ਸਿਆਣਿਆਂ ਦਾ ਖਾਣ ਐ ਕਿ ਨਕਲ ਵੀ ਅਕਲ ਨਾਲ ਵੱਜਦੀ ਐ। ਪਰ ਅਕਲ ਦਾ ਤਾਂ ਪਤਾ ਨਹੀਂ, ਪਰ ਨਕਲ ਜਰੂਰ ਅਕਲ ਤੋਂ ਬਗ਼ੈਰ ਮਾਰੀ ਲੱਗਦੀ ਹੈ। ਸੱਤਾ ਧਿਰ ਕਾਂਗਰਸ ਪਾਰਟੀ ਇਸ ਵੇਲੇ ਚੌਥੇ ਸਾਲ ਵਿੱਚ ਦਾਖ਼ਲ ਹੋ ਚੁੱਕੀ ਹੈ, ਇਸੇ ਦੌਰਾਨ ਹੀ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੇ ਜੇਤੂ ਉਮੀਦਵਾਰਾਂ ਨੂੰ 2015 ਵੇਲੇ ਦੇ ਸਰਟੀਫਿਕੇਟ ਮਿਲ ਰਹੇ ਹਨ। ਤਾਜ਼ਾ ਮਾਮਲਾ ਕਿਤੋਂ ਹੋਰ ਦਾ ਨਹੀਂ।
ਬਲਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲ੍ਹੇ ਦਾ ਸਾਹਮਣੇ ਆਇਆ ਹੈ। ਮੋਹਾਲੀ ਵਿੱਚ ਅੱਜ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨੇ ਗਏ। ਇਨ੍ਹਾਂ ਐਲਾਨੇ ਗਏ ਨਤੀਜਿਆਂ ਵਿੱਚ ਬੇਸ਼ੱਕ ਵਿਰੋਧੀ ਧਿਰ ਨੇ ਗੜਬੜੀ ਹੋਣ ਦਾ ਦੋਸ਼ ਲਗਾਇਆ, ਪਰ ਦੂਜੇ ਪਾਸੇ ਕਾਂਗਰਸ ਨੇ ਇਸ ਨੂੰ ਸਚਾਈ ਦੀ ਜਿੱਤ ਦੱਸਿਆ। ਇਸੇ ਵਿੱਚ ਹੀ ਮੋਹਾਲੀ ਪ੍ਰਸਾਸ਼ਨ ਦਾ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ।
ਜਿਸ ਨੂੰ ਵੇਖ ਕੇ ਹਾਸਾ ਵੀ ਆਉਂਦਾ ਹੈ ਅਤੇ ਸਰਕਾਰ ਦੀ ਕਾਰਗੁਜਾਰੀ 'ਤੇ ਸਵਾਲ ਵੀ ਕਰਨ ਨੂੰ ਮਨ ਕਰਦੈ। ਦਰਅਸਲ, ਪੰਜਾਬੀ ਦੀ ਇਕ ਕਹਾਵਤ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਕਿ ਨਕਲ ਵੀ ਅਕਲ ਨਾਲ ਵੱਜਦੀ ਐ। ਇਹ ਕਹਾਵਤ ਅੱਜ ਮੋਹਾਲੀ ਨਿਗਮ ਚੋਣਾਂ ਵਿਖੇ ਸੱਚ ਸਾਬਤ ਹੁੰਦੀ ਵਿਖਾਈ ਦਿੱਤੀ। ਇੱਕ ਪਾਸੇ ਤਾਂ ਕਾਂਗਰਸੀ ਉਮੀਦਵਾਰ ਜਿੱਤ ਰਹੇ ਸਨ ਅਤੇ ਉਨ੍ਹਾਂ ਨੂੰ ਪ੍ਰਸਾਸ਼ਨ ਦੇ ਵੱਲੋਂ ਸਰਟੀਫਿਕੇਟ ਵੰਡਣ ਦਾ ਪ੍ਰੋਗਰਾਮ ਆਰੰਭਿਆ ਜਾ ਰਿਹਾ ਸੀ।
ਉਥੇ ਹੀ ਦੂਜੇ ਪਾਸੇ ਜਿੱਤੇ ਉਮੀਦਵਾਰਾਂ ਨੂੰ ਮੋਹਾਲੀ ਪ੍ਰਸਾਸ਼ਨ 26 ਫਰਵਰੀ 2015 ਦੇ ਹੀ ਸਰਟੀਫਿਕੇਟ ਵੰਡੀ ਜਾ ਰਿਹਾ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗਲਤ ਮਿਤੀ ਵਾਲਾ ਇਹ ਜੇਤੂ ਉਮੀਦਵਾਰ ਸਰਟੀਫਿਕੇਟ ਕਿਸੇ ਹੋਰ ਨੂੰ ਨਹੀਂ, ਬਲਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਪ੍ਰਾਪਤ ਹੋਇਆ ਹੈ।
ਸਰਟੀਫਿਕੇਟ ਲੈਣ ਮਗਰੋਂ ਜਦੋਂ ਜੀਤੀ ਨੇ ਸਰਟੀਫਿਕੇਟ 'ਤੇ ਮਿਤੀ ਦੇਖੀ ਤਾਂ, ਉਨ੍ਹੇਂ ਤੁਰੰਤ ਰੌਲਾ ਪਾ ਦਿੱਤਾ। ਦੇਖਦੇ ਹੀ ਦੇਖਦੇ ਮੋਹਾਲੀ ਪ੍ਰਸਾਸ਼ਨਿਕ ਅਧਿਕਾਰੀ ਆਏ ਅਤੇ ਮਾਫ਼ੀ ਮੰਗ ਕੇ ਕਹਿਣ ਲੱਗੇ, ਕਿ ਲਿਆਓ ਜੀ ਹੁਣੇ ਠੀਕ ਕਰ ਦਿੰਦੇ ਹਾਂ ਮਿਤੀ।
ਖ਼ੈਰ, ਭਾਵੇਂ ਹੀ ਇਹ ਛੋਟੀ ਜਿਹੀ ਗ਼ਲਤੀ ਸੀ, ਪਰ ਕਾਂਗਰਸ ਦੀ ਝੰਡੀ 'ਤੇ ਅਕਾਲੀ ਰਾਜ ਵੇਲੇ ਦੀ ਮੋਹਰ ਵੀ ਭੰਗੜਾ ਪਾ ਰਹੀ ਹੈ। ਵੈਸੇ, ਅਕਾਲੀ ਰਾਜ ਖੁੱਸੇ ਨੂੰ ਪੰਜਾਬ ਵਿੱਚੋਂ 4 ਸਾਲ ਹੋ ਚੁੱਕੇ ਨੇ, ਪਰ ਸਰਕਾਰੀ ਅਧਿਕਾਰੀ ਹਾਲੇ ਵੀ ਅਕਾਲੀ ਦਲ ਦੇ ਰਾਜ ਵੇਲੇ ਦਾ ਹੀ ਰਿਕਾਰਡ ਸਾਂਭ ਕੇ, ਕਾਂਗਰਸ ਦੇ ਕਾਰਜਕਾਰਾਂ 'ਤੇ ਮੋਹਰੀ ਲਾਈ ਜਾ ਰਹੇ ਨੇ।