ਕਿਸਾਨਾਂ ਦੀ ਲਹਿੰਦੇ ਪੰਜਾਬ 'ਚ ਟਰੈਕਟਰ ਰੈਲੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 19 2021 14:10
Reading time: 1 min, 41 secs

ਇਕੱਲੇ ਭਾਰਤ ਦਾ ਕਿਸਾਨ ਹੀ ਨਹੀਂ, ਬਲਕਿ ਦੁਨੀਆ ਦੇ ਬਹੁਤ ਸਾਰੇ ਐਸੇ ਦੇਸ਼ ਹਨ, ਜਿੱਥੋਂ ਦੀਆਂ ਸਰਕਾਰਾਂ ਉੱਥੋਂ ਦੇ ਕਿਸਾਨਾਂ ਨੂੰ, ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਰਹੀਆਂ। ਕਿਸਾਨ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਤੋਂ ਤੰਗ ਆ ਕੇ ਜਦੋਂ ਸੜਕਾਂ 'ਤੇ ਨਿਕਲਦਾ ਹੈ ਤਾਂ, ਸਰਕਾਰ ਆਪਣੀ ਫ਼ੌਜ ਜਾਂ ਫਿਰ ਪੁਲਿਸ ਨੂੰ ਬੁਲਾ ਲੈਂਦੀ ਹੈ ਅਤੇ ਹੱਕ ਮੰਗਦੇ ਕਿਸਾਨਾਂ 'ਤੇ ਪਰਚੇ ਦਰਜ ਕਰਵਾ ਕੇ, ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਬੰਦ ਕਰਵਾ ਦਿੰਦੀ ਹੈ। ਅਜਿਹਾ ਕੋਈ ਅੱਜ ਤੋਂ ਨਹੀਂ, ਬਲਕਿ ਪਿਛਲੇ ਕਈ ਸਾਲਾਂ ਤੋਂ ਦੁਨੀਆ ਭਰ ਦੇ ਕਿਸਾਨਾਂ ਦੇ ਨਾਲ ਹੁੰਦਾ ਆ ਰਿਹਾ ਹੈ। 

ਭਾਰਤ ਦੇ ਕਿਸਾਨ ਇਸ ਵੇਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਦੂਜੇ ਪਾਸੇ ਇਹ ਖ਼ਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਚਲੇ ਪੰਜਾਬ ਦੇ ਅੰਦਰ ਵੀ ਕਿਸਾਨ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਜ਼ਿਆਦਾ ਤੰਗ ਆ ਚੁੱਕੇ ਹਨ ਅਤੇ ਉਹ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ, ਪਾਕਿਸਤਾਨ ਵਿਚਲੇ ਪੰਜਾਬ ਵਿੱਚ 17 ਫਰਵਰੀ ਨੂੰ ਕਿਸਾਨਾਂ ਵੱਲੋਂ ਇੱਕ ਜ਼ਬਰਦਸਤ ਟਰੈਕਟਰ ਮਾਰਚ ਕੱਢਿਆ ਗਿਆ। 

ਇਹ ਟਰੈਕਟਰ ਮਾਰਚ ਕਿਸਾਨ ਇਤਹਾਦ ਪੰਜਾਬ (ਖਾਲਿਦ ਗੁਰੱਪ) ਵੱਲੋਂ ਕਿਸਾਨਾਂ ਦੀਆਂ ਜਾਇਜ ਮੰਗਾਂ ਦੇ ਹੱਕ ਵਿੱਚ ਅਤੇ ਇਮਰਾਨ ਖਾਨ ਸਰਕਾਰ ਦੇ ਵਿਰੋਧ ਵਿੱਚ ਕੱਢਿਆ ਗਿਆ। ਕਿਸਾਨਾਂ ਦੁਆਰਾ ਕੱਢੇ ਗਏ ਇਸ ਟਰੈਕਟਰ ਮਾਰਚ ਵਿੱਚ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੋਇਆ ਮੰਗ ਕੀਤੀ ਕਿ, ਇਮਰਾਨ ਖਾਨ ਸਰਕਾਰ ਆਪਣੀ ਤਾਨਾਸ਼ਾਹੀ ਛੱਡ ਕੇ, ਕਿਸਾਨਾਂ ਦੇ ਹੱਕ ਵਿੱਚ ਫ਼ੈਸਲੇ ਸੁਣਾਵੇ ਅਤੇ ਆਪਣੇ ਲੁਟੇਰੇ ਦੋਸਤਾਂ ਨੂੰ ਖੇਤੀ ਸੈਕਟਰ ਤੋਂ ਦੂਰ ਕਰੇ। ਪਾਕਿਸਤਾਨ ਵਿਚਲੇ ਕਿਸਾਨਾਂ ਦੀ ਇਹ ਟਰੈਕਟਰ ਰੈਲੀ ਨੇ ਹੁਕਮਰਾਨ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। 

ਲਹਿੰਦੇ ਪੰਜਾਬ ਤੋਂ ਉਰਦੂ ਵਿੱਚ ਛਪਦੇ ਅਖ਼ਬਾਰ ਵਿੱਚ ਛਪੀ ਇੱਕ ਖ਼ਬਰ ਦੇ ਮੁਤਾਬਿਕ, ਕਿਸਾਨ ਇਤਹਾਦ ਪੰਜਾਬ (ਖਾਲਿਦ ਗੁਰੱਪ) ਵੱਲੋਂ ਕਿਸਾਨਾਂ ਦੀਆਂ ਜਾਇਜ ਮੰਗਾਂ ਦੇ ਹੱਕ ਵਿੱਚ ਅਤੇ ਇਮਰਾਨ ਖਾਨ ਦੀ ਸਰਕਾਰ ਦੇ ਵਿਰੋਧ ਵਿੱਚ 17 ਫਰਵਰੀ ਨੂੰ ਪਾਕਿਸਤਾਨ ਦੇ ਸਹਿਰ ਪਾਕਪਤਨ ਵਿੱਚ ਸਾਮ 4.30 ਵਜੇ (ਪਾਕਿਸਤਾਨੀ ਸਮੇਂ ਮੁਤਾਬਿਕ) ਕਿਸਾਨ ਟਰੈਕਟਰ ਰੈਲੀ ਕੱਢੀ ਗਈ। ਰੈਲੀ ਦੌਰਾਨ ਕਿਸਾਨਾਂ ਨੇ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਤਾਨਾਸ਼ਾਹ ਦੱਸਿਆ, ਉੱਥੇ ਹੀ ਕਿਸਾਨਾਂ ਨੇ ਇਹ ਬੋਰਡ ਵੀ ਟਰੈਕਟਰ 'ਤੇ ਲਗਾਏ ਹੋਏ ਸਨ ਕਿ, ਇਮਰਾਨ ਲੁਟੇਰਾ ਹੈ।