ਜਿਸ ਮੁਲਕ ਦਾ ਅੰਨਦਾਤਾ ਖ਼ੁਦਕੁਸ਼ੀਆਂ ਕਰੇ... (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 18 2021 15:26
Reading time: 2 mins, 9 secs

ਸਾਡੇ ਦੇਸ਼ ਦਾ ਅੰਨਦਾਤਾ ਇਸ ਵੇਲੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਕੇ ਕੇਂਦਰ ਵਿਚਲੀ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਾਲੇ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਮੰਗ ਕਰ ਰਿਹਾ ਹੈ ਕਿ ਖੇਤੀ ਅਤੇ ਲੋਕ ਮਾਰੂ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ। ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਡੇ ਦੇਸ਼ ਦਾ ਕਿਸਾਨ ਸਮੇਂ ਦੀਆਂ ਸਰਕਾਰਾਂ ਦੇ ਕਾਰਨ ਮਾਰਿਆ ਜਾਂਦਾ ਰਿਹਾ ਹੈ ਅਤੇ ਖ਼ੁਦਕੁਸ਼ੀਆਂ ਦੇ ਰਸਤੇ ਪੈ ਕੇ ਸਮੇਂ ਦੀਆਂ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ 'ਤੇ ਹਮੇਸ਼ਾ ਸਵਾਲ ਚੁੱਕਦਾ ਰਿਹਾ ਹੈ। 

ਦੇਸ਼ ਦੇ ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਨ ਤਾਂ ਉਹ ਅੱਤਵਾਦੀ ਹਾਕਮ ਨੂੰ ਜਾਪਦੇ ਹਨ, ਪਰ ਜਦੋਂ ਹਾਕਮ ਏਨਾ ਅੱਤਵਾਦੀਆਂ ਕੋਲੋਂ ਵੋਟਾਂ ਲੈਣ ਆਉਂਦੇ ਹਨ ਤਾਂ, ਕੀ ਇਹ ਭਲੇ ਭਗਤ ਬਣ ਜਾਂਦੇ ਹਨ? ਦੇਸ਼ ਦੇ ਅੰਨਦਾਤੇ ਨੂੰ ਉਜਾੜ ਕੇ ਹਾਕਮ ਖ਼ੁਸ਼ ਨੇ। ਪਰ ਕੋਈ ਵੀ ਹੁਣ ਤੱਕ ਸਰਕਾਰ ਅਜਿਹੀ ਦੇਸ਼ ਦੀ ਸੱਤਾ ਵਿੱਚ ਨਹੀਂ ਆਈ, ਜਿਹੜੀ ਕਿਸਾਨਾਂ ਦੇ ਭਵਿੱਖ ਨੂੰ ਖ਼ੁਸ਼ਹਾਲ ਕਰ ਸਕੀ ਹੋਵੇ। ਹਰ ਸਰਕਾਰ ਵਾਅਦੇ ਅਤੇ ਦਾਅਵੇ ਤਾਂ ਅਨੇਕਾਂ ਕਰਦੀ ਹੈ, ਪਰ ਕਦੇ ਵੀ ਕਿਸਾਨਾਂ ਦੀਆਂ ਮੰਗਾਂ ਅਤੇ ਉਨ੍ਹਾਂ ਦੀ ਹਾਲਤ ਵੱਲ ਧਿਆਨ ਨਹੀਂ ਦਿੰਦੀ। 

