ਪਹਿਲੋਂ ਜ਼ਹਿਰ ਵੇਚੀ, ਹੁਣ ਟੈਸਟ ਕਰਵਾਓ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 19 2021 14:05
Reading time: 1 min, 50 secs

ਭਾਰਤ ਦੇ ਅੰਦਰ ਏਨੀ ਸਾਰੀਆਂ ਵਸਤੂਆਂ ਮਿਲਾਵਟ ਭਰੀਆਂ ਵਿਕ ਰਹੀਆਂ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਦੇਸ਼ ਦੇ ਅੰਦਰ ਬੇਸ਼ੱਕ ਫ਼ੂਡ ਸੇਫਟੀ ਨੂੰ ਲੈ ਕੇ ਕਾਨੂੰਨ ਬਣਿਆ ਹੋਇਆ ਹੈ, ਪਰ ਕਾਨੂੰਨਾਂ ਨੂੰ ਚਲਾਉਣ ਵਾਲਿਆਂ ਨੇ ਕਾਨੂੰਨ ਹੀ ਛਿੱਕੇ ਟੰਗ ਦਿੱਤਾ ਹੋਇਆ ਹੈ।

ਲਗਾਤਾਰ ਫ਼ੂਡ ਸੇਫਟੀ ਦੇ ਨਾਂਅ 'ਤੇ ਧੰਦੇ ਤਾਂ ਹੋ ਹੀ ਰਹੇ ਹਨ, ਨਾਲ ਹੀ ਲੋਕਾਂ ਨੂੰ ਜ਼ਹਿਰ ਭਰਿਆ ਖਾਣਾ ਵੀ ਮਿਲ ਰਿਹਾ ਹੈ। ਮਿਠਿਆਈ ਦੀਆਂ ਦੁਕਾਨਾਂ ਤੋਂ ਲੈ ਕੇ, ਹੋਰਨਾਂ ਬੇਕਰੀ ਵਾਲੀਆਂ ਦੁਕਾਨਾਂ ਤੱਕ, ਹਰ ਜਗ੍ਹਾ ਮਿਲਾਵਟ ਹੀ ਮਿਲਾਵਟ ਨਜ਼ਰੀ ਆ ਰਹੀ ਹੈ। ਇਹ ਦਾਅਵਾ ਸਾਡਾ ਨਹੀਂ, ਬਲਕਿ ਉਨ੍ਹਾਂ ਫ਼ੂਡ ਸੇਫਟੀ ਅਧਿਕਾਰੀਆਂ ਦਾ ਹੀ ਹੈ, ਜਿਹੜੇ ਸਮੇਂ ਸਮੇਂ 'ਤੇ ਮੁਹਿੰਮਾਂ ਚਲਾ ਕੇ ਮਿਲਾਟਵਖੋਰਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਦਾਅਵਾ ਕਰਦੇ ਹਨ।

ਦਰਅਸਲ, ਲੰਘੇ ਕੱਲ੍ਹ ਡੈਜੀਗਨੇਟਿਡ ਅਫ਼ਸਰ ਵੱਲੋਂ ਮੋਬਾਇਲ ਫੂਡ ਟੈਸਟਿੰਗ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਦਾਅਵਾ ਕੀਤਾ ਗਿਆ ਕਿ, ਇਹ ਵੈਨ ਤੋਂ ਹੁਣ ਹਰ ਕੋਈ ਸ਼ਹਿਰੀ ਜਾਂ ਪਿੰਡ ਦਾ ਵਿਅਕਤੀ ਆਪਣੇ ਘਰ ਵਿੱਚ ਵਰਤੀ ਜਾਂਦੀ ਖਾਣ-ਪੀਣ ਵਾਲੀ ਵਸਤੂ ਦਾ ਮੌਕੇ 'ਤੇ ਟੈਸਟ ਕਰਵਾ ਕੇ ਰਿਪੋਰਟ ਪ੍ਰਾਪਤ ਕਰ ਸਕਦਾ ਹੈ। ਬੇਸ਼ੱਕ ਦਾਅਵੇ ਤਾਂ ਵੈਨ ਨੂੰ ਰਵਾਨਾ ਕਰਨ ਮੌਕੇ ਕਈ ਕੀਤੇ ਗਏ, ਪਰ ਇਨ੍ਹਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹ ਜਾਂਦੀ ਹੈ, ਜਦੋਂ ਦਾਅਵੇ ਕਰਨ ਵਾਲੇ ਖ਼ੁਦ ਹੀ ਮਿਲਾਵਟਖੋਰਾਂ ਦੇ ਨਾਲ ਮਿਲ ਕੇ ਧੰਦਾ ਚਲਾਉਣ ਲੱਗ ਜਾਂਦੇ ਹਨ।

