ਕੀ ਧਾਰਾ-370 ਖ਼ਤਮ ਹੋਣ ਮਗਰੋਂ ਵੀ 'ਜੇ.ਕੇ' ਵਿੱਚ ਹੁੰਦੇ ਨੇ ਫੇਕ ਐਨਕਾਊਟਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 17 2021 14:26
Reading time: 3 mins, 28 secs

ਕਸ਼ਮੀਰ ਹੋਵੇ ਜਾਂ ਫਿਰ ਦੇਸ਼ ਦਾ ਕੋਈ ਹੋਰ ਸੂਬਾ, ਹਰ ਸੂਬੇ ਦੇ ਵਿੱਚ ਹਰ ਸਾਲ ਕਈ ਐਨਕਾਊਟਰ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਪਿਛਲੇ ਸਾਲ ਸਭ ਤੋਂ ਵੱਡਾ ਐਨਕਾਊਟਰ ਯੂ.ਪੀ. ਦੇ ਅੰਦਰ ਪੁਲਿਸ ਦੁਆਰਾ ਕੀਤਾ ਗਿਆ ਸੀ। ਇੱਕ ਗੈਂਗਸਟਰ ਨੂੰ ਪੁਲਿਸ ਨੇ ਐਨਕਾਊਟਰ ਵਿੱਚ ਮਾਰਦਿਆਂ ਹੋਇਆ, ਉਹਦੇ ਕਈ ਸਾਥੀਆਂ ਨੂੰ ਵੀ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਸੀ। ਪੰਜਾਬ ਦੇ ਅੰਦਰ ਵੀ ਅੱਜ ਤੋਂ ਕੋਈ ਦੋ ਢਾਈ ਸਾਲ ਪਹਿਲੋਂ ਗੈਂਗਸਟਰ ਵਿੱਕੀ ਗਾਊਂਡਰ ਦਾ ਐਨਕਾਊਟਰ ਪੁਲਿਸ ਦੁਆਰਾ ਕੀਤਾ ਗਿਆ ਸੀ। 

ਅਜਿਹੇ ਕਈ ਹੋਰ ਐਨਕਾਊਟਰ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਹਰ ਸਾਲ ਹੀ ਹੁੰਦੇ ਰਹਿੰਦੇ ਹਨ। ਪਰ, ਵੇਖਿਆ ਜਾਵੇ ਤਾਂ, ਇਹ ਐਨਕਾਊਟਰ ਹੋਣ ਮਗਰੋਂ ਵੀ ਘਟਨਾਵਾਂ ਰੁਕਣ ਦੀ ਬਿਜਾਏ ਵੱਧਦੀਆਂ ਹੀ ਜਾ ਰਹੀਆਂ ਹਨ। ਜੰਮੂ ਕਸ਼ਮੀਰ ਦੇ ਅੰਦਰੋਂ ਧਾਰਾ 370 ਅਤੇ 35-ਏ ਹਟਾਏ ਜਾਣ ਤੋਂ ਪਹਿਲੋਂ ਤਾਂ ਇਹ ਸੁਣਿਆ ਕਰਦੇ ਸੀ ਕਿ ਉੱਥੋਂ ਦੀ ਪੁਲਿਸ ਅਤੇ ਫ਼ੌਜ ਐਨਕਾਊਟਰ ਕਰਦੀ ਹੈ, ਪਰ ਧਾਰਾ 370 ਅਤੇ 35-ਏ ਹਟਾਏ ਜਾਣ ਤੋਂ ਬਾਅਦ ਵੀ ਕਈ ਕਸ਼ਮੀਰੀਆਂ ਦੇ ਐਨਕਾਊਟਰ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। 

ਇਹ ਐਨਕਾਊਟਰ ਵਿੱਚ ਮਾਰੇ ਜਾਣ ਵਾਲੇ ਕੋਈ ਬਾਹਰੀ ਨਹੀਂ, ਬਲਕਿ ਕਸ਼ਮੀਰ ਇਲਾਕੇ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦਰਅਸਲ, ਕਸ਼ਮੀਰ ਦੇ ਅੰਦਰੋਂ ਧਾਰਾ 370 ਅਤੇ 35-ਏ ਖ਼ਤਮ ਕਰਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦੁਨੀਆ ਭਰ ਦੇ ਵਿੱਚ ਆਪਣੀ ਠੁੱਕ ਤਾਂ ਬਣਾ ਲਈ, ਪਰ ਅਸਲ ਦੇ ਵਿੱਚ ਕਸ਼ਮੀਰੀਆਂ ਦਾ ਕੀ ਹਾਲ ਹੈ, ਉਹਦੇ ਬਾਰੇ ਕਿਸੇ ਨੂੰ ਦੱਸਿਆ ਤੱਕ ਨਹੀਂ। ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਅਤੇ 35-ਏ ਹਟਾਏ ਨੂੰ ਕਰੀਬ ਡੇਢ ਸਾਲ ਹੋ ਚੁੱਕਿਆ ਹੈ, ਪਰ ਹਾਲੇ ਵੀ ਕਸ਼ਮੀਰ ਦੇ ਅੰਦਰੋਂ ਦੁਖ਼ਦਾਈ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। 

