ਸਰਕਾਰ ਦੁਆਰਾ ਅਵਾਮ ਨਾਲ ਕੀਤੇ ਵਾਅਦੇ ਅਤੇ ਖ਼ਬਰਾਂ ਦਾ ਕੱਚ ਸੱਚ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 20 2021 14:51
Reading time: 1 min, 58 secs

ਇਸ ਵੇਲੇ ਅਜਿਹੀਆਂ ਵੀਡੀਓਜ਼ ਅਤੇ ਖ਼ਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਭਾਰਤ ਸੱਚ ਮੁੱਚ ਤਰੱਕੀ ਦੇ ਰਾਹ ਵੱਲ ਵੱਧ ਰਿਹਾ ਹੈ। ਖ਼ਬਰਾਂ ਦੇ ਵਿੱਚ ਵਿਖਾਇਆ ਜਾਣ ਵਾਲਾ ਸੱਚ ਕਿੰਨਾ ਕੁ ਸੱਚ ਹੁੰਦਾ ਹੈ, ਉਹ ਤਾਂ ਅਸੀਂ ਸਭ ਜਾਣਦੇ ਹੀ ਹਾਂ, ਪਰ ਵਾਇਰਲ ਹੋ ਰਹੀਆਂ ਖ਼ਬਰਾਂ ਵਿੱਚ ਜਿਸ ਪ੍ਰਕਾਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਕੰਮ ਗਿਣਾਏ ਜਾ ਰਹੇ ਹਨ, ਉਹਨੂੰ ਵੇਖ ਕੇ ਏਦਾਂ ਲੱਗਦਾ ਹੈ, ਜਿਵੇਂ ਅਸੀਂ ਸਚਮੁੱਚ ਕਾਇਨਾਤ ਵਿੱਚ ਪਹੁੰਚ ਗਏ ਹੋਈਏ ਅਤੇ ਧਰਤੀ 'ਤੇ ਕੋਈ ਵੀ ਕਾਰਜ ਅਧੂਰਾ ਨਾ ਰਹਿ ਗਿਆ ਹੋਵੇ। 

ਖ਼ੈਰ, ਇਹ ਸਭ ਕੁੱਝ ਤਾਂ ਅਸੀਂ ਜਾਣਦੇ ਹੀ ਹੀ ਹਾਂ ਕਿ ਭਾਰਤ ਵਿੱਚ ਕਿੰਨਾ ਕੁ ਵਿਕਾਸ ਹੋਇਆ ਹੈ। ਪਰ ਭਾਜਪਾ ਆਈ ਟੀ ਸੈੱਲ ਦੁਆਰਾ ਵੀਡੀਓਜ਼ ਜਾਂ ਫਿਰ ਖ਼ਬਰਾਂ ਅਜਿਹੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਸੱਚ ਮੁੱਚ ਅੱਖੀਂ ਘੱਟਾ ਪੈਣ ਵਾਲਾ ਕੰਮ ਹੁੰਦੈ। ਆਲੋਚਕਾਂ ਦੀ ਮੰਨੀਏ ਤਾਂ, ਖ਼ਬਰਾਂ ਜਾਂ ਫਿਰ ਵੀਡੀਓਜ਼ ਐਡਿਟ ਕਰਕੇ ਚਲਾਉਣ ਤੋਂ ਬਾਅਦ, ਜਦੋਂ ਨਿਊਜ਼ ਏਜੰਸੀਆਂ ਵੀ ਇਹ ਫੇਕ ਨਿਊਜ਼ ਉੱਪਰ ਨਿਗਾਹ ਮਾਰਦੀਆਂ ਹਨ ਤਾਂ, ਖ਼ਬਰਾਂ ਵੇਖਣ ਵਾਲੀ ਭਾਰਤੀ ਅਵਾਮ ਦਾ ਧਿਆਨ ਭਟਕ ਜਾਂਦੈ। 