ਕੁੱਝ ਆਲੋਚਕਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਫ਼ੂਡ ਸੇਫ਼ਟੀ ਅਫ਼ਸਰ ਹਰ ਛੇ ਮਹੀਨੇ ਬਾਅਦ ਹੀ ਕੋਈ ਨਾ ਕੋਈ ਮੁਹਿੰਮ ਮਿਲਾਵਟਖੋਰਾਂ ਦੇ ਵਿਰੁੱਧ ਚਲਾ ਦਿੰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਬਹੁਤ ਜਲਦ ਅਸੀਂ ਸ਼ਹਿਰ ਜਾਂ ਫਿਰ ਇਲਾਕੇ ਵਿੱਚੋਂ ਮਿਲਾਵਟਖੋਰ ਖ਼ਤਮ ਕਰ ਦੇਣੇ ਨੇ ਅਤੇ ਲੋਕਾਂ ਨੂੰ ਸਾਫ਼ ਸੁਥਰੀ ਮਠਿਆਈ ਦੇਣੀ ਹੈ। ਪਰ, ਇਹ ਦਾਅਵੇ ਉਨ੍ਹੇਂ ਦਿਨਾਂ ਤੱਕ ਹੀ ਠੀਕ ਠਾਕ ਰਹਿੰਦੇ ਹਨ, ਜਦੋਂ ਤੱਕ ਮੁਹਿੰਮ ਸ਼ੁਰੂ ਨਹੀਂ ਹੁੰਦੀ, ਜਦੋਂ ਮੁਹਿੰਮ ਸ਼ੁਰੂ ਹੁੰਦੀ ਹੈ ਤਾਂ ਪੈਸਾ ਜੇਬਾਂ ਵਿੱਚ ਅਤੇ ਕਿਹੜੀ ਮਿਲਾਵਟਖੋਰਾਂ ਦੇ ਵਿਰੁੱਧ ਕਾਰਵਾਈ?

ਆਲੋਚਕਾਂ ਦਾ ਦੋਸ਼ ਹੈ ਕਿ ਸਮੇਂ ਸਮੇਂ 'ਤੇ ਲਏ ਜਾਂਦੇ ਸਿਹਤ ਮਹਿਕਮੇ ਵੱਲੋਂ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਮਹਿਜ਼ ਡਰਾਮੇਬਾਜ਼ੀ ਵਾਸਤੇ ਹੁੰਦੇ ਹਨ। ਦੂਜੇ ਪਾਸੇ ਜੇਕਰ ਫੂਡ ਸੇਫਟੀ ਅਫਸਰ ਮਨਜਿੰਦਰ ਸਿੰਘ ਢਿੱਲੋਂ ਦੀ ਮੰਨ ਲਈ ਜਾਵੇ ਤਾਂ, ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਪੰਜਾਬ ਤੰਦਰੁਸਤ ਮੁਹਿੰਮ ਤਹਿਤ ਹਰ ਘਰ/ਹਰ ਵਿਅਕਤੀ ਤੰਦਰੁਸਤ ਹੋ ਸਕੇ, ਇਹ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ, ਤੰਦਰੁਸਤ ਪੰਜਾਬ ਤਾਂ ਹੀ ਹੋ ਸਕਦੈ ਜੇਕਰ ਸਾਡਾ ਖਾਣ-ਪੀਣ ਸਾਫ-ਸੁਥਰਾ ਅਤੇ ਮਿਲਾਵਟ ਰਹਿਤ ਹੈ।