21 ਸਾਲਾ ਵਾਤਾਵਰਨ ਕਾਰਕੁੰਨ ਦਿਸ਼ਾ ਰਵੀ ਨੂੰ ਬੰਗਲੌਰ ਤੋਂ ਦਿੱਲੀ ਦੇ ਸਪੈਸ਼ਲ ਸਾਈਬਰ ਸੈੱਲ ਦੇ ਵੱਲੋਂ ਪਿਛਲੇ ਦਿਨੀਂ ਗ੍ਰਿਫਤਾਰ ਕਰ ਲਿਆ ਗਿਆ। ਦਿਸ਼ਾ 'ਤੇ ਦੋਸ਼ ਹਨ ਕਿ ਉਹਨੇ ਅਜਿਹੀ ਟੂਲਕਿੱਟ ਤਿਆਰ ਕੀਤੀ ਹੈ, ਜਿਸ ਦੇ ਨਾਲ ਹਿੰਸਾ ਭੜਕੀ ਹੈ, ਜਦੋਂਕਿ ਦਿਸ਼ਾ ਦੁਆਰਾ ਤਿਆਰ ਕੀਤੀ ਗਈ ਟੂਲਕਿੱਟ ਵਿੱਚ ਕਿਧਰੇ ਵੀ ਹਿੰਸਾ ਭੜਕਾਉਣ ਦੀ ਗੱਲ ਨਿਕਲ ਕੇ ਸਾਹਮਣੇ ਹੀ ਨਹੀਂ ਆ ਰਹੀ। ਫਿਰ ਅਜਿਹਾ ਕੀ ਦਬਾਅ ਹੈ ਦਿੱਲੀ ਪੁਲਿਸ 'ਤੇ ਕਿ ਉਹ ਵਾਰ ਵਾਰ ਦਿਸ਼ਾ ਰਵੀ ਨੂੰ ਕਟਹਿਰੇ ਵਿੱਚ ਖੜ੍ਹਾ ਕਰਕੇ ਸੁਰਖ਼ੀਆਂ ਬਟੋਰ ਰਹੀ ਹੈ?
ਖ਼ੈਰ, ਪੁਲਿਸ ਨੇ ਦੋਸ਼ ਲਗਾਏ ਹਨ ਕਿ ਦਿਸ਼ਾ ਰਵੀ ਨੇ ਇੱਕ ਟੂਲਕਿੱਟ ਰਾਹੀਂ ਗ੍ਰੇਟਾ ਥਨਬਰਗ ਨੂੰ ਟਵੀਟ ਕਰਨ ਲਈ ਕਿਹਾ ਸੀ। ਵੈਸੇ, ਗ੍ਰੇਟਾ ਥਨਬਰਗ ਨੇ ਸ਼ੇਅਰ ਕੀਤੀ ਗਈ ਟਵਿੱਟਰ 'ਤੇ ਟੂਲਕਿੱਟ ਵਿੱਚ ਕਿਸਾਨਾਂ ਦੀ ਹਮਾਇਤ ਬਾਰੇ ਹੀ ਲਿਖਿਆ ਗਿਆ ਸੀ, ਇਸ ਤੋਂ ਇਲਾਵਾ ਕਿਤੇ ਵੀ ਕੋਈ ਦੰਗੇ ਭੜਕਾਉਣ ਜਾਂ ਫਿਰ ਹਿੰਸਾ ਕਰਨ ਦੀ ਕੋਈ ਗੱਲ ਨਹੀਂ ਸੀ ਲਿਖੀ ਗਈ, ਜਦੋਂਕਿ ਦਿੱਲੀ ਪੁਲਿਸ ਦੁਆਰਾ ਬਣਾਈ ਗਈ ਕਹਾਣੀ ਦੇ ਵਿੱਚ ਦੱਸਿਆ ਗਿਆ ਹੈ ਕਿ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤੀ ਦਿਸ਼ਾ ਰਵੀ ਨੇ 'ਟੂਲਕਿੱਟ' ਗ੍ਰੇਟਾ ਥੁਨਬਰਗ ਨੂੰ ਭੇਜੀ ਸੀ।
ਲੰਘੇ ਦਿਨ ਬੰਗਲੌਰ ਤੋਂ ਦਿੱਲੀ ਪੁਲਿਸ ਨੇ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕਰਕੇ, ਉਹਦੇ 'ਤੇ ਕਈ ਮੁਕੱਦਮੇ ਦਰਜ ਕਰ ਦਿੱਤੇ। ਇਹ ਮੁਕੱਦਮੇ ਦਿਸ਼ਾ ਰਵੀ 'ਤੇ ਇੰਝ ਦਰਜ ਕੀਤੇ ਗਏ, ਜਿਵੇਂ ਉਹਨੇ ਕੋਈ ਪ੍ਰਮਾਣੂ ਬੰਬ ਦੇਸ਼ ਦੇ ਅੰਦਰ ਚਲਾਇਆ ਹੋਵੇ। ਆਖਰ ਇੱਕ ਵਾਤਾਵਰਨ ਕਾਰਕੁੰਨ, ਭਾਰਤ ਦੇ ਅੰਦਰ ਵਾਤਾਵਰਨ ਤੋਂ ਇਲਾਵਾ ਹੋਰ ਕਰ ਵੀ ਕੀ ਸਕਦੀ ਹੋਵੇਗੀ? ਕੀ ਵਾਤਾਵਰਨ ਕਾਰਕੁੰਨਾਂ ਹੁਣ ਬਰੂਦ ਨਾਲ ਭਰ ਚੁੱਕੀਆਂ ਹਨ? ਹੁਕਮਰਾਨ ਹੁਣ ਵਾਤਾਵਰਨ ਕਾਰਕੁੰਨਾਂ ਨੂੰ ਜਵਾਲਾਮੁਖੀ ਦੇ ਵਾਂਗ ਵੇਖ ਰਹੇ ਹਨ।
ਇੱਕ ਨਿਹੱਥੀ ਕੁੜੀ, ਜਿਸ ਨੇ ਆਪਣੀ ਨਿੱਕੀ ਜਿਹੀ ਉਮਰ ਹਰੇ ਭਰੇ ਵਾਤਾਵਰਨ ਦੇ ਜ਼ਿੰਮੇ ਲਗਾ ਦੇਣ ਦਾ ਵਾਅਦਾ ਕਰਿਆ ਹੋਇਆ ਹੈ, ਉਹਨੂੰ ਇਸ ਪ੍ਰਕਾਰ ਸਮੇਂ ਦੀ ਹਕੂਮਤ ਮਧੌਲਣ 'ਤੇ ਲੱਗੀ ਹੋਈ ਹੈ, ਜਿਵੇਂ ਉਹਨੇ ਕੋਈ ਦੇਸ਼ ਤੋੜੂ ਕੰਮ ਕੀਤਾ ਹੋਵੇ। ਜਦੋਂਕਿ ਅਸਲ ਦੇ ਵਿੱਚ ਜਿਹੜੇ ਗੁੰਡੇ ਦੇਸ਼ ਤੋੜੂ ਕੰਮ ਕਰ ਰਹੇ ਹਨ, ਉਹਦੇ ਬਾਰੇ ਵਿੱਚ ਕੋਈ ਵੀ ਬੋਲ ਨਹੀਂ ਰਿਹਾ। ਇੱਥੋਂ ਤੱਕ ਕਿ ਗੋਦੀ ਮੀਡੀਆ ਜਿਹੜੀਆਂ ਦੇਸ਼ ਤੋੜਣ ਵਾਲੀਆਂ ਖ਼ਬਰਾਂ ਚਲਾਉਂਦਾ ਹੈ, ਉਹਦੇ ਬਾਰੇ ਵਿੱਚ ਨਾ ਤਾਂ ਦਿੱਲੀ ਪੁਲਿਸ ਨੂੰ ਕੋਈ ਪਰਚਾ ਦਰਜ ਕਰਨ ਦੀ ਸੁੱਝ ਰਹੀ ਹੈ ਅਤੇ ਨਾ ਹੀ ਹਕੂਮਤ ਗੋਦੀ ਮੀਡੀਆ ਦੀ ਜ਼ੁਬਾਨ ਨੂੰ ਤਾਲਾ ਲਗਵਾ ਰਹੀ ਹੈ।
ਲਗਾਤਾਰ ਕੁਫ਼ਰ ਤੋਲਣ 'ਤੇ ਲੱਗਿਆ ਹੋਇਆ ਭਾਰਤੀ ਗੋਦੀ ਮੀਡੀਆ ਇਸ ਵੇਲੇ ਦਿਸ਼ਾ ਰਵੀ ਦੀ ਉਹ ਦਸ਼ਾ ਵਿਖਾਉਣ ਦੇ ਵਿੱਚ ਰੁੱਝ ਗਿਆ ਹੈ, ਜਿਹੜੀ ਕਿ ਦਸ਼ਾ ਹੈ ਨਹੀਂ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਇਸ ਮਾਮਲੇ ਵਿੱਚ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਟਵੀਟ ਕੀਤਾ ਕਿ 'ਡਰਤੇ ਹੈ ਬੰਦੂਕੋਂ ਵਾਲੇ ਏਕ ਨਿਹੱਥੀ ਲੜਕੀ ਸੇ, ਫੈਲੇ ਹੈਂ ਹਿੰਮਤ ਕੇ ਉਜਾਲੇ ਏਕ ਨਿਹੱਥੀ ਲੜਕੀ ਸੇ'।