ਸਮੇਂ-ਸਮੇਂ 'ਤੇ ਭਾਵੇਂ ਹੀ ਸਰਕਾਰ ਦਾਅਵੇ ਕਰਦੀ ਰਹੀ ਹੈ, ਕਿ 'ਕਸ਼ਮੀਰ ਮੇਂ ਸਭ ਅੱਛਾ ਹੋ ਰਹਾਂ ਹੈ' ਪਰ ਅਸਲ ਦੇ ਵਿੱਚ ਕਸ਼ਮੀਰ ਦੇ ਅੰਦਰ ਅੱਛਾ ਨਹੀਂ ਬਲਕਿ ਸਭ ਤੋਂ ਬੁਰਾ ਹੋ ਰਿਹਾ ਹੈ। ਕਸ਼ਮੀਰ ਦੇ ਅੰਦਰ ਹਾਲੇ ਵੀ ਉੱਥੋਂ ਦੇ ਸਿਆਸੀ ਨੇਤਾਵਾਂ ਨੂੰ ਭਾਜਪਾ ਸਰਕਾਰ ਦੀ ਸ਼ਹਿ 'ਤੇ ਫ਼ੌਜ ਅਤੇ ਕਸ਼ਮੀਰ ਪੁਲਿਸ ਨੇ ਘਰਾਂ ਦੇ ਅੰਦਰ ਹੀ ਨਜ਼ਰਬੰਦ ਕੀਤਾ ਹੋਇਆ ਹੈ। ਕਸ਼ਮੀਰੀ ਨੇਤਾ ਨਾ ਤਾਂ ਘਰੋਂ ਬਾਹਰ ਜਾ ਕੇ ਕਿਸੇ ਨਾਲ ਦੁੱਖ ਸੁੱਖ ਸਾਂਝਾ ਕਰ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਮਿਲ ਸਕਦਾ ਹੈ। ਵੈਸੇ, ਏਨੀ ਗ਼ੁਲਾਮੀ ਤਾਂ ਅੰਗਰੇਜ਼ਾਂ ਦੇ ਸਮੇਂ ਵੀ ਸਾਡੇ ਲੋਕਾਂ ਨੂੰ ਨਹੀਂ ਸੀ ਹੁੰਦੀ, ਜਿੰਨੀਂ ਹੁਣ ਹੈ। 

ਪਿਛਲੇ ਦਿਨੀਂ, ਇਹ ਖ਼ਬਰ ਸਾਹਮਣੇ ਆਈ ਸੀ ਕਿ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਪ੍ਰਸ਼ਾਸਨ ਦੇ ਵੱਲੋਂ ਫਿਰ ਤੋਂ ਨਜ਼ਰਬੰਦ ਕਰ ਲਿਆ ਗਿਆ। ਗੋਦੀ ਮੀਡੀਆ ਨੇ ਮਹਿਬੂਬਾ ਮੁਫਤੀ ਨੂੰ ਘਰ ਵਿੱਚ ਨਜ਼ਰਬੰਦ ਕੀਤੇ ਜਾਣ ਦੀ ਖ਼ਬਰ ਨੂੰ ਇਸ ਤਰ੍ਹਾਂ ਚਲਾਇਆ, ਕਿ ਮਹਿਬੂਬਾ ਦਾ ਪਿਆਰ ਅੱਤਵਾਦੀਆਂ ਪ੍ਰਤੀ ਘਟਨ ਦਾ ਨਾਂਅ ਨਹੀਂ ਲੈ ਰਿਹਾ, ਜਦੋਂਕਿ ਮਹਿਬੂਬਾ ਆਪਣੇ ਕਸ਼ਮੀਰ ਦੇ ਅੰਦਰ ਮਾਰੇ ਗਏ ਨੌਜਵਾਨ ਦੀ ਮੌਤ 'ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਜਾਣਾ ਚਾਹੁੰਦੀ ਸੀ, ਪਰ ਪ੍ਰਸ਼ਾਸਨ ਨੇ ਉਸ ਨੂੰ ਘਰੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਗਿਆ। 