ਲੋਕਾਂ ਨੂੰ ਸਮਝ ਨਹੀਂ ਲੱਗਦੀ ਕਿ, ਕਿਸ ਨੂੰ ਸੱਚ ਮੰਨਿਆ ਜਾਵੇ ਅਤੇ ਕਿਸ ਨੂੰ ਝੂਠ? ਮੋਦੀ ਸਰਕਾਰ ਨੇ 2014 ਦੀਆਂ ਚੋਣਾਂ ਵੇਲੇ 2 ਕਰੋੜ ਪ੍ਰਤੀ ਸਾਲ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਜਿਨ੍ਹਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਸਮੇਂ ਸਿਰ ਸਰਕਾਰ ਨਾ ਦੇ ਸਕੀ, ਉਨ੍ਹਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। 

ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਇਹ ਵੀ ਵਾਅਦਾ ਭਾਰਤ ਦੀ ਅਵਾਮ ਦੇ ਨਾਲ ਕੀਤਾ ਸੀ ਕਿ ਵਿਦੇਸ਼ਾਂ ਦੇ ਅੰਦਰ ਪਿਆ ਕਾਲਾ ਧਨ ਭਾਰਤ ਦੇਸ਼ ਦੇ ਅੰਦਰ ਲਿਆ ਕੇ, ਮੁਲਕ ਦੀ ਸਾਰੀ ਅਵਾਮ ਦੇ ਖ਼ਾਤਿਆਂ ਵਿੱਚ 15-15 ਲੱਖ ਰੁਪਏ ਪਾਇਆ ਜਾਵੇਗਾ। ਇਹ ਸਭ ਵਾਅਦੇ ਤਾਂ ਮੋਦੀ ਸਰਕਾਰ 2014 ਤੋਂ 2019 ਦੇ ਸਮੇਂ ਦੌਰਾਨ ਪੂਰੇ ਨਹੀਂ ਕਰ ਸਕੀ, ਪਰ ਇਸੇ 5 ਸਾਲਾਂ ਦੇ ਦੌਰਾਨ ਸਰਕਾਰ ਨੇ ਨੋਟਬੰਦੀ, ਜੀਐਸਟੀ ਜਿਹੇ ਲੋਕ ਮਾਰੂ ਫ਼ੈਸਲੇ ਜ਼ਰੂਰ ਲਏ, ਜਿਨ੍ਹਾਂ ਦਾ ਭਾਰਤੀ ਅਵਾਮ ਨੂੰ ਨੁਕਸਾਨ ਹੀ ਹੋਇਆ। 

ਹੁਣ ਸਵਾਲ ਇਹ ਹਨ, ਕਿ ਜਦੋਂ ਸਰਕਾਰ ਨੇ ਸਮੂਹ ਫ਼ੈਸਲੇ ਹੀ ਲੋਕ ਮਾਰੂ ਲਏ ਤਾਂ, ਫਿਰ ਵੀ ਸਰਕਾਰ 2019 ਦੀਆਂ ਚੋਣਾਂ ਦੇ ਵਿੱਚ ਦੁਬਾਰਾ ਸੱਤਾ ਦੇ ਵਿੱਚ ਕਿਵੇਂ ਆ ਗਈ? ਸਰਕਾਰ ਨੇ ਆਖ਼ਰ ਕਿਹੜੀ ਗਿੱਦੜ-ਸੰਙੀ ਭਾਰਤੀ ਅਵਾਮ ਨੂੰ ਸੁੰਘਾਈ ਕਿ, ਭਾਰਤੀ ਅਵਾਮ ਫਿਰ ਤੋਂ ਪਾਗਲਾਂ ਵਾਂਗ ਮੋਦੀ ਦੇ ਪਿੱਛੇ ਲੱਗ ਗਈ? ਅਜਿਹੇ ਅਨੇਕਾਂ ਸਵਾਲ ਹਰ ਭਾਰਤੀ ਦੇ ਮਨ ਵਿੱਚ ਹੋਣਗੇ, ਪਰ ਇਹਦਾ ਜਵਾਬ ਇੱਕੋ ਹੀ ਹੈ ਕਿ ਝੂਠਾ ਪ੍ਰਚਾਰ ਪ੍ਰਸਾਰ। ਸਾਡੀ ਜਨਤਾ ਨੂੰ ਜਿਹੋ ਜਿਹਾ ਵਿਖਾਇਆ ਜਾਂਦਾ ਹੈ, ਸਾਡੀ ਜਨਤਾ ਉਹਨੂੰ ਹੀ ਅਪਣਾ ਲੈਂਦੀ ਹੈ।