ਹੁਕਮਰਾਨ ਅਤੇ ਗੋਦੀ ਮੀਡੀਆ ਕਿਸਾਨੀ ਅੰਦੋਲਨ ਨੂੰ ਫ਼ੇਲ੍ਹ ਕਰਨ ਵਿੱਚ ਅਸਫਲ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 16 2021 13:57
Reading time: 1 min, 39 secs

ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਜਿੱਥੇ ਗੋਦੀ ਮੀਡੀਆ ਅੱਤਵਾਦੀ, ਵੱਖਵਾਦੀ ਅਤੇ ਖ਼ਾਲਿਸਤਾਨੀ ਕਹਿ ਕੇ ਪੁਕਾਰ ਰਿਹਾ ਹੈ, ਉੱਥੇ ਹੀ ਸੱਤਾਧਿਰ ਭਾਜਪਾ ਦੇ ਕਈ ਮੰਤਰੀ ਅਤੇ ਸੀਨੀਅਰ ਆਗੂ ਕਿਸਾਨਾਂ ਨੂੰ ਖ਼ਾਲਿਸਤਾਨੀ ਅਤੇ ਖੱਬੇਪੱਖੀ ਦੱਸ ਕੇ, ਮੋਰਚੇ ਨੂੰ ਫ਼ੇਲ੍ਹ ਕਰਨ ਦੇ ਵਿੱਚ ਰੁੱਝੇ ਹੋਏ ਹਨ। ਪਰ ਅਸਲ ਦੇ ਵਿੱਚ ਨਾ ਤਾਂ ਗੋਦੀ ਮੀਡੀਆ ਨੂੰ ਕਿਸਾਨਾਂ ਬਾਰੇ ਪਤਾ ਹੈ ਅਤੇ ਨਾ ਹੀ ਸੱਤਾਧਿਰ ਭਾਜਪਾ ਨੂੰ ਕਿਸਾਨਾਂ ਬਾਰੇ ਭੋਰਾ ਪਤਾ ਹੈ। 

ਜੇਕਰ ਇਹ ਕਿਸਾਨਾਂ ਦੇ ਵਿੱਚ ਜਾ ਕੇ ਕਿਸਾਨਾਂ ਦੀ ਗੱਲ ਸੁਣਦੇ ਹੋਣ ਤਾਂ ਇਨ੍ਹਾਂ ਨੂੰ ਪਤਾ ਹੋਵੇ, ਕਿ ਕਿਸਾਨ ਕੌਣ ਹਨ? ਖ਼ੈਰ, ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਜਿਹੜਾ ਮੋਰਚਾ ਲਗਾਇਆ ਹੋਇਆ ਹੈ, ਉਹਨੂੰ ਦਿਨ ਪ੍ਰਤੀ ਦਿਨ ਬਲ ਮਿਲ ਰਿਹਾ ਹੈ। ਕਿਸਾਨਾਂ ਦੇ ਮੋਰਚੇ ਵਿੱਚ ਜਿੱਥੇ ਭੀੜ ਵੱਧ ਰਹੀ ਹੈ, ਉੱਥੇ ਹੀ ਗੋਦੀ ਮੀਡੀਆ ਅਤੇ ਸੱਤਾਧਿਰ ਭਾਜਪਾ ਔਖੀ ਹੋਈ ਬੈਠੀ ਹੈ। ਲਗਾਤਾਰ ਕਿਸਾਨੀ ਮੋਰਚੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ ਚੱਲ ਰਹੀ ਹਨ, ਪਰ ਕਿਸਾਨ ਸਰਕਾਰ ਦੀਆਂ ਏਨਾ ਕੋਸ਼ਿਸ਼ਾਂ ਨੂੰ ਫ਼ੇਲ੍ਹ ਕਰ ਰਹੇ ਹਨ। 

'ਨਿਊਜ਼ਨੰਬਰ' ਦੇ ਨਾਲ ਗੱਲਬਾਤ ਸਾਂਝੀ ਕਰਦਿਆਂ ਹੋਇਆ ਨੌਜਵਾਨ ਭਾਰਤ ਸਭਾ ਦੇ ਆਗੂ ਬ੍ਰਿਜ ਰਾਜੇਆਣਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਪ੍ਰੀਤ ਰਾਜੇਆਣਾ ਨੇ ਦੋਸ਼ ਲਗਾਇਆ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਲਗਾਤਾਰ ਆਪਣੇ ਫਾਸ਼ੀਵਾਦ ਦੇ ਏਜੰਡੇ ਤਹਿਤ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਅਤੇ ਜਿੰਦ ਫੜ ਕੇ ਬੈਠੀ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਸਲ ਦੇ ਵਿੱਚ ਪੂਰੀ ਤਰ੍ਹਾਂ ਬੁਖਲਾਹਟ ਵਿਚ ਆ ਚੁੱਕੀ ਹੈ ਅਤੇ ਸਰਕਾਰ ਤੇ ਉਸਦਾ ਗੋਦੀ ਮੀਡੀਆ ਕਿਸਾਨੀ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ। 

ਉਨ੍ਹਾਂ ਕਿਹਾ ਕਿ, ਦਿੱਲੀ ਪੁਲਿਸ ਵੀ ਮੋਦੀ ਸਰਕਾਰ ਦਾ ਪੱਖ ਪੂਰ ਰਹੀ ਹੈ, ਜਿਵੇਂ ਕਿ ਪਿਛਲੇ ਦਿਨੀਂ ਵਾਤਾਵਰਣ ਕਾਰਕੁੰਨ ਗ੍ਰੇਟਾ ਥਨਬਰਗ 'ਤੇ ਕੇਸ ਦਰਜ ਕੀਤਾ ਗਿਆ ਸੀ ਅਤੇ ਹੁਣ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨਾਮ ਦੀ ਲੜਕੀ ਨੂੰ ਲੰਘੇ ਦਿਨੀਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਿੱਲੀ ਪੁਲਿਸ ਦੁਆਰਾ ਇਸ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ, ਛੇਤੀ ਤੋਂ ਛੇਤੀ ਦਿਸ਼ਾ ਰਵੀ ਤੋਂ ਇਲਾਵਾ ਮਜਦੂਰ ਕਾਰਕੁੰਨ ਨੌਦੀਪ ਕੌਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਕਿਉਂਕਿ ਇਹ ਲੋਕ ਹਿੱਤ ਆਗੂ ਹਨ, ਨਾ ਕਿ ਦੇਸ਼ ਤੋੜੂ।