ਆਜ਼ਾਦ ਭਾਰਤ ਵਿੱਚ ਗ਼ੁਲਾਮ ਕਸ਼ਮੀਰ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 20 2021 14:45
Reading time: 1 min, 38 secs

ਬੇਸ਼ੱਕ ਭਾਰਤ ਆਜ਼ਾਦ ਹੋਇਆ ਨੂੰ ਕੋਈ 75 ਸਾਲ ਹੋ ਚੁੱਕੇ ਹਨ, ਪਰ ਇਨ੍ਹਾਂ 75 ਸਾਲਾਂ ਦੇ ਵਿੱਚ ਹਾਲੇ ਵੀ ਦੇਸ਼ ਦੇ ਬਹੁਤ ਸਾਰੇ ਅਜਿਹੇ ਹਿੱਸੇ ਹਨ, ਜਿਹੜੇ ਹੁਣ ਵੀ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਦੇ ਵਿੱਚ ਜਕੜੇ ਪਏ ਹਨ। ਇਨ੍ਹਾਂ ਗ਼ੁਲਾਮੀ ਦੀਆਂ ਜ਼ੰਜ਼ੀਰਾਂ ਦੇ ਵਿੱਚ ਜਕੜੇ ਪਏ ਸੂਬਿਆਂ ਦੇ ਵਿੱਚ ਸਭ ਤੋਂ ਪਹਿਲਾਂ ਨਾਂਅ ਜੰਮੂ ਕਸ਼ਮੀਰ ਦਾ ਹੀ ਆਉਂਦਾ ਹੈ। ਜੰਮੂ ਕਸ਼ਮੀਰ ਆਜ਼ਾਦੀ ਵੇਲੇ ਤੋਂ ਬੇਸ਼ੱਕ ਗ਼ੁਲਾਮੀ ਦੇ ਵਿੱਚ ਸਮਾਂ ਲੰਘਾ ਰਿਹਾ ਹੈ, ਪਰ ਉੱਥੋਂ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਸਾਨੂੰ ਗ਼ੁਲਾਮ ਬਣਾ ਕੇ ਹਾਕਮ ਰੱਖ ਨਹੀਂ ਸਕਦੇ। 

ਇਨਕਲਾਬੀ ਅਤੇ ਜੂਝਾਰੂ ਕਸ਼ਮੀਰ ਲੋਕ, ਹਾਲੇ ਵੀ ਆਪਣੇ ਹੱਕਾਂ ਦੇ ਲਈ ਸੜਕਾਂ 'ਤੇ ਉਤਰ ਰਹੇ ਹਨ। ਵੈਸੇ, ਹੁਣ ਤੱਕ ਜਿੰਨੀਆਂ ਵੀ ਸਰਕਾਰ ਨੇ ਦੇਸ਼ ਦੀ ਸੱਤਾ 'ਤੇ ਰਾਜ ਕੀਤਾ ਹੈ, ਹਰ ਸਰਕਾਰ ਨੇ ਹੀ ਕਸ਼ਮੀਰ ਨੂੰ ਗ਼ੁਲਾਮ ਬਣਾ ਕੇ ਹੀ ਰੱਖਿਆ ਹੈ। ਭਾਜਪਾ ਹਕੂਮਤ ਨੇ ਜੋ ਕੁੱਝ ਲੰਘੇ ਸਾਲ 2019 ਦੇ ਦੌਰਾਨ ਕਸ਼ਮੀਰ ਦੇ ਨਾਲ ਕੀਤਾ, ਉਹ ਅਸੀਂ ਸਭ ਜਾਣਦੇ ਹਾਂ। ਕਸ਼ਮੀਰ ਦੇ ਅੰਦਰ ਏਨੀਆਂ ਜ਼ਿਆਦਾ ਪਾਬੰਦੀਆਂ ਇਸ ਵੇਲੇ ਲੱਗੀਆਂ ਹੋਈਆਂ ਹਨ ਕਿ ਕੋਈ ਕਹਿ ਦੀ ਹੱਦ ਨਹੀਂ। 

ਲਗਾਤਾਰ ਕਸ਼ਮੀਰ ਦੇ ਅੰਦਰ ਬੇਕਸੂਰੇ ਮੁੰਡਿਆਂ ਨੂੰ ਮਾਰਿਆਂ ਜਾ ਰਿਹਾ ਹੈ। ਜੇ. ਕੇ. ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਲਗਾਇਆ ਕਿ ਲਗਾਤਾਰ ਕਸ਼ਮੀਰੀ ਨੇਤਾਵਾਂ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਕਸ਼ਮੀਰ ਦੇ ਲੋਕਾਂ ਨੂੰ ਸਰਕਾਰ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ, ਜੋ ਕਿ ਕਸ਼ਮੀਰੀਆਂ ਨੂੰ ਨਾ-ਮਨਜ਼ੂਰ ਹੈ। ਮਹਿਬੂਬਾ ਨੇ ਕਿਹਾ ਕਿ ਉਹ ਆਜ਼ਾਦ ਭਾਰਤ ਦੇ ਵਸਨੀਕ ਹਨ ਅਤੇ ਆਜ਼ਾਦ ਭਾਰਤ ਇਕੱਲੇ ਭਾਜਪਾਈਆਂ ਜਾਂ ਫਿਰ ਕਾਂਗਰਸੀਆਂ ਦਾ ਨਹੀਂ, ਬਲਕਿ ਸਾਡੇ ਭਾਰਤੀਆਂ ਦਾ ਹੈ। 

ਇਸੇ ਲਈ ਭਾਰਤੀਆਂ ਦੇ ਵਿੱਚ ਕਸ਼ਮੀਰੀ ਵੀ ਆਉਂਦੇ ਹਨ ਅਤੇ ਉਨ੍ਹਾਂ ਨੂੰ ਵੀ ਪੂਰਨ ਅਧਿਕਾਰ ਮਿਲਣੇ ਚਾਹੀਦੇ ਹਨ। ਮਹਿਬੂਬਾ ਨੇ ਕਿਹਾ ਕਿ, ਸਰਕਾਰ ਨੂੰ ਫ਼ਰਜੀ ਮੁਕਾਬਲੇ ਕਰਵਾ ਕੇ, ਕਸ਼ਮੀਰੀ ਮੁੰਡੇ ਨਹੀਂ ਮਾਰਨੇ ਚਾਹੀਦੇ, ਕਿਉਂਕਿ ਇਹ ਉਹੀ ਕਸ਼ਮੀਰੀ ਮੁੰਡੇ ਹਨ, ਜਿਹੜੇ ਹਮੇਸ਼ਾ ਭਾਰਤ ਦੀ ਰੱਖਿਆ ਲਈ ਮੂਹਰੇ ਆਉਂਦੇ ਰਹੇ ਹਨ ਅਤੇ ਸਮੇਂ ਦੀ ਹਕੂਮਤ ਉਨ੍ਹਾਂ ਨੂੰ ਅੱਤਵਾਦੀ ਕਹਿ ਕੇ ਮਾਰ ਮੁਕਾ ਦਿੰਦੀ ਰਹੀ ਹੈ। ਮਹਿਬੂਬਾ ਮੁਫ਼ਤੀ ਨੇ ਇਹ ਵੀ ਕਿਹਾ ਕਿ, ਆਜ਼ਾਦ ਭਾਰਤ ਵਿੱਚ ਗ਼ੁਲਾਮ ਸਿਰਫ਼ ਕਸ਼ਮੀਰ ਹੀ ਹੈ, ਜਿੱਥੇ ਸਭ ਤੋਂ ਵੱਧ ਜ਼ੁਲਮ ਹੁਕਮਰਾਨ ਕਰ ਰਹੇ ਹਨ।