ਕੀ ਖੇਤੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਮੌਤ ਦੇ ਵਰੰਟ ਨੇ? (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਵਿਚਲੀ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਲੰਘੇ 6 ਮਹੀਨਿਆਂ ਤੋਂ ਧਰਨੇ ਪ੍ਰਦਰਸ਼ਨ ਜਾਰੀ ਹਨ। ਜੂਨ-2020 ਵਿੱਚ ਪਾਸ ਕੀਤੇ ਗਏ ਖੇਤੀ ਸਬੰਧੀ ਤਿੰਨ ਆਰਡੀਨੈਂਸਾਂ ਦੇ ਖ਼ਿਲਾਫ਼ ਲੋਕਾਂ ਦਾ ਰੋਹ ਤਾਂ ਉਦੋਂ ਤੋਂ ਹੀ ਹੈ, ਪਰ ਜੂਨ 2020 ਵਿੱਚ ਲੱਗਿਆ ਕੋਰੋਨਾ ਲਾਕਡਾਊਨ ਅਤੇ ਕਰਫ਼ਿਊ ਦੇ ਕਾਰਨ ਲੋਕ ਖੇਤੀ ਸਬੰਧੀ ਪਾਸ ਹੋਏ ਤਿੰਨ ਆਰਡੀਨੈਂਸਾਂ ਦਾ ਵਿਰੋਧ ਨਹੀਂ ਸੀ ਕਰ ਸਕੇ। 

ਜਿਸ ਦੇ ਕਾਰਨ ਮੋਦੀ ਸਰਕਾਰ ਨੂੰ, ਖੇਤੀ ਕਾਨੂੰਨਾਂ ਨੂੰ ਜਲਦਬਾਜ਼ੀ ਵਿੱਚ ਪਾਸ ਕਰਕੇ, ਲਾਗੂ ਕਰਨ ਦਾ ਵੀ ਮੌਕਾ ਮਿਲ ਗਿਆ। ਦੇਸ਼ ਦੇ ਅੰਦਰ ਇਸ ਵੇਲੇ ਤਿੰਨ ਖੇਤੀ ਕਾਨੂੰਨ ਲਾਗੂ ਹੋ ਚੁੱਕੇ ਹਨ, ਪਰ ਕੁੱਝ ਸੂਬੇ ਹਾਲੇ ਵੀ ਅਜਿਹੇ ਹਨ, ਜਿੱਥੋਂ ਦੀਆਂ ਸਰਕਾਰਾਂ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰਦਿਆਂ ਹੋਇਆ, ਕਿਸਾਨੀ ਘੋਲ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ। ਪੰਜਾਬ ਵਿਚਲੀ ਕੈਪਟਨ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਖੜ੍ਹਣ ਦਾ ਦਾਅਵਾ ਕਰ ਰਹੀ ਹੈ। 

ਪਰ ਦੂਜੇ ਪਾਸੇ ਹੋਰ ਵਿਰੋਧੀ ਦਲ ਵੀ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹਣ ਦਾ ਦਾਅਵਾ ਕਰ ਰਹੇ ਹਨ। ਵੈਸੇ, ਇਸ ਵੇਲੇ ਕਿਸਾਨੀ ਮੋਰਚੇ ਬਹੁਤ ਜ਼ਿਆਦਾ ਭਖਿਆ ਪਿਆ ਹੈ ਅਤੇ ਮੰਗ ਕਰ ਰਿਹਾ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਸਰਕਾਰ ਮੁੱਢ ਤੋਂ ਰੱਦ ਕਰੇ। ਪਰ, ਸਰਕਾਰ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਤੋਂ ਇਲਾਵਾ ਕੁੱਝ ਸਮੇਂ ਲਈ ਰੋਕ ਲਗਾਉਣ ਵਾਸਤੇ ਤਿਆਰ ਹੋ ਚੁੱਕੀ ਹੈ, ਜੋ ਕਿ ਕਿਸਾਨਾਂ ਨੂੰ ਨਾ-ਮਨਜ਼ੂਰ ਹੈ।

ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਵਾਲੀ ਮੋਦੀ ਸਰਕਾਰ 'ਤੇ ਸਵਾਲ ਇਹ ਉੱਠਣੇ ਸ਼ੁਰੂ ਹੋ ਗਏ ਹਨ, ਕਿ ਕੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਆਖੇ ਲੱਗ ਕੇ ਚੱਲ ਰਹੀ ਹੈ? ਖੇਤੀ ਕਾਨੂੰਨਾਂ ਨੂੰ ਕਿਸਾਨ ਮਜ਼ਦੂਰ ਮੌਤ ਦੇ ਵਰੰਟ ਦੱਸ ਰਹੇ ਹਨ। ਪਰ ਸਰਕਾਰ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾਉਣ ਦੇ ਵਿੱਚ ਰੁੱਝੀ ਹੋਈ ਹੈ, ਜਿਸ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੋਇਆ ਹੈ ਅਤੇ ਸਾਫ਼ ਸ਼ਬਦਾਂ ਵਿੱਚ ਸਰਕਾਰ ਨੂੰ ਆਖ ਦਿੱਤਾ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। 

ਇਨਕਲਾਬੀ ਨੌਜਵਾਨ ਮੰਗਾ ਸਿੰਘ ਵੈਰੋਕੇ ਦੀ ਮੰਨੀਏ ਤਾਂ, ਉਨ੍ਹਾਂ ਦਾ ਦੋਸ਼ ਹੈ ਕਿ ਭਾਜਪਾ ਹਕੂਮਤ ਵੱਲੋਂ ਡੰਡੇ ਦੇ ਜ਼ੋਰ 'ਤੇ ਰਾਜ ਕੀਤਾ ਜਾ ਰਿਹਾ, ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰਨ ਦੀ ਬਜਾਏ, ਉਨ੍ਹਾਂ ਨੂੰ ਦਬਾਇਆ ਜਾ ਰਿਹਾ ਅਤੇ ਭਾਰਤੀ ਸੰਵਿਧਾਨ ਨੂੰ ਖਤਮ ਕਰਕੇ ਆਰਐੱਸਐੱਸ ਦਾ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ।

ਸਰਕਾਰ ਵੱਲੋਂ ਲਗਾਤਾਰ ਕਿਸਾਨ ਅਤੇ ਮਜ਼ਦੂਰਾਂ ਦੇ ਨਾਲ ਨਾਲ ਹਰ ਵਰਗ ਨੂੰ ਦਬਾਇਆ ਜਾ ਰਿਹਾ, ਜਿਸ ਦੇ ਖ਼ਿਲਾਫ਼ ਉਸ ਹਰ ਵਿਆਕਤੀ ਨੂੰ ਲੜਨਾ ਚਾਹੀਦਾ, ਜੋ ਕਿਰਤ ਨਾਲ ਜੁੜਿਆ ਹੋਇਆ ਹੈ। ਆਪਣੇ ਬਿਆਨ ਰਾਹੀਂ ਮੰਗਾ ਸਿੰਘ ਵੈਰੋਕੇ ਨੇ ਇਹ ਵੀ ਦੋਸ਼ ਲਗਾਇਆ ਕਿ ਮੋਦੀ ਹਕੂਮਤ ਖੇਤੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰੇ, ਕਿਉਂਕਿ ਇਹ ਕਾਨੂੰਨ ਕਿਸਾਨਾਂ ਮਜਦੂਰਾਂ ਦੀ ਮੌਤ ਦੇ ਵਰੰਟ ਹਨ।