪੋਰੇਟ ਜਗਤ ਦੇਸ਼ ਵਿੱਚ ਵਿਕਾਸ ਨੂੰ ਵਧਾਉਣ ਲਈ ਨਿਵੇਸ਼ ਕਰੇ ਅਤੇ ਸਮਰਥਾ ਵਧਾਏ।' ਇਸ ਤੋਂ ਤਾਂ ਸਿੱਧਾ ਹੀ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਦੇਸ਼ ਦੇ ਅੰਦਰ ਹੁਣ ਸਰਕਾਰ ਕੁੱਝ ਨਹੀਂ ਕਰੇਗੀ, ਬਲਕਿ ਕਾਰਪੋਰੇਟ ਘਰਾਣੇ ਸਰਕਾਰ ਨੂੰ ਥੱਲੇ ਲਗਾ ਕੇ, ਦੇਸ਼ ਨੂੰ ਚਲਾਉਣ ਅਤੇ ਦੇਸ਼ ਦਾ ਉਜਾੜ ਕਰਨਗੇ।

ਵੇਖਿਆ ਜਾਵੇ ਤਾਂ, ਜੇਕਰ ਕਾਰਪੋਰੇਟ ਘਰਾਣੇ ਦੇਸ਼ ਦੇ ਅੰਦਰ ਵਿਕਾਸ ਨੂੰ ਵਧਾਉਣ ਲਈ ਨਿਵੇਸ਼ ਕਰਨਗੇ ਤਾਂ, ਉਹ ਦੇਸ਼ ਨੂੰ ਵੀ ਖਾਣਗੇ ਅਤੇ ਜੇਕਰ ਦੇਸ਼ ਨੂੰ ਖਾਣਗੇ ਤਾਂ, ਦੇਸ਼ ਦਾ ਉਜਾੜਾ ਵੀ ਕਰਨਗੇ। ਇਸ ਤੋਂ ਸਿੱਧਾ ਤਾਂ ਇਹ ਭਾਅ ਹੈ ਕਿ ਦੇਸ਼ ਹੁਣ ਕਾਰਪੋਰੇਟ ਜਗਤ ਚਲਾਵੇਗਾ। ਜੇਕਰ ਦੇਸ਼ ਕਾਰਪੋਰੇਟ ਜਗਤ ਚਲਾਵੇਗਾ ਤਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਸਤੀਫ਼ਾ ਦੇ ਕੇ, ਸਰਕਾਰ ਨੂੰ ਭੰਗ ਹੀ ਕਰ ਦੇਣਾ ਚਾਹੀਦਾ ਹੈ। ਕਿਉਂਕਿ ਦੇਸ਼ 'ਤੇ ਕਾਰਪੋਰੇਟ ਘਰਾਣੇ ਹੀ ਰਾਜ ਕਰਨਗੇ।