ਕੀ ਭਾਜਪਾ ਆਈ. ਟੀ. ਸੈੱਲ ਫ਼ੇਕ ਅਕਾਊਂਟ ਜ਼ਰੀਏ ਕਿਸਾਨ ਮੋਰਚੇ ਨੂੰ ਫ਼ੇਲ੍ਹ ਕਰਨ ਵਿੱਚ ਲੱਗਿਆ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 16 2021 14:02
Reading time: 1 min, 39 secs

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਲਗਾਤਾਰ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਆਮ ਲੋਕਾਂ ਦਾ ਮੋਰਚਾ ਜਾਰੀ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸ਼ੁਰੂ ਤੋਂ ਹੀ ਇਹ ਮੰਗ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਕਿਉਂਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਪੱਖੀ ਹਨ ਅਤੇ ਇਨ੍ਹਾਂ ਕਾਨੂੰਨਾਂ ਜਰੀਏ ਸਭ ਤੋਂ ਵੱਧ ਨੁਕਸਾਨ ਕਿਸਾਨ ਤੋਂ ਇਲਾਵਾ ਅਵਾਮ ਦਾ ਹੀ ਹੋਣਾ ਹੈ। ਪਰ ਇਸ 'ਤੇ ਕੇਂਦਰ ਸਰਕਾਰ ਦਾ ਰਵੱਈਆ ਹੁਣ ਤੱਕ ਦਾ ਜੋ ਵੇਖਣ ਨੂੰ ਮਿਲਿਆ ਹੈ, ਉਹ ਕਿਸਾਨ ਵਿਰੋਧੀ ਹੀ ਰਵੱਈਆ ਹੈ। 

ਜਦੋਂ ਹੁਣ ਮੋਦੀ ਸਰਕਾਰ ਕਿਸਾਨਾਂ ਦੇ ਰੋਹ ਨੂੰ ਖ਼ਤਮ ਕਰਨ ਤੋਂ ਇਲਾਵਾ ਕਿਸਾਨਾਂ ਦੀ ਮੰਗ ਨੂੰ ਮੰਨਣ ਤੋਂ ਕਿਨਾਰਾ ਕਰ ਚੁੱਕੀ ਹੈ ਤਾ, ਸਰਕਾਰ ਸੋਚ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਅੰਦੋਲਨ ਨੂੰ ਫ਼ੇਲ੍ਹ ਕੀਤਾ ਜਾਵੇ ਅਤੇ ਮੋਰਚੇ ਨੂੰ ਬਦਨਾਮ ਕਰੇ, ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਨੂੰ ਉਠਾ ਦਿੱਤਾ ਜਾਵੇ। ਪਰ ਸੂਝਵਾਨ ਕਿਸਾਨ ਆਗੂ ਮੋਰਚੇ ਨੂੰ ਸੰਭਾਲੀ ਬੈਠੇ ਹਨ ਅਤੇ ਵਿਰੋਧੀਆਂ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇ ਰਹੇ। 

ਜਾਣਕਾਰੀ ਦੇ ਮੁਤਾਬਿਕ, ਭਾਜਪਾ ਆਈ. ਟੀ. ਸੈੱਲ 'ਤੇ ਹੁਣ ਇਹ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ ਕਿ ਫ਼ੇਕ ਅਕਾਊਂਟ ਜ਼ਰੀਏ ਕਿਸਾਨ ਮੋਰਚੇ ਨੂੰ ਫ਼ੇਲ੍ਹ ਕਰਨ ਵਿੱਚ ਭਾਜਪਾ ਆਈ. ਟੀ. ਸੈੱਲ ਲੱਗਿਆ ਹੈ। ਇਸ ਗੱਲ ਦਾ ਖ਼ੁਲਾਸਾ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਧਰਮ-ਪਤਨੀ ਅਤੇ ਉੱਘੀ ਕਿਸਾਨ ਆਗੂ ਤੋਂ ਇਲਾਵਾ ਪ੍ਰੋਫ਼ੈਸਰ ਜਗਰੂਕ ਕੌਰ ਦੁਆਰਾ ਕੀਤਾ ਗਿਆ ਹੈ। ਆਪਣੀ ਇੱਕ ਪੋਸਟ ਦੇ ਵਿੱਚ ਜਗਰੂਕ ਕੌਰ ਲਿਖਦੇ ਹਨ ਕਿ ਸੰਘੀ ਲਾਣਾ ਕਿਸਾਨ ਮੋਰਚੇ ਨੂੰ ਫ਼ੇਲ੍ਹ ਕਰਨ ਲਈ ਫ਼ੇਕ ਅਕਾਊਂਟ ਬਣਾ ਰਿਹਾ ਹੈ। 

ਪਰ, ਇਨ੍ਹਾਂ ਦੀ ਇਸ ਕੋਸ਼ਿਸ਼ ਨੂੰ ਕਿਸਾਨ ਅਤੇ ਨੌਜਵਾਨ ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਖੇਤੀ ਸਬੰਧੀ ਲਿਆਂਦੇ ਗਏ ਕਾਲੇ ਕਾਨੂੰਨ ਮੁੱਢ ਤੋਂ ਰੱਦ ਹੋਣ ਅਤੇ ਇਸ ਤੋਂ ਥੱਲੇ ਕਿਸਾਨਾਂ ਨੂੰ ਕੁੱਝ ਵੀ ਮਨਜ਼ੂਰ ਨਹੀਂ ਹੈ। ਜਗਰੂਕ ਕੌਰ ਨੇ ਦੋਸ਼ ਲਗਾਇਆ ਕਿ ਭਾਜਪਾ ਆਈਟੀ ਸੈੱਲ ਵੱਲੋਂ ਲਗਾਤਾਰ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਵਿੱਚ ਨਫ਼ਰਤ ਫ਼ੈਲਾਈ ਜਾ ਰਹੀ ਹੈ, ਪਰ ਸਾਡੇ ਕਿਸਾਨ ਆਗੂ ਸਰਕਾਰ ਦੀ ਇਸ ਚਾਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਸਰਕਾਰ ਦੀ ਇਸ ਚਾਲ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ।