ਕਿਤੇ ਬਾਹਲਾ ਖ਼ਤਰਨਾਕ ਨਾ ਬਣ ਜਾਵੇ ਦਿੱਲੀ ਪੁਲਿਸ ਦਾ ਏਹ ਐਲਾਨ!! (ਨਿਊਜ਼ਨੰਬਰ ਖ਼ਾਸ ਖ਼ਬਰ)

ਅੱਜ ਸਵੇਰੇ ਤੋਂ ਹੀ ਸਮੂਹ ਮੀਡੀਆ ਅਦਾਰਿਆਂ 'ਤੇ ਇਹ ਖ਼ਬਰ ਚੱਲ ਰਹੀ ਹੈ ਕਿ ਅਦਾਕਾਰ ਦੀਪ ਸਿੱਧੂ ਸਮੇਤ ਅੱਠ ਜਣਿਆਂ 'ਤੇ ਦਿੱਲੀ ਪੁਲਿਸ ਨੇ ਮੋਟਾ ਇਨਾਮ ਰੱਖ ਦਿੱਤਾ ਗਿਆ ਹੈ। ਇਹ ਇਨਾਮ ਦਿੱਲੀ ਪੁਲਿਸ ਦੇ ਵੱਲੋਂ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ, ਜਿਹੜੇ ਇਹ ਦੱਸਣਗੇ ਕਿ ਦੀਪ ਸਿੱਧੂ ਅਤੇ ਉਹਦੇ ਅੱਠ ਹੁੱਲੜਬਾਜ਼ ਸਾਥੀ ਕਿੱਥੇ ਹਨ? ਮਤਲਬ ਕਿ ਪੁਲਿਸ ਦੇ ਵੱਲੋਂ ਦੀਪ ਸਿੱਧੂ ਹੁਰਾਂ ਦੀ ਸਹੀ ਸੂਹ ਦੇਣ ਵਾਲੇ ਨੂੰ ਮੋਟਾ ਇਨਾਮ ਦਿੱਤਾ ਜਾਵੇਗਾ ਅਤੇ ਇਹ ਇਨਾਮ ਇੱਕ-ਇੱਕ ਲੱਖ ਅਤੇ 50-50 ਹਜ਼ਾਰ ਹੈ। 

ਦਰਅਸਲ, ਗਣਤੰਤਰ ਦਿਵਸ ਮੌਕੇ 'ਤੇ ਲਾਲ ਕਿਲ੍ਹੇ ਵਿੱਚ ਤਿਰੰਗੇ ਝੰਡੇ ਦੇ ਬਰਾਬਰ ਕੇਸਰੀ ਝੰਡਾ ਕੁੱਝ ਨੌਜਵਾਨਾਂ ਦੇ ਵੱਲੋਂ ਲਹਿਰਾ ਦਿੱਤਾ ਗਿਆ ਸੀ। ਉਸ ਵਕਤ ਏਹੀ ਦੋਸ਼ ਲੱਗਿਆ ਸੀ ਕਿ ਇਹ ਸਭ ਕੁੱਝ ਕਰਵਾਉਣ ਵਾਲਾ ਦੀਪ ਸਿੱਧੂ ਹੈ, ਜਿਸ ਨੇ ਨੌਜਵਾਨਾਂ ਨੂੰ ਭੜਕਾ ਕੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਲਈ ਮਜਬੂਰ ਕੀਤਾ ਅਤੇ ਬਾਅਦ ਵਿੱਚ ਇਸ ਦੀ ਪੁਸ਼ਟੀ ਦੀਪ ਸਿੱਧੂ ਨੇ ਖ਼ੁਦ ਵੀ ਕੀਤੀ ਸੀ ਕਿ ਉਸ ਨੇ ਹੀ ਨੌਜਵਾਨਾਂ ਨੂੰ ਕਿਹਾ ਸੀ ਕਿ ਦਿੱਲੀ ਦੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾ ਦਿਓ। 