ਦੇਸ਼ ਦੇ ਅੰਦਰ ਰੋਜ਼ਾਨਾ ਹੀ ਕਿਸਾਨ, ਮਜ਼ਦੂਰ ਅਤੇ ਬੇਰੁਜ਼ਗਾਰ ਖ਼ੁਦਕੁਸ਼ੀਆਂ ਦਾ ਰਸਤਾ ਅਖ਼ਤਿਆਰ ਕਰ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਕਰਜ ਮੁਆਫ ਕੀਤੇ ਜਾਣ, ਪਰ ਸਰਕਾਰ ਕਿਸਾਨਾਂ ਦੇ ਕਰਜ਼ ਮੁਆਫ ਕਰਨ ਦੀ ਬਿਜਾਏ, ਉਨ੍ਹਾਂ ਨੂੰ ਹੋਰ ਕਰਜਾਈ ਕਰਨ 'ਤੇ ਜ਼ੋਰ ਦੇ ਰਹੀ ਹੈ। ਦੇਸ਼ ਦੇ ਕਿਸਾਨਾਂ ਦਾ ਗੰਨੇ ਦਾ ਬਕਾਇਆ ਤਾਂ ਹਾਕਮ ਹੁਣ ਤੱਕ ਦੇ ਨਹੀਂ ਸਕੇ, ਪਰ ਮੌਜ਼ੂਦਾ ਦੇਸ਼ ਦੇ ਹਾਕਮ ਆਪ ਜ਼ਰੂਰ 16 ਹਜ਼ਾਰ ਕਰੋੜ ਰੁਪਏ ਦੇ ਜਹਾਜ਼ ਖ਼ਰੀਦ ਕੇ ਵਿਦੇਸ਼ੀ ਉਡਾਰੀ ਮਾਰਨ ਦੇ ਬਾਰੇ ਵਿੱਚ ਸੋਚ ਰਹੇ ਹਨ। 

ਜਾਣਕਾਰੀ ਲਈ ਦੱਸ ਦਈਏ ਕਿ ਸੱਤਾ ਵਿੱਚ ਆਉਣ ਤੋਂ ਪਹਿਲੋਂ ਕੈਪਟਨ ਹਕੂਮਤ ਨੇ ਪੰਜਾਬ ਦੇ ਕਿਸਾਨਾਂ ਨਾਲ ਵਾਅਵਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ ਸਮੂਹ ਕਿਸਾਨਾਂ ਦਾ ਕਰਜ ਮੁਆਫ਼ ਕੀਤਾ ਜਾਵੇਗਾ। ਪਰ ਸੱਤਾ ਵਿੱਚ ਆਉਣ ਮਗਰੋਂ ਜਿੱਥੇ ਕੈਪਟਨ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਗਈ, ਉਥੇ ਹੀ ਦੂਜੇ ਪਾਸੇ ਕਿਸਾਨਾਂ 'ਤੇ ਏਨਾ ਜ਼ਿਆਦਾ ਜੁਲਮ ਢਾਹੁਣ 'ਤੇ ਲੱਗੀ ਹੋਈ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਪੰਜਾਬ ਦੇ ਅੰਦਰ ਲਗਾਤਾਰ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। 

ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ। ਪਿਛਲੇ ਦਿਨ ਇਹ ਖ਼ਬਰ ਸਾਹਮਣੇ ਆਈ ਕਿ ਬਠਿੰਡਾ ਜ਼ਿਲ੍ਹੇ ਦੇ ਕਿਸਾਨ ਰਣਜੀਤ ਸਿੰਘ ਨੇ ਕਰਜੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਕਿਸਾਨ ਸਿਰ 26 ਲੱਖ ਦਾ ਕਰਜ਼ਾ ਸੀ ਅਤੇ ਇੱਕ ਕਿੱਲਾ ਜ਼ਮੀਨ ਸੀ। ਕਿਸਾਨ ਆਗੂ ਰੇਸ਼ਮ ਸਿੰਘ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਹੈ ਕਿ ਮ੍ਰਿਤਕ ਕਿਸਾਨ ਰਣਜੀਤ ਸਿੰਘ ਦੇ ਸਿਰ 'ਤੇ ਸਰਕਾਰੀ ਅਤੇ ਗੈਰ ਸਰਕਾਰੀ 26 ਲੱਖ ਦਾ ਕਰਜ਼ਾ ਚੜ੍ਹਿਆ ਹੋਇਆ ਸੀ, ਜਿਸ ਨੂੰ ਉਹ ਉਤਾਰ ਨਹੀਂ ਸੀ ਪਾ ਰਿਹਾ ਅਤੇ ਤੰਗ ਆ ਕੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ।