ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚਲੀ ਸਰਕਾਰ ਭਾਵੇਂ ਹੀ ਇਹ ਦਾਅਵਾ ਕਰਦੀ ਹਮੇਸ਼ਾ ਨਜ਼ਰੀ ਆਉਂਦੀ ਹੈ ਕਿ, ਉਨ੍ਹਾਂ ਦਾ ਆਈਟੀ ਸੈੱਲ ਸਰਕਾਰ ਦੀਆਂ ਸਕੀਮਾਂ ਦੀ ਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਂਦਾ ਹੈ। ਪਰ ਦੋਸ਼ ਇਹ ਲੱਗ ਰਹੇ ਹਨ, ਕਿ ਭਾਜਪਾ ਦਾ ਇਹ ਆਈਟੀ ਸੈੱਲ ਦੰਗੇ ਕਰਵਾਉਣ ਤੋਂ ਇਲਾਵਾ ਚੋਣਾਂ ਜਿੱਤਣ ਦੇ ਵਾਸਤੇ ਨਵੀਆਂ ਨਵੀਆਂ ਸਕੀਮਾਂ ਵੀ ਘੜਦਾ ਹੈ। ਆਈ ਟੀ ਸੈੱਲ 'ਤੇ ਦੋਸ਼ ਕੋਈ ਹੋਰ ਨਹੀਂ, ਬਲਕਿ ਮਮਤਾ ਸਰਕਾਰ ਹੀ ਲਗਾ ਰਹੀ ਹੈ ਅਤੇ ਕਹਿ ਰਹੀ ਹੈ ਕਿ ਬੰਗਾਲ ਦੇ ਅੰਦਰ ਭਾਜਪਾ ਨੇ ਦਹਿਸ਼ਤ ਮਚਾਈ ਹੋਈ ਹੈ।
ਮਮਤਾ ਸਰਕਾਰ ਦੁਆਰਾ ਲਗਾਏ ਗਏ ਦੋਸ਼ ਕਿੰਨੇ ਕੁ ਸਹੀ ਹਨ ਅਤੇ ਕਿੰਨੇ ਕੁ ਗ਼ਲਤ ਹਨ, ਇਹਦੇ ਬਾਰੇ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ, ਪਰ ਜਿਸ ਪ੍ਰਕਾਰ ਬੰਗਾਲ ਦੇ ਅੰਦਰ ਮਮਤਾ ਤੋਂ ਪਹਿਲੋਂ ਹੀ ਭਾਜਪਾ ਨੇ ਆਪਣੀ ਪਕੜ ਮਜਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ, ਉਹਦੇ ਤੋਂ ਇੱਕ ਗੱਲ ਸਾਫ਼ ਹੈ ਕਿ ਭਾਜਪਾ ਜ਼ਰੂਰ ਬੰਗਾਲ ਫ਼ਤਹਿ ਕਰੇਗੀ। ਖ਼ੈਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨੀਂ ਇਹ ਜਾਣਕਾਰੀ ਦਿੱਤੀ, ਕਿ ਭਾਜਪਾ ਸਿਰਫ਼ ਜਨ ਸਭਾ ਅਤੇ ਰੋਡ ਸ਼ੋਅ ਰਾਹੀਂ ਬੰਗਾਲ ਫਤਹਿ ਕਰਨ ਦੇ ਜੁਗਾੜ ਵਿੱਚ ਨਹੀਂ ਹੈ, ਉਹ ਇਸ ਵਿੱਚ ਇੰਟਰਨੈੱਟ ਮੀਡੀਆ ਦਾ ਵੀ ਪੂਰਾ ਇਸਤੇਮਾਲ ਕਰਨਾ ਚਾਹੁੰਦੇ ਹਨ।
ਅਮਿਤ ਸ਼ਾਹ ਨੇ ਇਸ ਬਾਬਤ ਬੰਗਾਲ ਭਾਜਪਾ ਦੇ ਆਈਟੀ ਸੈੱਲ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਖ਼ਬਰਾਂ ਦੀ ਮੰਨੀਏ ਤਾਂ ਸ਼ਾਹ ਨੇ ਆਈਟੀ ਸੈੱਲ ਨੂੰ 80 ਹਜ਼ਾਰ ਵ੍ਹਟਸਐਪ ਗਰੁੱਪ ਤਿਆਰ ਕਰਕੇ ਬੰਗਾਲ ਦੇ 10 ਲੱਖ ਮੋਬਾਈਲ ਯੂਜ਼ਰਜ਼ ਨਾਲ ਜੁੜਨ ਨੂੰ ਕਿਹਾ ਹੈ। ਇਹ ਕੰਮ ਮਾਰਚ-ਅਪ੍ਰੈਲ ਤੱਕ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਵ੍ਹਟਸਐਪ ਗਰੁੱਪ ਰਾਹੀਂ ਬੰਗਾਲ ਦੇ ਲੋਕਾਂ ਵਿਚਾਲੇ ਭਾਜਪਾ ਦੇ ਪੱਖ ਵਿੱਚ ਨਵੇਂ ਢੰਗ ਨਾਲ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਆਈਟੀ ਸੈੱਲ ਦੀ ਹਰੇਕ ਟੀਮ ਨੂੰ ਚਾਰ ਹਿੱਸਿਆਂ ਵਿੱਚ ਤਕਸੀਮ ਕਰਨ ਦੀ ਸਲਾਹ ਦਿੱਤੀ ਹੈ।