ਵੇਖਿਆ ਜਾਵੇ ਤਾਂ, ਕਿਸੇ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਦਾ ਵੀ ਜੇਕਰ ਕਿਸੇ ਨੂੰ ਅਧਿਕਾਰ ਨਹੀਂ ਤਾਂ, ਫਿਰ ਐਹੋ ਜਿਹੀ ਆਜ਼ਾਦੀ ਨੂੰ ਕਰਨਾ ਵੀ ਕੀ ਹੈ? ਮਹਿਬੂਬਾ ਮੁਫਤੀ ਜੋ ਕਿ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਹੈ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਵੀ ਹੈ, ਜੇਕਰ ਉਹਨੂੰ ਹੀ ਕਿਸੇ ਨੌਜਵਾਨ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਦੀ ਆਗਿਆ ਪ੍ਰਸ਼ਾਸਨ ਨਹੀਂ ਦੇ ਰਿਹਾ ਤਾਂ, ਫੇਰ ਹੋਰ ਕਿਸ ਨੂੰ ਪ੍ਰਸ਼ਾਸਨ ਕਿੰਨੀ ਕੁ ਖੁੱਲ੍ਹ ਦਿੰਦਾ ਹੋਵੇਗਾ, ਅਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ। ਮਹਿਬੂਬਾ ਮੁਫਤੀ ਦੇ ਵੱਲੋਂ ਜਾਰੀ ਕੀਤੇ ਗਏ ਬਿਆਨਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਹੈ ਕਿ ਉਹਨੂੰ ਮੁੜ ਪ੍ਰਸ਼ਾਸਨ ਨੇ ਨਜ਼ਰਬੰਦ ਕਰ ਲਿਆ ਹੈ, ਉਹ ਪੁਲਵਾਮਾ ਜਾਣਾ ਚਾਹੁੰਦੇ ਸੀ, ਪਰ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ।

ਮਹਿਬੂਬਾ ਮੁਫਤੀ ਦਾ ਦੋਸ਼ ਹੈ ਕਿ ਲਗਾਤਾਰ ਕਸ਼ਮੀਰ ਦੇ ਅੰਦਰ ਫ਼ਰਜ਼ੀ ਮੁਕਾਬਲੇ ਹੋ ਰਹੇ ਹਨ ਅਤੇ ਨੌਜਵਾਨਾਂ ਨੂੰ ਅੱਤਵਾਦੀ ਕਹਿ ਕੇ ਉਨ੍ਹਾਂ ਨੂੰ ਮੌਤ ਦੀ ਘਾਟ ਉਤਾਰਿਆ ਜਾ ਰਿਹਾ ਹੈ। ਕਸ਼ਮੀਰ ਦੇ ਅੰਦਰ ਫ਼ਰਜ਼ੀ ਪੁਲਿਸ ਮੁਕਾਬਲੇ ਹੋਣ ਦੀਆਂ ਖ਼ਬਰਾਂ ਪਹਿਲੋਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ, ਪਰ ਗੋਦੀ ਮੀਡੀਆ ਇਹਦੇ ਵੱਲ ਧਿਆਨ ਨਹੀਂ ਦਿੰਦਾ, ਜਦੋਂਕਿ ਹੋਰ ਜੇਕਰ ਕੋਈ ਮੀਡੀਆ ਅਦਾਰਾ ਕਸ਼ਮੀਰ ਦੇ ਹਲਾਤਾਂ ਦੀ ਖ਼ਬਰ ਪ੍ਰਕਾਸ਼ਿਤ ਕਰਦਾ ਹੈ ਤਾਂ, ਉਹਨੂੰ ਅਨੇਕਾਂ ਸਵਾਲ ਕਰ ਦਿੱਤੇ ਜਾਂਦੇ ਹਨ। ਮਹਿਬੂਬਾ ਮੁਫਤੀ ਨੇ ਦੋਸ਼ ਲਗਾਇਆ ਕਿ ਸ਼੍ਰੀਨਗਰ ਦੇ ਬਾਹਰੀ ਇਲਾਕੇ ਹੋਕਰਸਰ ਵਿੱਚ ਇੱਕ ਕਥਿਤ ਫਰਜ਼ੀ ਮੁਕਾਬਲੇ ਵਿੱਚ ਮਾਰੇ ਗਏ ਅਤਹਰ ਮੁਸ਼ਤਾਕ ਦੇ ਘਰ ਉਸ ਦੇ ਪਰਿਵਾਰਕ ਮੈਂਬਰ ਨੂੰ ਮਿਲਣ ਜਾ ਰਹੇ ਸਨ। ਮਹਿਬੂਬਾ ਦੇ ਦੋਸ਼ ਮੁਤਾਬਿਕ, ਅਤਹਰ ਮੁਸ਼ਤਾਕ ਦੇ ਪਿਤਾ ਖ਼ਿਲਾਫ਼ ਵੀ ਪੁਲਿਸ ਨੇ ਗ਼ੈਰ-ਕਾਨੂੰਨੀ ਸਰਗਰਮੀਆਂ ਦੀ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੋਇਆ ਹੈ।