ਗੋਦੀ ਮੀਡੀਆ ਨੂੰ ਝਟਕੇ ਦੇ ਗਿਆ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 19 2021 14:06
Reading time: 1 min, 37 secs

ਕਿਸਾਨਾਂ ਦੁਆਰਾ ਲੰਘੇ ਕੱਲ੍ਹ ਰੇਲ ਰੋਕੋ ਅੰਦੋਲਨ ਕੀਤਾ ਗਿਆ। ਇਸ ਰੇਲ ਰੋਕੋ ਅੰਦੋਲਨ ਦੌਰਾਨ ਕਿਸਾਨਾਂ ਨੇ 4 ਘੰਟੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਅਤੇ ਕਈ ਰੇਲਾਂ ਨੂੰ ਰਸਤੇ ਵਿੱਚ ਰੋਕਿਆ। ਕਿਸਾਨਾਂ ਦੁਆਰਾ ਕੀਤੇ ਗਏ ਇਸ ਰੇਲ ਰੋਕੋ ਅੰਦੋਲਨ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲਿਆ, ਉੱਥੇ ਹੀ ਕਿਸਾਨਾਂ ਦੁਆਰਾ ਕਿਸੇ ਵੀ ਯਾਤਰੀ ਨੂੰ ਪ੍ਰੇਸ਼ਾਨੀ ਨਾ ਆਵੇ, ਇਸ ਦੇ ਲਈ ਵੀ ਖ਼ਾਸ ਪ੍ਰਬੰਧ ਕੀਤੇ ਹੋਏ ਸਨ। ਰੇਲ ਯਾਤਰੀਆਂ ਨੂੰ ਕਿਸਾਨਾਂ ਦੁਆਰਾ ਭੋਜਨ ਛਕਾਇਆ ਗਿਆ ਅਤੇ ਸ਼ਾਮ ਕਰੀਬ 4 ਵਜੇ ਉਨ੍ਹਾਂ ਨੂੰ ਅੱਗੇ ਤੋਰਿਆ ਗਿਆ। 

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਸਫ਼ਲ ਰਿਹਾ, ਪਰ ਗੋਦੀ ਮੀਡੀਆ ਇਹ ਵਿਖਾਉਂਦਾ ਰਿਹਾ ਕਿ, ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਫ਼ੇਲ੍ਹ ਹੋ ਗਿਆ। ਕਿਸਾਨਾਂ ਨੇ ਬੇਸ਼ੱਕ ਕਿਸੇ ਨੂੰ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ, ਪਰ ਗੋਦੀ ਮੀਡੀਆ ਨੇ ਇਹ ਵਿਖਾਇਆ ਕਿ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੌਰਾਨ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋਈ। ਮੁੱਕਦੀ ਗੱਲ ਕਿ, ਗੋਦੀ ਮੀਡੀਆ ਦੁਆਰਾ ਜੋ ਵੀ ਖ਼ਬਰਾਂ ਵਿਖਾਈਆਂ ਗਈਆਂ, ਉਨ੍ਹਾਂ ਨੂੰ ਝਟਕਾ ਉਸ ਵੇਲੇ ਲੱਗਿਆ, ਜਦੋਂ ਸ਼ਾਮ ਸਮੇਂ ਕਿਸਾਨਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਰੇਲ ਰੋਕੋ ਅੰਦੋਲਨ ਨੂੰ ਸਫਲ ਦੱਸਿਆ। 

ਜਾਣਕਾਰੀ ਲਈ ਦੱਸ ਦਈਏ ਕਿ 26 ਫਰਵਰੀ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਲੱਗੇ ਮੋਰਚੇ ਨੂੰ 3 ਮਹੀਨੇ ਪੂਰੇ ਹੋਣ ਜਾ ਰਹੇ ਹਨ, ਜਿਸ ਦੇ ਚੱਲਦਿਆਂ ਹੋਇਆ ਦਿੱਲੀ ਦੀਆਂ ਸਰਹੱਦਾਂ ਤੋਂ ਇਲਾਵਾ ਮੁਲਕ ਵਿੱਚ ਵੱਡੇ ਪ੍ਰੋਗਰਾਮ ਕੀਤੇ ਜਾਣ ਨੂੰ ਲੈ ਕੇ ਕਿਸਾਨਾਂ ਦੁਆਰਾ ਰਣਨੀਤੀ ਤਿਆਰ ਕਰ ਲਈ ਗਈ ਹੈ ਅਤੇ ਇਸ ਸਬੰਧੀ ਪੰਜਾਬ ਦੀਆਂ ਕਰੀਬ ਬੱਤੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਹਿਮ ਮੀਟਿੰਗ ਭਲਕੇ 20 ਫਰਵਰੀ ਨੂੰ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਨਾਲ ਹੁਣ ਤੱਕ ਮੋਦੀ ਸਰਕਾਰ ਦੀਆਂ 11 ਮੀਟਿੰਗਾਂ ਹੋ ਚੁੱਕੀਆਂ ਹਨ। 

ਪਰ ਇਹ 11 ਮੀਟਿੰਗਾਂ ਜਿੱਥੇ ਬੇਸਿੱਟਾ ਰਹੀਆਂ ਹਨ, ਉੱਥੇ ਹੀ ਹੁਣ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੋਇਆ ਕਿ ਹੁਣ ਸਰਕਾਰ ਦੇ ਨਾਲ ਆਰ ਪਾਰ ਦੀ ਲੜ੍ਹਾਈ ਸ਼ੁਰੂ ਕੀਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ 'ਤੇ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਨਹੀਂ ਕਰ ਦਿੰਦੀ। ਕਿਸਾਨਾਂ ਨੇ ਦਾਅਵਾ ਕੀਤਾ ਕਿ, ਕੱਲ੍ਹ ਦਾ ਰੇਲ ਰੋਕੋ ਅੰਦੋਲਨ ਸਫਲ ਤਾਂ ਰਿਹਾ ਹੀ, ਨਾਲ ਹੀ ਕੇਂਦਰ ਸਰਕਾਰ ਦੀਆਂ ਅੰਦੋਲਨ ਨੇ ਜੜ੍ਹਾਂ ਵੀ ਹਿਲਾ ਕੇ ਰੱਖ ਦਿੱਤੀਆਂ ਹਨ।