ਪੁੱਠੀ ਸੋਚ: ਦਿੱਲੀ ਦੀਆਂ ਸਰਹੱਦਾਂ 'ਤੇ ਨਹੀਂ, ਭਾਰਤ ਚੀਨ ਸਰਹੱਦ 'ਤੇ ਲੱਗਣ ਕਿੱਲ!! (ਨਿਊਜ਼ਨੰਬਰ ਖ਼ਾਸ ਖ਼ਬਰ)

ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਦਿੱਲੀ ਪੁਲਿਸ ਦੇ ਵੱਲੋਂ ਦਿੱਲੀ ਦੇ ਚਾਰੇ ਪਾਸੇ ਜਿੱਥੇ ਕਿਤੇ ਵੀ ਕਿਸਾਨ ਬੈਠੇ ਹਨ, ਉਨ੍ਹਾਂ ਦੇ ਨੇੜੇ ਬਾਰਡਰ ਪੂਰੀ ਤਰ੍ਹਾਂ ਨਾਲ ਬੰਦ ਕਰਦਿਆਂ ਹੋਇਆ ਕਿੱਲ ਅਤੇ ਸਰੀਏ ਗੱਡ ਦਿੱਤੇ ਗਏ ਹਨ ਤਾਂ, ਜੋ ਕਿਸਾਨ ਦਿੱਲੀ ਦੇ ਅੰਦਰ ਵੜ ਨਾ ਸਕਣ। ਕਿਸਾਨਾਂ 'ਤੇ ਕੀਤੀ ਗਈ ਸਖ਼ਤ ਨੂੰ ਲੈ ਕੇ, ਜਿੱਥੇ ਹਰ ਪਾਸੇ ਹੀ ਮੋਦੀ ਸਰਕਾਰ ਅਤੇ ਦਿੱਲੀ ਪੁਲਿਸ 'ਤੇ ਸਵਾਲ ਉੱਠ ਰਹੇ ਹਨ। 

ਉੱਥੇ ਹੀ ਵਿਰੋਧੀ ਧਿਰਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹ ਕਿੱਲ ਦਿੱਲੀ ਪੁਲਿਸ ਨੂੰ ਚੀਨ ਦੀ ਸਰਹੱਦ 'ਤੇ ਲਗਾਉਣੇ ਚਾਹੀਦੇ ਹਨ। ਖ਼ੈਰ, ਖੇਤੀ ਕਾਨੂੰਨਾਂ ਦੇ ਵਿਰੁੱਧ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਜਾਰੀ ਹੈ। ਇਸ ਅੰਦੋਲਨ ਨੂੰ ਦਿਨ ਪ੍ਰਤੀ ਦਿਨ ਬਲ ਮਿਲ ਰਿਹਾ ਹੈ। ਕਿਸਾਨ ਮੋਰਚੇ ਨੂੰ ਖਦੇੜਨ ਵਾਸਤੇ ਹਾਕਮ ਲਗਾਤਾਰ ਚਾਲ ਚੱਲ ਰਹੇ ਹਨ। 

ਪਰ ਹਾਕਮਾਂ ਦੀ ਹਰ ਚਾਲ ਨੂੰ ਕਿਸਾਨ ਫੇਲ੍ਹ ਕਰ ਰਹੇ ਹਨ। ਕਿਸਾਨਾਂ ਦਾ ਠੋਕ ਵਜ੍ਹਾ ਕੇ ਹਾਕਮ ਧਿਰ ਨੂੰ ਇਹ ਹੀ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਉਨ੍ਹਾਂ ਦਾ ਮੋਰਚਾ ਦਿੱਲੀ ਦੀਆਂ ਸਰਹੱਦਾਂ 'ਤੇ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਦੱਸਣਾ ਬਣਦਾ ਹੈ, ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪਿਛਲੇ ਦਿਨੀਂ ਰਾਜ ਸਭਾ ਦੇ ਅੰਦਰ ਕਿਸਾਨ ਮੋਰਚੇ 'ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਅਤੇ ਸਾਫ਼ ਸ਼ਬਦਾਂ ਵਿੱਚ ਇਹ ਕਿਹਾ ਗਿਆ ਕਿ ਉਹ ਖੇਤੀ ਕਾਨੂੰਨ ਵਾਪਸ ਨਹੀਂ ਲੈਣਗੇ। 

ਜਦੋਂਕਿ ਖੇਤੀ ਕਾਨੂੰਨਾਂ ਦੇ ਵਿੱਚ ਜੋ ਖ਼ਾਮੀਆਂ ਕਿਸਾਨਾਂ ਨੇ ਕੱਢ ਕੇ ਸਰਕਾਰ ਦੇ ਸਾਹਮਣੇ ਰੱਖੀਆਂ ਹਨ, ਉਹਦਾ ਪ੍ਰਧਾਨ ਮੰਤਰੀ ਮੋਦੀ ਨੇ ਕਿਧਰੇ ਜ਼ਿਕਰ ਨਹੀਂ ਕੀਤਾ। ਕਿਉਂਕਿ ਪ੍ਰਧਾਨ ਮੰਤਰੀ ਆਪਣੀ ਕਹੀ ਗੱਲ 'ਤੇ ਫ਼ਸ ਸਕਦੇ ਸਨ, ਇਸ ਲਈ ਉਹ ਹੋਰ ਹੀ ਗੱਲਾਂ ਵਿੱਚ ਉਲਝੇ ਰਹੇ।

ਮੋਦੀ ਦੁਆਰਾ ਕਿਸਾਨਾਂ 'ਤੇ ਕੀਤੀਆਂ ਗਈਆਂ ਸਖ਼ਤ ਟਿੱਪਣੀਆਂ ਅਤੇ ਦਿੱਲੀ ਕਿਸਾਨ ਮੋਰਚੇ ਦੇ ਨੇੜੇ ਗਾਜੀਪੁਰ, ਸਿੰਘੂ ਅਤੇ ਟਿਕਰੀ ਸਰਹੱਦਾਂ 'ਤੇ ਲਗਾਏ ਗਏ ਕਿੱਲਾਂ ਅਤੇ ਸਰੀਆਂ ਨੂੰ ਲੈ ਕੇ ਏਆਈਐਮਆਈਐਮ ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਕਿ, ਕਿਸਾਨਾਂ ਨੂੰ ਰੋਕਣ ਲਈ ਸੜਕਾਂ ਪੁੱਟਣ ਅਤੇ ਕਿੱਲ ਲਗਾਉਣ ਦੀ ਬਜਾਏ। 

ਮੋਦੀ ਸਰਕਾਰ ਨੂੰ ਚੀਨ ਨੂੰ ਭਾਰਤੀ ਹੱਦ ਦੇ ਅੰਦਰ ਆਉਣ ਤੋਂ ਰੋਕਣ ਲਈ ਲੱਦਾਖ ਦੇ ਵਿੱਚ ਕਿੱਲ ਲਗਾਉਣੇ ਚਾਹੀਦੇ ਸਨ, ਪਰ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਹੀ ਦੇਸ਼ ਦੀ ਰਾਜਧਾਨੀ ਵਿੱਚ ਵੜਣ ਤੋਂ ਰੋਕ ਰਹੀ ਹੈ, ਜੋ ਕਿ ਬਿਲਕੁਲ ਗ਼ਲਤ ਹੈ। ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਮਨ ਕੀ ਬਾਤ ਨੂੰ ਸੁਣਨ।