ਸਿੱਖਾਂ ਨੂੰ ਨਨਕਾਣਾ ਸਾਹਿਬ ਜਾਣ ਦੀ ਆਗਿਆ, ਕਿਉਂ ਨਹੀਂ ਦੇ ਰਹੀ ਕੇਂਦਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 18 2021 15:30
Reading time: 1 min, 56 secs

15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ, ਬੇਸ਼ੱਕ ਉਦੋਂ ਇਸ ਆਜ਼ਾਦੀ ਦੀ ਲੜ੍ਹਾਈ ਵਿੱਚ ਸਭ ਤੋਂ ਵੱਧ ਜਾਨਾਂ ਪੰਜਾਬੀਆਂ, ਦਲਿਤਾਂ, ਸਿੱਖਾਂ ਤੋਂ ਇਲਾਵਾ ਮੁਸਲਮਾਨ ਭਾਈਚਾਰੇ ਨੇ ਦਿੱਤੀਆਂ। ਪਰ ਅੱਜ ਆਜ਼ਾਦ ਭਾਰਤ ਦੇ ਅੰਦਰ ਇਨ੍ਹਾਂ ਵਰਗਾਂ ਦੇ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਵੱਲੋਂ ਦਲਿਤਾਂ, ਸਿੱਖਾਂ, ਪੰਜਾਬੀਆਂ ਅਤੇ ਮੁਸਲਮਾਨਾਂ 'ਤੇ ਲਗਾਤਾਰ ਅੱਤਿਆਚਾਰ ਢਾਹਿਆ ਜਾ ਰਿਹਾ ਹੈ, ਜਿਸ ਦਾ ਸਬੂਤ ਸਮੇਂ ਸਮੇਂ 'ਤੇ ਅਸੀਂ ਵੇਖ ਰਹੇ ਹਨ। 

ਦੇਸ਼ ਵਿਚਲੇ ਸਿੱਖਾਂ ਨੂੰ ਸਰਕਾਰ ਜਿੱਥੇ ਅੱਤਵਾਦੀ ਐਲਾਨਣ 'ਤੇ ਲੱਗੀ ਹੋਈ ਹੈ, ਉੱਥੇ ਹੀ ਹੱਕ ਮੰਗਣ ਵਾਲਿਆਂ ਨੂੰ ਸਰਕਾਰ ਜੇਲ੍ਹਾਂ ਦੇ ਅੰਦਰ ਬੰਦ ਕਰੀ ਜਾ ਰਹੀ ਹੈ। ਦਿੱਲੀ ਤੋਂ ਲੈ ਕੇ ਪੂਰੇ ਭਾਰਤ ਦੇ ਅੰਦਰ ਅੱਜ ਜਿੱਥੇ ਕਿਤੇ ਵੀ ਸਿੱਖ ਬੈਠੇ ਹਨ, ਉਨ੍ਹਾਂ ਦਾ ਆਦਰ ਮਾਨ ਕਰਨ ਦੀ ਬਿਜਾਏ, ਹੁਕਮਰਾਨ ਉਨ੍ਹਾਂ 'ਤੇ ਜ਼ੁਲਮ ਢਾਹ ਰਹੇ ਹਨ ਅਤੇ ਸਿੱਖਾਂ ਨੂੰ ਗੁਲਾਮ ਬਣਾਉਣ 'ਤੇ ਜ਼ੋਰ ਦੇ ਰਹੇ ਹਨ। ਸਿੱਖਾਂ ਨੂੰ ਸਮੇਂ ਦੀਆਂ ਹਕੂਮਤਾਂ ਨੇ ਗ਼ੁਲਾਮ ਬਣਾਉਣ ਦਾ ਕਾਰਜ ਕੋਈ ਅੱਜ ਤੋਂ ਨਹੀਂ, ਬਲਕਿ ਪਿਛਲੇ ਲੰਘੇ ਸਮੇਂ ਤੋਂ ਵਿੱਢਿਆ ਹੋਇਆ ਹੈ। 

