ਕੀ ਸੱਚਮੁੱਚ ਭਾਰਤ ਦੀ ਜ਼ਮੀਨ ਚੀਨ ਨੂੰ ਸੌਂਪ ਚੁੱਕਿਆ ਹੈ ਪੀਐੱਮ? (ਨਿਊਜ਼ਨੰਬਰ ਖ਼ਾਸ ਖ਼ਬਰ)

ਭਾਰਤ ਅਤੇ ਚੀਨ ਦਾ ਵਿਵਾਦ ਪਿਛਲੇ ਕਰੀਬ ਇੱਕ ਸਾਲ ਤੋਂ ਚੱਲਿਆ ਆ ਰਿਹਾ ਹੈ। ਭਾਰਤ ਅਤੇ ਚੀਨ ਵਿਚਾਲੇ ਕੁੱਝ ਜ਼ਮੀਨ ਦਾ ਰੌਲਾ ਹੈ, ਜਿਸ ਨੂੰ ਲੈ ਕੇ ਬੈਠਕਾਂ ਵੀ ਦੋਵੇਂ ਦੇਸ਼ਾਂ ਦੇ ਵਿੱਚਕਾਰ ਹੋ ਚੁੱਕੀਆਂ ਹਨ, ਪਰ ਹੁਣ ਤੱਕ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਭਾਵੇਂ ਹੀ ਲੰਘੇ ਦਿਨੀਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਿਆਨ ਜਾਰੀ ਕਰਦਿਆਂ ਹੋਇਆ ਦਾਅਵਾ ਕੀਤਾ ਕਿ, ਭਾਰਤ ਅਤੇ ਚੀਨ ਦੇ ਅਧਿਕਾਰੀਆਂ ਵਿਚਕਾਰ ਬੈਠਕ ਮਗਰੋਂ, ਦੋਵਾਂ ਦੇਸ਼ਾਂ ਨੇ ਸਰਹੱਦ ਤੋਂ ਫ਼ੌਜ ਪਿਛਾਂਹ ਹਟਾ ਲਈ ਹੋਈ ਹੈ। 

ਪਰ, ਦੂਜੇ ਪਾਸੇ ਹੀ ਰਾਜਨਾਥ ਸਿੰਘ ਦੇ ਇਸ ਬਿਆਨ ਤੋਂ ਮਗਰੋਂ, ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਸਾਰੇ ਪਾਸੇ ਖ਼ਲਬਲੀ ਮਚਾ ਦਿੱਤੀ ਹੈ। ਰਾਹੁਲ ਗਾਂਧੀ ਦੀ ਮੰਨੀਏ ਤਾਂ, ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਹੈ ਕਿ ਮੋਦੀ ਨੇ ਦੇਸ਼ ਦੀ ਜ਼ਮੀਨ ਨੂੰ ਚੁੱਪ ਚੁਪੀਤੇ ਹੀ ਚੀਨ ਨੂੰ ਤਾਂ ਸੌਂਪ ਹੀ ਦਿੱਤਾ ਹੈ, ਨਾਲ ਹੀ ਸਰਕਾਰ ਵੀ ਲਗਾਤਾਰ ਸਾਡੇ ਜਵਾਨਾਂ ਨੂੰ ਵੀ ਸਰਹੱਦਾਂ 'ਤੇ ਸ਼ਹੀਦ ਕਰਵਾ ਰਹੀ ਹੈ। 
ਪੂਰਬੀ ਲੱਦਾਖ ਦੀ ਪੈਂਗੋਂਗ ਝੀਲ ਤੋਂ ਫੌਜਾਂ ਦੇ ਪਿੱਛੇ ਹਟਣ ਦੇ ਅਮਲ 'ਤੇ ਸਵਾਲ ਉਠਾਉਂਦਿਆਂ ਅਤੇ ਸਰਕਾਰ 'ਤੇ ਦੋਸ਼ ਲਗਾਉਂਦਿਆਂ ਰਾਹੁਲ ਗਾਂਧੀ ਕਹਿ ਰਹੇ ਹਨ, ਕਿ ਮੋਦੀ ਨੇ ਭਾਰਤ ਦੀ ਜ਼ਮੀਨ ਚੀਨ ਨੂੰ 'ਸੌਂਪ' ਦਿੱਤੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਲੰਘੇ ਦਿਨੀਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਸੀ ਕਿ ਅਸੀਂ ਕਿਸੇ ਵੀ ਦੇਸ ਨੂੰ ਆਪਣੀ ਇਕ ਇੰਚ ਜ਼ਮੀਨ ਵੀ ਨਹੀਂ ਲੈਣ ਦੇਵਾਂਗੇ। ਪਰ ਦੂਜੇ ਪਾਸੇ ਜਿਸ ਪ੍ਰਕਾਰ ਰਾਹੁਲ ਗਾਂਧੀ ਦੋਸ਼ ਲਗਾ ਰਹੇ ਹਨ, ਇਸ ਤੋਂ ਇੰਝ ਲੱਗਦਾ ਹੈ, ਕਿ ਕੋਈ ਨਾ ਕੋਈ ਤਾਂ ਗੜਬੜ ਸਰਹੱਦ 'ਤੇ ਜ਼ਰੂਰ ਹੋਈ ਹੈ। 

ਦੱਸਣਾ ਬਣਦਾ ਹੈ, ਕਿ ਵਿਰੋਧੀ ਧਿਰ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਰਪੋਕ ਵੀ ਕਹਿ ਰਹੀ ਹੈ ਅਤੇ ਸਰਕਾਰ 'ਤੇ ਗੰਭੀਰ ਦੋਸ਼ ਵਿਰੋਧੀ ਧਿਰ ਦੁਆਰਾ ਇਹ ਵੀ ਲਗਾਏ ਜਾ ਰਹੇ ਹਨ, ਕਿ ਭਾਰਤ ਸਰਕਾਰ ਨੇ ਭਾਰਤ ਦੇ ਹਿੱਸੇ ਵਾਲੀ ਫਿੰਗਰ 3 ਤੋਂ ਫਿੰਗਰ 4 ਤੱਕ ਦੀ ਜ਼ਮੀਨ ਚੀਨ ਨੂੰ ਦੇ ਦਿੱਤੀ ਹੈ ਅਤੇ ਫ਼ੌਜਾਂ ਨੂੰ ਸਰਹੱਦ ਤੋਂ ਪਿਛਾਂਹ ਹਟਣ ਲਈ ਕਹਿ ਦਿੱਤਾ ਹੈ। ਅਸਲ ਦੇ ਵਿੱਚ ਸਚਾਈ ਕੀ ਹੈ, ਇਹਦੇ ਬਾਰੇ ਵਿੱਚ ਪੂਰੀ ਤਰ੍ਹਾਂ ਨਾਲ ਪਤਾ ਨਹੀਂ ਲੱਗਿਆ। ਪਰ ਸਵਾਲ ਇਹ ਹੈ ਕਿ ਜਿਸ ਪ੍ਰਕਾਰ ਰਾਹੁਲ ਗਾਂਧੀ ਦੋਸ਼ ਲਗਾ ਰਹੇ ਹਨ, ਉਸ ਤੋਂ ਇਹ ਪਤਾ ਲੱਗਦਾ ਹੈ ਕਿ ਕੁੱਝ ਨਾ ਕੁੱਝ ਤਾਂ ਦਾਲ ਵਿੱਚ ਕਾਲਾ ਜ਼ਰੂਰ ਹੈ?