ਦਿਸ਼ਾ ਰਵੀ ਮੁਲਜ਼ਮ ਕਿਉਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 18 2021 15:31
Reading time: 1 min, 30 secs

ਪਿਛਲੇ ਦਿਨੀਂ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਗ੍ਰਿਫਤਾਰ ਕੀਤੀ ਗਈ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਦਾ ਮਾਮਲਾ ਭੱਖਦਾ ਹੀ ਜਾ ਰਿਹਾ ਹੈ। ਦਿਸ਼ਾ ਰਵੀ ਦੇ ਹੱਕ ਵਿੱਚ ਹੁਣ ਤੱਕ ਜਿੱਥੇ ਵਿਦੇਸ਼ੀ ਹਸਤੀਆਂ ਆਣ ਖੜ੍ਹੀਆਂ ਹਨ, ਉੱਥੇ ਹੀ ਭਾਰਤ ਦਾ ਬੁੱਧੀਜੀਵੀ ਵਰਗ, ਕ੍ਰਾਂਤਕਾਰੀ, ਇਨਕਲਾਬੀ ਅਤੇ ਕਿਸਾਨ, ਮਜ਼ਦੂਰ ਆਗੂ ਖੜ ਗਏ ਹਨ, ਜੋ ਮੰਗ ਕਰ ਰਹੇ ਹਨ ਕਿ ਬੇਦੋਸ਼ੀ ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਤੁਰੰਤ ਰਿਹਾਅ ਕਰੇ।

ਦਿਸ਼ਾ ਰਵੀ 'ਤੇ ਜਿਹੜੇ ਦੋਸ਼ ਪੁਲਿਸ ਨੇ ਲਗਾਏ ਹਨ, ਉਹ ਦੋਸ਼ ਹੁਣ ਤੱਕ ਸਾਬਤ ਹੀ ਨਹੀਂ ਹੋ ਸਕੇ। ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਦਿਸ਼ਾ ਨੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ, ਪਰ ਬਰਾਮਦ ਟੂਲਕਿਟ ਵਿੱਚ ਅਜਿਹਾ ਕੋਈ ਵੀ ਤੱਤ ਨਹੀਂ ਮਿਲਿਆ, ਜਿਸ ਤੋਂ ਪਤਾ ਲੱਗ ਸਕੇ, ਕਿ ਕੋਈ ਹਿੰਸਾ ਭੜਕਾਉਣ ਦੀ ਗੱਲ ਹੋਈ ਹੈ। ਖ਼ੈਰ, ਦਿਸ਼ਾ ਰਵੀ 'ਤੇ ਇੰਝ ਕਹਿਰ ਦਿੱਲੀ ਪੁਲਿਸ ਦੇ ਵੱਲੋਂ ਢਾਹਿਆ ਜਾ ਰਿਹਾ ਹੈ। 

ਜਿਵੇਂ ਉਹ ਕੋਈ ਅੱਤਵਾਦੀ ਹੋਵੇ। ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਸਮਾਜਿਕ ਭਲਾਈ ਤੋਂ ਇਲਾਵਾ ਲੋਕਾਂ ਦੇ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਫ਼ੈਲਾਉਣ ਲਈ ਜਾਣੀ ਜਾਣ ਵਾਲੀ ਕੁੜੀ ਹੈ। ਗ੍ਰੇਟਾ ਥਨਬਰਗ, ਜਿਸ ਨੂੰ ਅਸੀਂ ਵਾਤਾਵਰਨ ਕਾਰਕੁੰਨ ਬਾਰੇ ਜਾਣਦੇ ਹਨ। 

ਉਹਦੀ ਹੀ ਮੁਹਿੰਮ ਦੇ ਨਾਲ ਦਿਸ਼ਾ ਰਵੀ ਵੀ ਜੁੜੀ ਹੋਈ ਹੈ। ਦਿਸ਼ਾ ਅਤੇ ਗ੍ਰੇਟਾ ਦੀ ਹਮੇਸ਼ਾ ਹੀ ਵਾਤਾਵਰਨ ਅਤੇ ਚਲੰਤ ਮਸਲਿਆਂ ਨੂੰ ਲੈ ਕੇ ਗੱਲਬਾਤ ਹੁੰਦੀ ਰਹਿੰਦੀ ਹੈ। ਵਾਤਾਵਰਨ ਵਿੱਚ ਹੋ ਰਹੀਆਂ ਤਬਦੀਲੀਆਂ ਅਤੇ ਸਮਾਜ ਦਾ ਹੋ ਰਿਹਾ ਨੁਕਸਾਨ ਅਕਸਰ ਹੀ ਦਿਸ਼ਾ ਅਤੇ ਗ੍ਰੇਟਾ ਵਰਗੀਆਂ ਕੁੜੀਆਂ ਦੇ ਮਨ 'ਤੇ ਬੋਝ ਪਾਉਂਦਾ ਹੈ। 

ਪਰ, ਜਿਹੜੇ ਸਮਾਜ ਦੇ ਵਿੱਚ ਅਸੀਂ ਇਸ ਵੇਲੇ ਰਹਿ ਰਹੇ ਹਾਂ, ਇੱਥੋਂ ਦਾ ਵਾਤਾਵਰਨ ਤਾਂ ਗੰਧਲਾ ਹੈ ਹੀ, ਨਾਲ ਹੀ ਇੱਥੋਂ ਦੇ ਰਾਜਨੀਤਿਕ ਦਲ ਏਨੇ ਕੁ ਜ਼ਿਆਦਾ ਭੈੜੇ ਅਤੇ ਘਟੀਆ ਬਣ ਚੁੱਕੇ ਹਨ, ਜੋ ਵਾਤਾਵਰਨ ਨੂੰ ਗੰਧਲਾ ਕਰਨ ਦੇ ਨਾਲ ਨਾਲ ਸਮਾਜ 'ਤੇ ਵੀ ਬੁਰਾ ਪ੍ਰਭਾਵ ਪਾ ਰਹੇ ਹਨ। ਦਰਅਸਲ, ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਨੇ ਲੰਘੇ ਦਿਨੀਂ ਇਸੇ ਕਰਕੇ ਗ੍ਰਿਫਤਾਰ ਕੀਤਾ ਗਿਆ, ਕਿ ਉਸ ਨੇ ਟੂਲਕਿੱਟ ਜ਼ਰੀਏ ਦੇਸ਼ ਦੇ ਅੰਦਰ ਦੰਗੇ ਭੜਕਾਏ ਹਨ, ਪਰ ਪੁਲਿਸ ਹਿੰਸਾ ਦੋਸ਼ ਦਿਸ਼ਾ 'ਤੇ ਸਾਬਤ ਹੀ ਨਹੀਂ ਕਰ ਸਕੀ।