ਇਨਕਲਾਬੀ ਝੰਡਿਆਂ ਅੱਗੇ ਝੁਕੇਗਾ ਹਾਕਮ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 20 2021 14:53
Reading time: 1 min, 42 secs

ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਆਮ ਲੋਕਾਂ ਦਾ ਧਰਨਾ ਦਿਨ ਰਾਤ ਜਾਰੀ ਹੈ। ਇਹ ਧਰਨਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੱਗਿਆ ਹੋਇਆ ਹੈ। ਸਰਕਾਰ ਦੇ ਨਾਲ ਕਿਸਾਨ ਆਗੂਆਂ ਦੀਆਂ ਕਰੀਬ 11 ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਹ ਗਿਆਰਾਂ ਮੀਟਿੰਗਾਂ ਜਿੱਥੇ ਬੇਸਿੱਟਾ ਰਹੀਆਂ ਹਨ, ਉੱਥੇ ਹੀ ਸਰਕਾਰ ਵੀ ਟੱਸ ਤੋਂ ਮੱਸ ਨਹੀਂ ਹੋ ਰਹੀ। ਹੁਣ ਜੋ ਤਾਜ਼ਾ ਰਿਪੋਰਟਾਂ ਮਿਲ ਰਹੀਆਂ ਹਨ, ਉਹਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਬਹੁਤ ਜਲਦ ਇਨਕਲਾਬੀ ਝੰਡਿਆਂ ਸਾਹਮਣੇ ਹਾਕਮ ਦਾ ਸਿਰ ਝੁਕੇਗਾ। 

ਦਰਅਸਲ, ਪਿਛਲੇ ਦਿਨੀਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਬਿਆਨ ਸਾਹਮਣੇ ਆਇਆ, ਉਹ ਕਿਸਾਨਾਂ ਨੂੰ ਜਿੱਥੇ ਅੰਦੋਲਨ ਵਾਪਸ ਲੈਣ ਦੀ ਅਪੀਲ ਕਰਦੇ ਰਹੇ, ਉੱਥੇ ਹੀ ਤੋਮਰ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਸਰਕਾਰ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਲਈ ਤਿਆਰ ਹੈ। ਖੇਤੀ ਮੰਤਰੀ ਤੋਮਰ ਨੇ ਇਹ ਵੀ ਕਿਹਾ ਕਿ, ਬਹੁਤ ਜਲਦ ਸਰਕਾਰ ਖੇਤੀ ਕਾਨੂੰਨਾਂ 'ਤੇ ਕੋਈ ਵੱਡਾ ਫ਼ੈਸਲਾ ਲਵੇਗੀ ਅਤੇ ਇਹਦੇ 'ਤੇ ਵਿਚਾਰ ਚਰਚਾ ਜਾਰੀ ਹੈ। ਤੋਮਰ ਦੁਆਰਾ ਦਿੱਤੇ ਗਏ ਬਿਆਨ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਕਿਸਾਨਾਂ ਦੇ ਰੋਹ ਅੱਗੇ ਝੁਕਦੀ ਹੋਈ ਵਿਖਾਈ ਦੇ ਰਹੀ ਹੈ। 

ਦੂਜੇ ਪਾਸੇ ਕਿਸਾਨਾਂ ਨੇ ਇਹ ਐਲਾਨ ਕਰ ਦਿੱਤਾ ਹੋਇਆ ਹੈ ਕਿ ਜੇਕਰ ਮੋਦੀ ਸਰਕਾਰ ਨੇ ਕਿਸਾਨਾਂ ਦੀ ਗੱਲ ਨਾ ਮੰਨੀ ਤਾਂ, ਅੰਦੋਲਨ ਨੂੰ ਹੋਰ ਤਿੱਖਾ ਕਰ ਦਿੱਤਾ ਜਾਵੇਗਾ। ਕਿਸਾਨਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿੰਨਾ ਲੰਮਾ ਵੀ ਉਨ੍ਹਾਂ ਨੂੰ ਅੰਦੋਲਨ ਲਿਜਾਣਾ ਪਿਆ, ਉਹ ਲੈ ਜਾਣ, ਪਰ ਖੇਤੀ ਕਾਨੂੰਨਾਂ ਨੂੰ ਉਹ ਰੱਦ ਕਰਵਾ ਕੇ ਹੀ ਘਰਾਂ ਨੂੰ ਵਾਪਸ ਮੁੜਣਗੇ। ਵੇਖਿਆ ਜਾਵੇ ਤਾਂ, ਭਾਵੇਂ ਹੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਲਈ ਤਿਆਰ ਹੋ ਚੁੱਕੇ ਹਨ। 

ਪਰ ਕਿਸਾਨਾਂ ਨੇ ਕਿਹਾ ਕਿ ਉਹ ਸਰਕਾਰ ਨਾਲ ਮੀਟਿੰਗ ਕਰਨ ਲਈ ਤਾਂ ਹਰ ਵਾਰ ਦੀ ਤਰ੍ਹਾਂ ਹੁਣ ਵੀ ਤਿਆਰ ਹਨ, ਪਰ ਉਨ੍ਹਾਂ ਦੀ ਮੰਗ ਇਹੋ ਹੈ ਕਿ ਖੇਤੀ ਕਾਨੂੰਨ ਰੱਦ ਹੋਣ। ਕਿਸਾਨਾਂ ਨੂੰ ਖੇਤੀ ਮੰਤਰੀ ਨੇ ਪਿਛਲੇ ਦਿਨੀਂ ਇਹ ਵੀ ਕਿਹਾ ਸੀ ਕਿ ਉਹ ਖੇਤੀ ਕਾਨੂੰਨਾਂ 'ਤੇ ਨੁਕਤਾ ਦਰ ਨੁਕਤ ਗੱਲ ਕਰਨ ਲਈ ਤਿਆਰ ਹਨ। ਕਿਸਾਨਾਂ ਨੇ ਨੁਕਤਾ ਦਰ ਨੁਕਤ ਗੱਲ ਕਰਨ ਦੇ ਨਾਲ ਨਾਲ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਉਨ੍ਹਾਂ ਨਾਲ ਗੱਲਾਂ ਚਾਹੇ ਜਿੰਨੀਆਂ ਮਰਜ਼ੀ ਕਰ ਲਓ, ਪਰ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ।