ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੀ ਦਿਸ਼ਾ ਰਵੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 19 2021 14:14
Reading time: 2 mins, 2 secs

ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਨੂੰ ਪਿਛਲੇ ਦਿਨੀਂ ਦਿੱਲੀ ਪੁਲਿਸ ਦੇ ਸਾਈਬਰ ਸੈੱਨ ਦੁਆਰਾ ਬੈਂਗਲੌਰ ਤੋਂ ਗ੍ਰਿਫਤਾਰ ਕੀਤਾ ਗਿਆ। ਦਿਸ਼ਾ ਰਵੀ 21 ਸਾਲਾ ਦੀ ਕੁੜੀ ਹੈ ਅਤੇ ਉਹ ਵਾਤਾਵਰਨ ਦੇ ਹੋ ਕੇ ਬੇਤਹਾਸ਼ਾ ਨੁਕਸਾਨ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਹੈ। 18 ਸਾਲਾ ਗ੍ਰੇਟਾ ਥਨਬਰਗ ਜੋ ਕਿ ਇੱਕ ਵਾਤਾਵਰਨ ਕਾਰਕੁੰਨ ਹੈ, ਉਹਦੀ ਮੁਹਿੰਮ ਦੇ ਨਾਲ ਜੁੜ ਕੇ ਦਿਸ਼ਾ ਰਵੀ ਕਾਰਜ ਕਰ ਰਹੀ ਹੈ। ਭਾਰਤ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ 'ਤੇ ਦਿਸ਼ਾ ਰਵੀ ਵਾਤਾਵਰਨ ਪ੍ਰਤੀ ਜਾਗਰੂਕਤਾ ਸੈਮੀਨਾਰ ਕਰ ਚੁੱਕੀ ਹੈ, ਪਰ ਫਿਲਹਾਲ ਇੰਨੀਂ ਦਿਨੀਂ ਉਹ ਜੇਲ੍ਹ ਅੰਦਰ ਬੰਦ ਹੈ। 

ਦਿਸ਼ਾ ਰਵੀ ਦਾ ਏਨਾ ਵੱਡਾ ਦੋਸ਼ ਨਹੀਂ ਹੈ, ਜਿੰਨੀਂ ਵੱਡੀ ਉਹਨੂੰ ਸਜ਼ਾ ਮਿਲ ਰਹੀ ਹੈ। ਕਿਸਾਨਾਂ ਦੀ ਹਮਾਇਤ ਕਰਨ ਵਾਲੀ 21 ਵਰ੍ਹਿਆਂ ਦੀ ਦਿਸ਼ਾ ਰਵੀ 'ਤੇ ਹਿੰਸਾ ਨੂੰ ਭੜਕਾਉਣ ਅਤੇ ਦੰਗੇ ਕਰਵਾਉਣ ਦਾ ਦੋਸ਼ ਹੈ, ਜਦੋਂਕਿ ਦਿਸ਼ਾ ਰਵੀ ਦੀ ਸਾਰੀ ਪ੍ਰੋਫ਼ਾਈਲ ਵੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹਨੇ ਕਿਤੇ ਵੀ ਕੋਈ ਹਿੰਸਾ ਭੜਕਾਉਣ ਜਾਂ ਫਿਰ ਦੰਗੇ ਕਰਵਾਉਣ ਦੀ ਗੱਲਬਾਤ ਕੀਤੀ ਹੀ ਨਹੀਂ। ਫਿਰ ਆਖ਼ਰ ਪੁਲਿਸ ਕਿਉਂ ਦਿਸ਼ਾ ਰਵੀ ਨੂੰ ਜੇਲ੍ਹ ਦੇ ਅੰਦਰ ਬੰਦ ਕਰਕੇ ਬੈਠੀ ਹੈ? ਕੀ ਭਾਰਤ ਦਾ ਕਾਨੂੰਨ ਅੰਨ੍ਹਾ ਹੈ, ਉਹਨੂੰ ਨਹੀਂ ਪਤਾ ਕਿ, ਦਿਸ਼ਾ ਕੀ ਹੈ? 

ਖ਼ੈਰ, ਗੋਦੀ ਮੀਡੀਆ ਇਸ ਵੇਲੇ ਦਿਸ਼ਾ ਰਵੀ ਦੀ ਉਹ ਦਸ਼ਾ ਵਿਖਾ ਰਿਹਾ ਹੈ, ਜੋ ਕਿ ਦਿਸ਼ਾ ਹੈ ਨਹੀਂ। ਦਿਸ਼ਾ ਰਵੀ ਨੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਕਰਕੇ, ਜਿੱਥੇ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ, ਉੱਥੇ ਹੀ ਕੁੱਝ ਹੀ ਸਮੇਂ ਵਿੱਚ ਉਸ ਨੇ ਵਿਦੇਸ਼ਾਂ ਵਿੱਚ ਵੀ ਆਪਣੀ ਪਛਾਣ ਬਣਾਈ ਹੈ। ਦਿਸ਼ਾ ਰਵੀ ਨੂੰ ਇਸ ਪ੍ਰਕਾਰ ਗੋਦੀ ਮੀਡੀਆ ਟੂਲਕਿੱਟ, ਟੂਲਕਿੱਟ ਕਹਿ ਕੇ ਖ਼ਬਰਾਂ ਚਲਾ ਰਿਹਾ ਹੈ, ਜਿਵੇਂ ਦਿਸ਼ਾ ਰਵੀ ਦੀ ਟੂਲਕਿੱਟ ਨਾ ਹੋਵੇ, ਬਲਕਿ ਬੰਬ ਬਲਾਸਟ ਦਾ ਕੋਈ ਸਮਾਨ ਹੀ ਹੋਵੇ। 

ਖ਼ਬਰਾਂ ਦੀ ਮੰਨੀਏ ਤਾਂ, ਪੁਲਿਸ ਨੇ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ ਨਾਲ ਸਬੰਧਿਤ 'ਟੂਲਕਿੱਟ' ਦਸਤਾਵੇਜ਼ ਨੂੰ ਦਿਸ਼ਾ ਨੇ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਤੇ ਪੁਣੇ ਦੀ ਇੰਜੀਨੀਅਰ ਸ਼ਾਂਤਨੂੰ ਨਾਲ ਮਿਲ ਕੇ ਤਿਆਰ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਦਿਸ਼ਾ ਨੇ 'ਟੂਲਕਿੱਟ' ਨੂੰ ਟੈਲੀਗ੍ਰਾਮ ਐਪ ਜ਼ਰੀਏ ਗ੍ਰੇਟਾ ਥਨਬਰਗ ਨੂੰ ਭੇਜਿਆ ਸੀ। ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ (ਕ੍ਰਾਈਮ) ਪ੍ਰੇਮ ਨਾਥ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ 'ਟੂਲਕਿੱਟ' ਨੂੰ ਫ਼ੈਲਾਉਣ ਲਈ ਬਣਾਇਆ ਵੱਟਸਐਪ ਗਰੁੱਪ ਦਿਸ਼ਾ ਨੇ ਹੀ ਡਿਲੀਟ ਕਰ ਦਿੱਤਾ ਸੀ। 

ਦਿਸ਼ਾ ਦੇ ਟੈਲੀਗ੍ਰਾਮ ਅਕਾਊਂਟ ਤੋਂ ਪਤਾ ਲੱਗਦਾ ਹੈ ਕਿ 'ਟੂਲਕਿੱਟ' ਨਾਲ ਸਬੰਧਿਤ ਕਈ ਲਿੰਕ ਹਟਾਏ ਗਏ ਸਨ। 'ਟੂਲਕਿੱਟ' ਵਿੱਚ ਟਵਿੱਟਰ ਜ਼ਰੀਏ ਕਿਸੇ ਮੁਹਿੰਮ ਨੂੰ ਫੈਲਾਉਣ ਨਾਲ ਸਬੰਧਿਤ ਦਿਸ਼ਾ ਨਿਰਦੇਸ਼ ਅਤੇ ਸਮੱਗਰੀ ਹੁੰਦੀ ਹੈ। ਪੁਲਿਸ ਨੇ ਦੋਸ਼ ਲਗਾਇਆ ਕਿ 'ਟੂਲਕਿੱਟ' ਦਾ ਮੁੱਖ ਮਕਸਦ ਭਾਰਤ ਦੇ ਅਕਸ ਨੂੰ ਖ਼ਰਾਬ ਕਰਨਾ ਸੀ। ਖ਼ਬਰਾਂ ਅਤੇ ਪੁਲਿਸ ਦੁਆਰਾ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਤੋਂ ਪਤਾ ਲੱਗਦਾ ਹੈ ਕਿ, ਦਿਸ਼ਾ ਮੁਲਜ਼ਮ ਨਹੀਂ, ਬਲਕਿ ਉਸ ਨੂੰ ਮੁਲਜ਼ਮ ਬਣਾਇਆ ਜਾ ਰਿਹਾ ਹੈ।