ਤਾਜ਼ਾ ਜਾਣਕਾਰੀ ਦੇ ਮੁਤਾਬਿਕ, ਕੋਰੋਨਾ ਦਾ ਬਹਾਨਾ ਬਣਾ ਕੇ, ਜਿੱਥੇ ਸਰਕਾਰ ਨੇ ਦੇਸ਼ ਦੇ ਅੰਦਰ ਲੋਕ ਮਾਰੂ ਕਾਨੂੰਨ ਲਿਆਂਦੇ, ਉਥੇ ਹੀ ਹੁਣ ਖ਼ਬਰ ਇਹ ਮਿਲੀ ਹੈ ਕਿ ਕੋਰੋਨਾ ਦਾ ਬਹਾਨਾ ਬਣਾ ਕੇ ਸਿੱਖਾਂ ਨੂੰ ਪਾਕਿਸਤਾਨ ਵਿਚਲੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ। ਸਾਕਾ ਸ਼੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ ਲਈ ਭਾਰਤ ਵਿੱਚੋਂ ਹਰ ਸਾਲ ਹੀ ਸੈਂਕੜੇ ਸਿੱਖ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਜਾਂਦੇ ਹਨ। 

ਇਸ ਸਾਲ ਵੀ ਸਿੱਖ ਸੰਗਤ ਦੇ ਵੱਲੋਂ ਸਾਕਾ ਸ਼੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ ਲਈ ਵੀਜ਼ੇ ਅਪਲਾਈ ਕੀਤੇ ਗਏ। ਸਿੱਖਾਂ ਨੂੰ ਵੀਜ਼ੇ ਦੇਣ ਤੋਂ ਪਾਕਿਸਤਾਨ ਨੇ ਤਾਂ ਰਾਹ ਖ਼ੋਲ੍ਹ ਦਿੱਤਾ, ਪਰ ਭਾਰਤ ਵਿਚਲੀ ਮੋਦੀ ਸਰਕਾਰ ਨੇ ਸਿੱਖਾਂ ਦੇ ਨਾਲ ਫਿਰ ਤੋਂ ਵਿਤਕਰਾ ਕਰਦੇ ਹੋਏ, ਵੀਜ਼ੇ ਦੇਣ ਤੋਂ ਕੰਨੀ ਕਤਰਾ ਲਈ। ਇੱਕ ਹਜ਼ਾਰ ਦੇ ਕਰੀਬ ਸ਼ਰਧਾਂਲੂਆਂ ਨੇ ਪਾਕਿਸਤਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਤਾਬਦੀ ਮਨਾਉਣ ਲਈ ਕਮਰ ਕੱਸੀ ਸੀ। 

ਪਰ, ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜਤ ਨਾ ਮਿਲਣ ਦੇ ਕਾਰਨ ਭਾਰਤ ਵਿਚਲੇ ਸਿੱਖ ਆਪਣੇ ਆਪ ਨੂੰ ਗ਼ੁਲਾਮ ਮਹਿਸੂਸ ਕਰ ਰਹੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਮੰਨੀਏ ਤਾਂ, ਉਨ੍ਹਾਂ ਨੇ ਪਿਛਲੇ ਦਿਨੀਂ ਬਿਆਨ ਜਾਰੀ ਕਰਦੇ ਕੇਂਦਰ ਸਰਕਾਰ ਦੇ ਇਸ ਰਵੱਈਏ ਦੀ ਘੋਰ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਜਲਦ ਤੋਂ ਜਲਦ ਸਿੱਖ ਸ਼ਰਧਾਂਲੂ ਨੂੰ ਪਾਕਿਸਤਾਨ ਜਾਣ ਦੇ ਵੀਜ਼ੇ ਦਿੱਤੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰੀਆਂ ਨੇ ਨਨਕਾਣਾ ਸਾਹਿਬ ਜਾਣ ਲਈ, ਕੋਰੋਨਾ ਟੈਸਟ ਵੀ ਕਰਵਾ ਲਏ ਹਨ, ਪਰ ਬਾਵਜੂਦ ਉਨ੍ਹਾਂ ਨੂੰ ਜਾਣ ਦੀ ਆਗਿਆ ਕੇਂਦਰ ਸਰਕਾਰ ਨੇ ਨਹੀਂ ਦਿੱਤੀ।