ਕਿਸਾਨ ਦਾ ਦੇਸ਼ ਵਿਆਪੀ ਰੇਲ ਰੋਕੋ ਐਕਸ਼ਨ: ਰੇਲਾਂ ਦੀ ਨਹੀਂ ਵੱਜੇਗੀ ਕੂਕ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 16 2021 13:58
Reading time: 1 min, 41 secs

ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਪਿਛਲੇ ਦਿਨੀਂ ਇਹ ਵੱਡਾ ਐਲਾਨ ਕੀਤਾ ਗਿਆ ਸੀ ਕਿ 18 ਫਰਵਰੀ ਨੂੰ ਮੁਲਕ ਭਰ ਦੇ ਅੰਦਰ ਰੇਲ ਰੋਕੋ ਐਕਸ਼ਨ ਕੀਤਾ ਜਾਵੇਗਾ ਅਤੇ ਇਹ ਐਕਸ਼ਨ ਦੇ ਤਹਿਤ ਸਾਰੇ ਦੇਸ਼ ਦੇ ਅੰਦਰ ਰੇਲਾਂ ਦਾ ਚੱਕਾ ਜਾਮ ਕਰਕੇ, ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਦੇ ਵੱਲ ਧਿਆਨ ਨਾ ਦਿੰਦਿਆਂ ਹੋਇਆ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ, ਮੋਰਚੇ ਨੂੰ ਹੋਰ ਤਿੱਖਾ ਕਰ ਦਿੱਤਾ ਜਾਵੇਗਾ। 

ਕਿਸਾਨਾਂ ਦੁਆਰਾ ਦਿੱਤੇ ਗਏ ਇਸ ਹੋਕੇ ਨੇ ਸਰਕਾਰ ਦੀਆਂ ਨੀਂਦਾਂ ਉਡਾ ਕੇ ਰੱਖ ਦਿੱਤੀਆਂ ਹਨ। ਸੰਯੁਕਤ ਕਿਸਾਨ ਮੋਰਚੇ ਦੁਆਰਾ ਕੀਤੇ ਗਏ ਇਸ ਐਲਾਨ ਨੇ ਸਰਕਾਰ ਨੂੰ ਇਹ ਸੋਚਣ ਲਈ ਵੀ ਮਜ਼ਬੂਰ ਕਰ ਦਿੱਤਾ ਹੈ, ਕਿ ਹੁਣ ਤਾਂ ਖੇਤੀ ਕਾਨੂੰਨਾਂ 'ਤੇ ਜਲਦ ਕੋਈ ਫ਼ੈਸਲਾ ਲੈਣਾ ਹੀ ਪਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ ਹੁਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਖ਼ਿਲਾਫ਼ ਵੱਖ-ਵੱਖ ਰਾਜਾਂ ਵਿੱਚ ਆਯੋਜਿਤ ਕਿਸਾਨ ਮਹਾਂ ਪੰਚਾਇਤ ਨਾਂਅ ਥੱਲੇ ਕੀਤੇ ਜਾ ਰਹੇ ਇਕੱਠਾ ਨੂੰ ਵਿਆਪਕ ਸਮੱਰਥਨ ਅਤੇ ਸਹਿਯੋਗ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ, 18 ਫਰਵਰੀ ਦਾ ਦੇਸ਼ ਵਿਆਪੀ ਰੇਲ ਰੋਕੋ ਐਕਸ਼ਨ ਲਾ-ਮਿਸਾਲ ਹੋਵੇਗਾ ਅਤੇ ਮੋਦੀ ਸਰਕਾਰ ਦੇ ਪੈਰਾਂ ਹੇਠਾਂ ਤੋਂ ਸਿਆਸੀ ਜ਼ਮੀਨ ਖਿਸਕਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕਰੇਗਾ। ਕਿਸਾਨ ਆਗੂ ਨੇ ਇਹ ਵੀ ਦੱਸਿਆ ਕਿ ਬੇਸ਼ੱਕ ਮੋਦੀ ਸਰਕਾਰ ਇਹ ਸਮਝੀ ਬੈਠੀ ਹੈ ਕਿ ਕਿਸਾਨਾਂ ਦੇ ਇਸ ਮੋਰਚੇ ਦੇ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਣਾ, ਪਰ ਮੋਦੀ ਸਰਕਾਰ ਕਿਸੇ ਭੁਲੇਖੇ ਵਿੱਚ ਨਾ ਰਹੇ, ਕਿਉਂਕਿ ਹੁਣ ਲੋਕ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਹੋ ਚੁੱਕੇ ਹਨ ਅਤੇ ਸਰਕਾਰ ਦੀਆਂ ਜੜ੍ਹਾਂ ਉਖਾੜਨ ਲਈ ਸਿਰ ਧੜ ਦੀ ਬਾਜੀ ਲਾਉਣ ਲਈ ਤਿਆਰ ਹਨ।

ਕਿਸਾਨ ਆਗੂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਦੀਆਂ ਇਹ ਕੋਝੀਆਂ ਹਰਕਤਾਂ ਉਨ੍ਹਾਂ ਦੇ ਇਸ ਸ਼ਾਂਤਮਈ ਅੰਦੋਲਨ ਨੂੰ ਫੇਲ ਕਰਨ ਵਿਚ ਕਦੇ ਕਾਮਯਾਬ ਨਹੀਂ ਹੋ ਸਕਦੀਆਂ। ਕਿਸਾਨ ਦਿੱਲੀ ਦਿਆਂ ਬਾਰਡਰਾਂ 'ਤੇ ਪਹਿਲਾਂ ਨਾਲੋਂ ਵੀ ਵੱਧ ਗਿਣਤੀ ਵਿੱਚ ਡਟੇ ਹਨ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਘਰ ਵਾਪਸ ਆਉਣਗੇ। ਦੱਸਣਾ ਬਣਦਾ ਹੈ ਕਿ ਜਿਸ ਪ੍ਰਕਾਰ ਕਿਸਾਨਾਂ ਦੇ ਵਿੱਚ ਭਾਰੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ, ਉਹਦੇ ਤੋਂ ਸਰਕਾਰ ਡਰ ਚੁੱਕੀ ਹੈ ਅਤੇ ਸਰਕਾਰ ਬਹੁਤ ਜਲਦ ਕਿਸਾਨਾਂ ਦੇ ਰੋਹ ਅੱਗੇ ਝੁਕ ਵੀ ਸਕਦੀ ਹੈ।