ਕਿਸਾਨਾਂ ਦਾ ਰੇਲ ਰੋਕੋ ਅੰਦੋਲਨ: ਕੰਬ ਗਈ ਕੇਂਦਰ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 18 2021 15:27
Reading time: 1 min, 41 secs

ਖੇਤੀ ਕਾਨੂੰਨਾਂ ਦੇ ਵਿਰੁੱਧ ਅੱਜ ਦੇਸ਼ ਭਰ ਦੇ ਅੰਦਰ ਕਿਸਾਨਾਂ ਦੁਆਰਾ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਦੇਸ਼ ਵਿਆਪੀ ਇਸ ਚੱਕਾ ਜਾਮ ਨੂੰ ਜਿੱਥੇ ਹਰ ਵਰਗ ਦਾ ਭਰਵਾਂ ਹੁੰਗਾਰਾ ਮਿਲਿਆ, ਉਥੇ ਹੀ ਗੋਦੀ ਮੀਡੀਆ ਅਤੇ ਕੇਂਦਰ ਸਰਕਾਰ ਦੀ ਵੀ ਬੋਲਤੀ ਬੰਦ ਹੋ ਗਈ। ਜਿਹੜੀ ਸਰਕਾਰ ਅਤੇ ਗੋਦੀ ਮੀਡੀਆ ਕਿਸਾਨਾਂ ਦੇ ਮੋਰਚੇ ਨੂੰ ਖ਼ਤਮ ਹੁੰਦਾ ਕਹਿ ਕੇ, ਕਿਨਾਰਾ ਕਰ ਰਿਹਾ ਸੀ, ਉਹ ਗੋਦੀ ਮੀਡੀਆ ਅਤੇ ਸਰਕਾਰ ਨੂੰ ਅੱਜ ਕਿਸਾਨਾਂ ਦੇ ਰੋਹ ਨੇ ਕੰਬਣ ਲਗਾ ਦਿੱਤਾ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੇ ਸਰਕਾਰ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤੀਆਂ ਹਨ। 

ਦੱਸ ਦਈਏ ਕਿ, ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਤੇ ਗਏ ਦੇਸ਼ ਵਿਆਪੀ ਰੇਲ ਰੋਕੋ ਪ੍ਰਦਰਸ਼ਨ ਦੀ ਸ਼ੁਰੂਆਤ ਮੁਲਕ ਭਰ ਦੇ ਵੱਖ ਵੱਖ ਰੇਲ ਮਾਰਗਾਂ ਤੋਂ ਕੀਤੀ ਗਈ। ਦੁਪਹਿਰੇ 12 ਵਜੇ ਤੋਂ ਸ਼ਾਮੀਂ 4 ਵਜੇ ਤੱਕ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਰੇਲਾਂ ਨੂੰ ਰੋਕਿਆ ਗਿਆ ਅਤੇ ਏਕੇ ਦਾ ਸਬੂਤ ਪੇਸ਼ ਕੀਤਾ। ਕਿਸਾਨਾਂ ਦੇ ਰੇਲ ਰੋਕੋ ਪ੍ਰਦਰਸ਼ਨ ਦੇ ਮੱਦੇਨਜ਼ਰ ਬੇਸ਼ੱਕ ਦਿੱਲੀ, ਯੂ. ਪੀ. ਹਰਿਆਣਾ ਵਿੱਚ ਸੁਰੱਖਿਆ ਨੂੰ ਸਖ਼ਤ ਕਰ ਦਿੱਤਾ ਗਿਆ ਸੀ, ਪਰ ਕਿਸਾਨਾਂ ਨੇ ਲੰਘੇ ਕੱਲ੍ਹ ਹੀ ਸਰਕਾਰ ਦੀ ਚਾਲ ਨੂੰ ਵੇਖਦੇ ਹੋਏ ਕਿਹਾ ਸੀ ਕਿ, ਉਹ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਨਗੇ। 

ਜਾਣਕਾਰੀ ਦੇ ਮੁਤਾਬਿਕ, ਕਿਸਾਨਾਂ ਦੇ ਇਸ ਰੇਲ ਰੋਕੋ ਅੰਦੋਲਨ ਨੂੰ ਵਿਰੋਧੀ ਧਿਰ ਕਾਂਗਰਸ, ਜਨ ਅਧਿਕਾਰ ਪਾਰਟੀ ਅਤੇ ਅਕਾਲੀ ਦਲ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਪੂਰਨ ਰੂਪ ਵਿੱਚ ਸਮਰਥਨ ਦਿੱਤਾ ਅਤੇ ਆਪਣੀ ਪਾਰਟੀ ਦੇ ਝੰਡਿਆਂ ਤੋਂ ਬਗ਼ੈਰ ਕਿਸਾਨਾਂ ਦੇ ਨਾਲ ਰਲ ਕੇ ਰੇਲਾਂ ਰੋਕੀਆਂ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਪੰਜਾਬ ਦੇ ਅੰਦਰ ਤਕਰੀਬਨ ਸਾਰੀਆਂ ਜਗ੍ਹਾਵਾਂ 'ਤੇ ਹੀ ਕਿਸਾਨਾਂ ਦੁਆਰਾ ਰੇਲ ਮਾਰਗਾਂ ਨੂੰ ਜਾਮ ਕੀਤਾ ਗਿਆ ਅਤੇ ਮੋਦੀ ਸਰਕਾਰ ਦੇ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। 

ਕਿਸਾਨ ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੇਲ ਰੋਕੋ ਅੰਦੋਲਨ ਜੋ ਅੱਜ ਕੀਤਾ ਗਿਆ ਹੈ, ਇਹ ਰੇਲ ਰੋਕੋ ਅੰਦੋਲਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਹੈ, ਜਿਹੜੇ ਕਿ ਮੋਦੀ ਸਰਕਾਰ ਦੁਆਰਾ ਲਿਆ ਕੇ ਕਿਸਾਨ ਅਤੇ ਆਮ ਜਨਤਾ ਨੂੰ ਮਾਰਨ ਦਾ ਕੰਮ ਕੀਤਾ ਹੈ। ਕਿਸਾਨ ਆਗੂਆਂ ਨੇ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਐਲਾਨ ਕਰਦਿਆਂ ਹੋਇਆ ਇਹ ਵੀ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਨਾਉਣ ਤੱਕ ਸੰਘਰਸ਼ ਜਾਰੀ ਰਹੇਗਾ।