ਸ਼ਾਹ ਨੇ ਆਈਟੀ ਸੈੱਲ ਨੂੰ ਕਿਹਾ ਕਿ ਸਿਰਫ਼ ਉਤਸ਼ਾਹ ਨਾਲ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ, ਪ੍ਰਚਾਰ ਦੇ ਨਵੇਂ ਤਰੀਕਿਆਂ ਦੀ ਵਰਤੋਂ ਕਰਨੀ ਪਵੇਗੀ। ਦੂਜੇ ਪਾਸੇ, ਵਿਰੋਧੀ ਧਿਰ ਮਮਤਾ ਸਰਕਾਰ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਦਾ ਦੋਸ਼ ਹੈ ਕਿ ਦੁਨੀਆ ਭਰ ਦੇ ਵਿੱਚ ਭਾਜਪਾ ਦਾ ਹੀ ਇੱਕ ਅਜਿਹਾ ਆਈਟੀ ਸੈੱਲ ਹੈ, ਜਿਸ ਦੀਆਂ, ਖ਼ੁਦ ਦੀਆਂ ਹੀ ਏਨੀਆਂ ਜ਼ਿਆਦਾ ਜਾਅਲੀ ਵੈੱਬਸਾਈਟ ਸੋਸ਼ਲ ਮੀਡੀਆ 'ਤੇ ਚੱਲਦੀਆਂ ਹਨ, ਕਿ ਕੋਈ ਕਹਿਣ ਦੀ ਹੱਦ ਨਹੀਂ ਅਤੇ ਜ਼ਿਆਦਾਤਰ ਗੋਦੀ ਮੀਡੀਆ ਅਦਾਰੇ ਇਨ੍ਹਾਂ ਵੈੱਬਸਾਈਟ ਤੋਂ ਹੀ ਖ਼ਬਰਾਂ ਚੁੱਕ ਕੇ, ਜਨਤਾ ਨੂੰ ਗੁੰਮਰਾਹ ਕਰਨ 'ਤੇ ਤੁਲੇ ਹੋਏ ਹਨ।
ਖ਼ੈਰ, ਭਾਜਪਾ ਦਾ ਆਈਟੀ ਸੈੱਲ ਇਸ ਵੇਲੇ ਭਾਰਤ ਨੂੰ ਬਰਬਾਦੀ ਦੇ ਵੱਲ ਤਾਂ ਲਿਜਾ ਹੀ ਰਿਹਾ ਹੈ, ਨਾਲ ਹੀ ਸਾਡੀ ਅਵਾਮ ਦੀਆਂ ਅੱਖਾਂ ਦੇ ਵਿੱਚ ਚਿੱਟੇ ਦਿਨੇ ਧੂੜ ਸੁੱਟ ਰਿਹਾ ਹੈ। ਚੋਣਾਂ ਜਿੱਤਣ ਵਾਸਤੇ ਭਾਜਪਾ ਕੀ ਕੁੱਝ ਕਰਦੀ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਹੋਰ ਜਾਣ ਲਿਆ ਜਾਵੇ ਤਾਂ, ਚੰਗਾ ਹੋਵੇਗਾ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਹੈ ਕਿ 14 ਫਰਵਰੀ 2019 ਨੂੰ ਪੁਲਵਾਮਾ ਵਿੱਚ 40 ਜਵਾਨ ਸ਼ਹੀਦ ਹੋਏ, ਇਨ੍ਹਾਂ 40 ਜਵਾਨਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਦੀ ਬਿਜਾਏ, ਭਾਜਪਾ ਜਵਾਨਾਂ ਦੀ ਸ਼ਹੀਦੀ 'ਤੇ ਵੋਟਾਂ ਮੰਗਦੀ ਹੋਈ ਨਜ਼ਰੀ ਆਈ ਸੀ ਅਤੇ ਸਭ ਤੋਂ ਵੱਧ ਇਸ ਦਾ ਪ੍ਰਚਾਰ ਗੋਦੀ ਮੀਡੀਆ ਅਤੇ ਭਾਜਪਾ ਆਈਟੀ ਸੈੱਲ ਨੇ ਕੀਤਾ ਸੀ। 2019 ਦੇ ਵਿੱਚ ਸ਼ਹੀਦਾਂ ਦੇ ਨਾਂਅ 'ਤੇ ਵੋਟਾਂ ਹਾਸਲ ਕਰਨ ਵਾਲੀ ਭਾਜਪਾ, ਹੁਣ ਬੰਗਾਲ ਦੇ ਅੰਦਰ ਆਪਣਾ ਰਾਜ ਸਥਾਪਤ ਕਰਨ ਲਈ ਉਤਾਵਲੀ ਹੋਈ ਬੈਠੀ ਹੈ।