ਜਵਾਨੀ ਨੇ ਜੋਸ਼ ਵਿੱਚ ਆ ਕੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾ ਦਿੱਤਾ ਅਤੇ ਉਸ ਤੋਂ ਬਾਅਦ ਉੱਥੇ ਗੋਲੀ ਵੀ ਚੱਲ ਗਈ। ਹਿੰਸਾ ਭੜਕ ਉੱਠੀ, ਜਿਸ ਵਿੱਚ ਦੋ ਮੁੰਡੇ ਵੀ ਮਾਰੇ ਗਏ। ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ, ਕਿ ਪੁਲਿਸ ਦੀ ਗੋਲੀ ਦੇ ਨਾਲ ਮੁੰਡਾ ਮਰਿਆ ਜਾਂ ਫਿਰ ਕੋਈ ਹੋਰ ਕਾਰਨ ਸੀ, ਪਰ ਕਿਸਾਨ ਜਥੇਬੰਦੀਆਂ ਦੇ ਇਹ ਦੋਸ਼ ਹਨ ਕਿ ਪੁਲਿਸ ਦੀ ਗੋਲੀ ਨਾਲ ਮੁੰਡਾ ਮਰਿਆ, ਪਰ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ। ਹਾਂ, ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਹਿੰਸਾ ਵਿੱਚ ਦੋ ਮੁੰਡੇ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋ ਗਏ ਸਨ। 

ਜਾਣਕਾਰੀ ਦੇ ਮੁਤਾਬਿਕ, ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲ੍ਹੇ 'ਤੇ ਲਹਿਰਾਏ ਗਏ ਕੇਸਰੀ ਝੰਡਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ ਕਈ ਨੌਜਵਾਨਾਂ ਦੇ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਸਨ। ਦੀਪ ਸਿੱਧੂ ਅਤੇ ਉਹਦੇ ਸਾਥੀਆਂ ਦੀ ਦਿੱਲੀ ਪੁਲਿਸ ਨੂੰ ਜਿੱਥੇ ਭਾਲ ਜਾਰੀ ਹੈ, ਉੱਥੇ ਹੀ ਹੁਣ ਪੁਲਿਸ ਨੇ ਦੀਪ ਸਿੱਧੂ ਸਮੇਤ ਅੱਠ ਲੋਕਾਂ ਨੂੰ, ਗ੍ਰਿਫਤਾਰ ਕਰਵਾਉਣ ਵਾਲੇ ਨੂੰ 1-1 ਲੱਖ ਦਾ ਇਨਾਮ ਦਾ ਐਲਾਨ ਕੀਤਾ ਹੈ।

ਇੱਕ ਖ਼ਬਰ ਦੇ ਮੁਤਾਬਿਕ, ਦਿੱਲੀ ਪੁਲਿਸ ਨੇ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ 'ਤੇ ਇੱਕ-ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ, ਉੱਥੇ ਹੀ ਜਜਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ 'ਤੇ ਦਿੱਲੀ ਪੁਲਿਸ ਵੱਲੋਂ 50-50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਪਰ ਦੂਜੇ ਪਾਸੇ ਬੁੱਧੀਜੀਵੀ ਵਰਗ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਦਾ ਇਹ ਐਲਾਨ ਖ਼ਤਰਨਾਕ ਵੀ ਹੋ ਸਕਦਾ ਹੈ। 

ਬੁੱਧੀਜੀਵੀ ਸ਼ੰਕਾ ਜ਼ਾਹਿਰ ਕਰ ਰਹੇ ਹਨ ਕਿ ਕਿਤੇ ਇਹ ਨਾ ਹੋਵੇ ਕਿ ਪੁਲਿਸ ਏਨਾ ਨੂੰ ਚੋਰੀ ਛਿਪੇ ਫੜ੍ਹ ਕੇ, ਐਨਕਾਊਟਰ ਕਰਕੇ ਮਾਰ ਦੇਵੇ। ਜੇਕਰ ਇਨ੍ਹਾਂ ਦਾ ਐਨਕਾਊਟਰ ਹੁੰਦਾ ਹੈ ਤਾਂ, ਮਾਹੌਲ ਖ਼ਰਾਬ ਹੋ ਸਕਦਾ ਹੈ। ਪਰ ਹਾਂ, ਇੱਥੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ, ਕਿ ਜੇਕਰ ਮੀਡੀਆ ਦੀ ਮੌਜੂਦਗੀ ਵਿੱਚ ਦੀਪ ਸਿੱਧੂ, ਜੁਗਰਾਜ ਸਿੰਘ, ਗੁਰਜੋਤ ਸਿੰਘ, ਗੁਰਜੰਟ ਸਿੰਘ, ਜਜਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਆਦਿ ਪੁਲਿਸ ਸਾਹਮਣੇ ਪੇਸ਼ ਹੋ ਜਾਣ ਤਾਂ, ਮਾਹੌਲ ਖ਼ਰਾਬ ਹੋਣੋਂ ਬਚ ਸਕਦਾ ਹੈ।