ਪਿਛਲੇ ਕਈ ਦਿਨਾਂ ਤੋਂ ਟੀਵੀ ਚੈਨਲਾਂ ਅਤੇ ਵੈੱਬਸਾਈਟਾਂ ਜ਼ਰੀਏ ਅਸੀਂ ਇਹ ਖ਼ਬਰਾਂ ਵੇਖ ਰਹੇ ਹਾਂ ਕਿ ਮਿਆਂਮਾਰ ਵਿੱਚ ਇਸ ਵੇਲੇ ਅਵਾਮ ਸੜਕਾਂ 'ਤੇ ਆ ਗਈ ਹੈ। ਆਖ਼ਰ ਮਿਆਂਮਾਰ ਵਿੱਚ ਅਵਾਮ ਨੂੰ ਸੜਕਾਂ 'ਤੇ ਆਉਣ ਦੀ ਲੋੜ ਪਈ ਕਿਉਂ? ਕੀ ਮਿਆਂਮਾਰ ਵਿੱਚ ਵੀ ਤਾਨਾਸ਼ਾਹਾਂ ਦਾ ਰਾਜ ਹੈ? ਕੀ ਮਿਆਂਮਾਰ ਵਿੱਚ ਵੀ ਅਜਿਹੇ ਸਿਆਸਤਦਾਨ ਬੈਠੇ ਹਨ, ਜਿਹੜੇ ਮੁਲਕ ਨੂੰ ਬਰਬਾਦ ਕਰਨਾ ਚਾਹੁੰਦੇ ਹਨ? ਕੀ ਮਿਆਂਮਾਰ ਦੀ ਅਵਾਮ ਦੇ ਖ਼ਿਲਾਫ਼ ਕੋਈ ਵੱਡਾ ਛੜਯੰਤਰ ਤਾਂ ਨਹੀਂ ਕੋਈ ਬਾਹਰੀ ਤਾਕਤ ਰਚ ਰਹੀ?
ਅਜਿਹੇ ਅਨੇਕਾਂ ਸਾਰੇ ਸਵਾਲ ਹਨ। ਪਰ ਇਨ੍ਹਾਂ ਸਵਾਲਾਂ ਦਾ ਜਵਾਬ ਹੁਣ ਤੱਕ ਜੋ ਨਿਕਲ ਕੇ ਆਇਆ ਹੈ, ਉਹ ਇਹ ਹੀ ਹੈ ਕਿ ਮਿਆਂਮਾਰ ਵਿੱਚ ਸੈਨਿਕ ਤਖ਼ਤਾ ਪਲਟਣ ਦੇ ਖ਼ਿਲਾਫ਼ ਅਵਾਮ ਸੜਕਾਂ 'ਤੇ ਉੱਤਰੀ ਹੋਈ ਹੈ। ਕੁੱਝ ਕੁ ਕਾਨੂੰਨ ਦੇ ਵਿੱਚ ਸੋਧਾਂ ਅਜਿਹੀਆਂ ਮਿਆਂਮਾਰ ਵਿੱਚ ਕੀਤੀਆਂ ਗਈਆਂ ਹਨ, ਜੋ ਕਿ ਅਵਾਮ ਨੂੰ ਨਾ-ਮਨਜ਼ੂਰ ਹਨ ਅਤੇ ਕੁੱਝ ਵੀ ਸਰਕਾਰ ਦੀਆਂ ਨੀਤੀਆਂ ਏਨੀਆਂ ਭੈੜੀਆਂ ਹਨ, ਜੋ ਅਵਾਮ ਨੂੰ ਗ਼ੁਲਾਮ ਬਣਾ ਕੇ ਰੱਖਣ ਅਤੇ ਉਨ੍ਹਾਂ ਦੀ ਆਜ਼ਾਦੀ 'ਤੇ ਸਿੱਧਾ ਡਾਕਾ ਮਾਰਨ ਦਾ ਕੰਮ ਕਰਦੀਆਂ ਹਨ।
ਇੱਕ ਖ਼ਬਰ ਦੇ ਮੁਤਾਬਿਕ, ਸੈਨਿਕ ਤਖਤਾ ਪਲਟਣ ਦੇ ਵਿਰੁੱਧ ਲਗਾਤਾਰ ਮਿਆਂਮਾਰ ਵਿੱਚ ਲੋਕ ਸੜਕਾਂ 'ਤੇ ਉੱਤਰ ਚੁੱਕੇ ਹਨ ਅਤੇ ਆਪਣੇ ਹੱਕਾਂ ਦੀ ਗੱਲ ਕਰ ਰਹੇ ਹਨ। ਜਾਣਕਾਰੀ ਇਹ ਹੈ ਕਿ ਹਾਕਮ ਫ਼ੌਜ ਨੇ ਪ੍ਰਦਰਸ਼ਨਕਾਰੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਵਾਸਤੇ ਨਾਗਰਿਕਾਂ ਦੀ ਆਜ਼ਾਦੀ ਨਾਲ ਜੁੜੇ 3 ਬੁਨਿਆਦੀ ਕਾਨੂੰਨਾਂ ਨੂੰ ਫਿਲਹਾਲ ਸਸਪੈਂਡ ਕਰ ਦਿੱਤਾ ਗਿਆ ਹੈ। ਹਾਕਮ ਫ਼ੌਜ ਦੇ ਵੱਲੋਂ ਜਿਸ ਪ੍ਰਕਾਰ ਪ੍ਰਦਰਸਨਕਾਰੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਉਹਦੇ ਤੋਂ ਇੱਕ ਗੱਲ ਸਾਫ਼ ਹੈ ਕਿ ਉੱਥੇ ਵੀ ਤਾਨਾਸ਼ਾਹੀ ਰਾਜ ਆਉਂਦਾ ਨਜ਼ਰੀ ਆ ਰਿਹਾ ਹੈ।
ਲੰਘੇ ਦਿਨੀਂ ਮਿਆਂਮਾਰ ਦੇ ਇੱਕ ਵੱਡੇ ਸ਼ਹਿਰ ਯਾਂਗਨ ਵਿੱਚ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਏਨਾ ਅਨੋਖਾ ਸੀ, ਕਿ ਜਿਸ ਦੀ ਚਰਚਾ ਅਨੇਕਾਂ ਦੇਸ਼ਾਂ ਦੇ ਮੀਡੀਆ ਅਦਾਰਿਆਂ ਨੇ ਕੀਤੀ। ਪ੍ਰਦਰਸ਼ਨ ਦੇ ਵਿੱਚ ਵਿਦਿਆਰਥੀਆਂ ਦੁਆਰਾ ਚਿੱਟੇ ਕੱਪੜੇ ਪਾਏ ਹੋਏ ਸਨ ਅਤੇ ਉਹ ਸਮੇਂ ਦੇ ਤਾਨਾਸ਼ਾਹ ਹੁਕਮਰਾਨਾਂ ਖ਼ਿਲਾਫ਼ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਸਨ। ਦੱਸ ਦਈਏ ਕਿ ਸ਼ਿਕਾਗੋ ਦੇ ਵਿੱਚ ਵੀ ਜਦੋਂ ਮਜ਼ਦੂਰ ਆਪਣੇ ਹੱਕਾਂ ਲਈ ਉੱਤਰੇ ਸਨ ਤਾਂ, ਉਨ੍ਹਾਂ ਨੇ ਚਿੱਟੇ ਕੱਪੜੇ ਪਾ ਕੇ ਪ੍ਰਦਰਸ਼ਨ ਕਰ ਰਹੇ ਸਨ।
ਮਜ਼ਦੂਰਾਂ 'ਤੇ ਤਾਨਾਸ਼ਾਹ ਹੁਕਮਰਾਨ ਨੇ ਹਮਲਾ ਕਰਵਾ ਦਿੱਤਾ ਸੀ, ਜਿਸ ਵਿੱਚ ਅਨੇਕਾਂ ਮਜ਼ਦੂਰ ਮਾਰੇ ਗਏ ਸਨ। ਚਿੱਟੇ ਕੱਪੜੇ ਅਤੇ ਚਿੱਟੇ ਝੰਡੇ ਫੜ੍ਹ ਕੇ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਦੇ ਸਾਰੇ ਚਿੱਟੇ ਝੰਡੇ ਅਤੇ ਕੱਪੜੇ ਖ਼ੂਨ ਦੇ ਨਾਲ ਲਾਲ ਹੋ ਗਏ ਸਨ। ਜਿਸ ਪ੍ਰਕਾਰ ਸ਼ਿਕਾਗੋ ਦੇ ਵਿੱਚ ਮਜ਼ਦੂਰਾਂ ਦੇ ਕਤਲ ਕੀਤਾ ਸੀ, ਬਿਲਕੁਲ ਉਸੇ ਪ੍ਰਕਾਰ ਹੀ ਲੱਗ ਰਿਹਾ ਹੈ ਕਿ ਮਿਆਂਮਾਰ ਵਿੱਚ ਵੀ ਹਾਕਮ ਫ਼ੌਜ ਪ੍ਰਦਰਸ਼ਨਕਾਰੀਆਂ ਦੇ ਕਤਲ ਕਰਨ 'ਤੇ ਜ਼ੋਰ ਦੇ ਰਹੀ ਹੈ।