ਕਿਸਾਨੀ ਮੋਰਚੇ ਵਿੱਚ ਇਨਕਲਾਬੀ ਕਵੀਆਂ ਦੀਆਂ ਕਵਿਤਾਵਾਂ ਦੀ ਗੂੰਜ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Feb 15 2021 14:26
Reading time: 2 mins, 4 secs

ਜਦੋਂ ਵੀ ਕੋਈ ਅੰਦੋਲਨ ਸ਼ੁਰੂ ਹੁੰਦਾ ਹੈ ਤਾਂ, ਉਹਦੇ ਵਿੱਚ ਇਕਲਾਬੀਆਂ ਕਵੀਆਂ ਦੀਆਂ ਕਵਿਤਾਵਾਂ ਅਤੇ ਗੀਤ ਜ਼ਰੂਰ ਗਾਏ ਜਾਂਦੇ ਹਨ ਅਤੇ ਉਕਤ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ, ਕਵੀਆਂ ਦੀਆਂ ਕਹੀਆਂ ਗੱਲਾਂ 'ਤੇ ਪੂਰਿਆ ਵੀ ਉੱਤਰਿਆ ਜਾਂਦਾ ਹੈ। ਮੌਜੂਦਾ ਸਮੇਂ ਦੇ ਵਿੱਚ ਬੇਸ਼ੱਕ ਸਮੇਂ ਦੀ ਸਰਕਾਰ ਦੇ ਵੱਲੋਂ ਇਨਕਲਾਬੀ ਕਵੀਆਂ ਦੇ ਇਤਿਹਾਸ ਤੋਂ ਇਲਾਵਾ ਕਵਿਤਾਵਾਂ ਨੂੰ ਪਾਠ ਪੁਸਤਕਾਂ ਦੇ ਵਿੱਚੋਂ ਖ਼ਤਮ ਕੀਤਾ ਜਾ ਰਿਹਾ ਹੈ। 

ਪਰ ਸਾਡੇ ਸੂਝਵਾਨ ਅਤੇ ਬੁੱਧੀਜੀਵੀ ਲੋਕ ਹਾਲੇ ਵੀ ਇਨਕਲਾਬੀ ਕਵੀਆਂ ਦਾ ਇਤਿਹਾਸ ਸਾਂਭ ਕੇ ਬੈਠੇ ਹਨ ਅਤੇ ਅੰਦੋਲਨ ਦੌਰਾਨ ਜੋਸ਼ ਨਾਲ ਭਰਪੂਰ ਕਵਿਤਾਵਾਂ ਗਾ ਕੇ, ਅੰਦੋਲਨ ਨੂੰ ਹੋਰ ਮਜ਼ਬੂਰ ਕਰ ਰਹੇ ਹਨ। ਕਿਸਾਨ ਅੰਦੋਲਨ ਜੋ ਇਸ ਵੇਲੇ ਦਿੱਲੀ ਦੀਆਂ ਸਰਹੱਦਾਂ 'ਤੇ ਲੱਗਿਆ ਹੋਇਆ ਹੈ, ਇਸ ਅੰਦੋਲਨ ਦੇ ਵਿੱਚ ਜਿੱਥੇ ਪਾਠ ਪੁਸਤਕਾਂ ਦਾ ਮੇਲਾ ਵੱਖਰੇ ਤੌਰ 'ਤੇ ਲੱਗਿਆ ਹੋਇਆ ਹੈ। 

ਉੱਥੇ ਹੀ ਅੰਦੋਲਨ ਦੇ ਵਿੱਚ ਪਹੁੰਚੇ ਲੋਕਾਂ ਨੂੰ ਕਿਰਤੀ ਕਿਸਾਨ ਮਜ਼ਦੂਰ ਅਤੇ ਜਵਾਨ ਦੇ ਇਤਿਹਾਸ ਬਾਰੇ ਵੀ ਦੱਸਿਆ ਜਾ ਰਿਹਾ ਹੈ। ਜ਼ੁਲਮ ਦੇ ਨਾਲ ਟਾਕਰਾ ਕਿਵੇਂ ਕਰਨਾ ਹੈ, ਉਹਦੀ ਵੀ ਵਿਆਖਿਆ ਕੀਤੀ ਜਾ ਰਹੀ ਹੈ। ਜ਼ਿਆਦਾਤਰ ਕਿਸਾਨ ਅੰਦੋਲਨ ਦੇ ਵਿੱਚ ਇਨਕਲਾਬੀ ਸਾਥੀ ਭਗਤ ਸਿੰਘ, ਅਵਤਾਰ ਪਾਸ਼ ਤੋਂ ਇਲਾਵਾ ਇਨਕਲਾਬੀ ਕਵੀ ਫ਼ੈਜ਼ ਅਹਿਮਦ ਫ਼ੈਜ਼ ਤੋਂ ਇਲਾਵਾ ਸੰਤ ਰਾਮ ਉਦਾਸੀ ਜੀ ਦਾ ਜ਼ਿਕਰ ਹੋ ਰਿਹਾ ਹੈ। 

ਵੈਸੇ, ਕਵਿਤਾਵਾਂ ਦੇ ਰਾਹੀਂ ਸਾਡੀ ਨੌਜਵਾਨ ਪੀੜ੍ਹੀ ਹੱਕ ਤਾਂ ਮੰਗ ਹੀ ਰਹੀ ਹੈ, ਕਿਉਂਕਿ ਹੱਕ ਮੰਗਣਾ ਸਾਡਾ ਅਧਿਕਾਰ ਹੈ ਅਤੇ ਹੱਕ ਉਦੋਂ ਤੱਕ ਸਾਡੇ ਲੋਕ ਮੰਗਦੇ ਰਹਿਣਗੇ, ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਮਿਲ ਨਹੀਂ ਜਾਂਦੇ। ਪਰ ਇਸੇ ਦੇ ਵਿੱਚ ਹੀ ਇਹ ਗੱਲਾਂ ਵੀ ਸਾਹਮਣੇ ਨਿਕਲ ਕੇ ਆ ਰਹੀਆਂ ਹਨ, ਉਹ ਗੱਲਾਂ ਇਹ ਹਨ ਕਿ ਇਨਕਲਾਬੀ ਕਵੀ ਅਵਤਾਰ ਪਾਸ਼ ਨੇ ਆਪਣੀ ਕਵਿਤਾ 'ਸਭ ਤੋਂ ਖ਼ਤਰਨਾਕ' ਦੇ ਵਿੱਚ ਜਿਹੜੀਆਂ ਗੱਲਾਂ ਕਹਿੰਦੇ ਹਨ। 

ਉਨ੍ਹਾਂ ਨੂੰ ਕਿਸਾਨੀ ਮੋਰਚੇ ਵਿੱਚ ਪੜ੍ਹ ਕੇ ਮੋਰਚੇ ਨੂੰ ਅਗਾਂਹ ਵਧਾਇਆ ਜਾ ਰਿਹਾ ਹੈ ਅਤੇ ਜੰਗ ਜਿੱਤਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਵੈਸੇ, ਇਸ ਵੇਲੇ ਅਵਤਾਰ ਪਾਸ਼, ਇਨਕਲਾਬੀ ਕਵੀ ਫ਼ੈਜ਼ ਅਹਿਮਦ ਫ਼ੈਜ਼ ਤੋਂ ਇਲਾਵਾ ਸੰਤ ਰਾਮ ਉਦਾਸੀ ਜੀ ਹੁਰਾਂ ਦੀਆਂ ਕਵਿਤਾਵਾਂ ਕਿਸਾਨ ਮੋਰਚੇ ਦੇ ਵਿੱਚ ਸੁਣਾਈਆਂ ਜਾ ਰਹੀਆਂ ਹਨ। ਇੱਕ ਆਮ ਨਾਅਰਾ ਸੁਣਨ ਨੂੰ ਮਿਲਦਾ ਹੈ, ਕਿ 'ਹੱਕਾਂ ਲਈ ਜੋ ਲੜਦੇ ਲੋਕ, ਉਹ ਜੇਲ੍ਹਾਂ ਤੋਂ ਨਾ ਡਰਦੇ ਲੋਕ'।

'ਹੱਕ ਲਵਾਂਗੇ ਏਕੇ ਨਾਲ, ਲੋੜ ਪਈ ਤਾਂ ਜੁੱਤੀ ਨਾਲ'। ਜੁਮਲਾਜੀਵੀ ਕੋਲੋਂ ਆਪਣੇ ਹੱਕ ਮੰਗਣਾ ਕੋਈ ਗ਼ੁਨਾਹ ਨਹੀਂ ਹੈ। ਭਾਰਤ ਵੀ ਅਵਾਮ ਇਸ ਵੇਲੇ ਜਾਗ ਚੁੱਕੀ ਹੈ ਅਤੇ ਆਪਣੇ ਹੱਕਾਂ ਲਈ ਮੈਦਾਨ ਦੇ ਵਿੱਚ ਆ ਚੁੱਕੀ ਹੈ। ਸਭ ਤੋਂ ਅਹਿਮ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਕਿਸਾਨਾਂ ਦੇ ਨਾਲ ਅੱਜ ਦੁਨੀਆ ਭਰ ਦੇ ਅਨੇਕਾਂ ਦੇਸ਼ ਖੜ੍ਹ ਚੁੱਕੇ ਹਨ, ਜੋ ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਆਖ ਰਹੇ ਹਨ। ਖ਼ੈਰ, ਜਿੱਤ ਸਚਾਈ ਦੀ ਹੀ ਹੋਣੀ ਹੈ, ਪਰ ਹੁਕਮਰਾਨ ਨੂੰ ਸਿਰ ਝੁਕਾ ਕੇ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣੇ ਨੇ।