ਅੰਦਰਲੀ ਗੱਲ: ਚੱਲ ਪੈਸਾ ਫ਼ੂਕ, ਤਮਾਸ਼ਾ ਦੇਖ!! (ਨਿਊਜ਼ਨੰਬਰ ਖ਼ਾਸ ਖ਼ਬਰ)

ਦਿੱਲੀ ਦੇ ਸਿੰਘੂ ਬਾਰਡਰ 'ਤੇ ਲੱਗੇ ਕਿਸਾਨ ਮੋਰਚੇ ਨੂੰ ਲੱਗੇ ਕਰੀਬ 66 ਦਿਨ ਹੋ ਚੁੱਕੇ ਹਨ ਅਤੇ ਇੰਨ੍ਹਾਂ 66 ਦਿਨਾਂ ਦੇ ਵਿੱਚ ਹੁਣ ਤੱਕ ਮੋਰਚੇ ਵਿੱਚ ਬਹੁਤ ਤਬਦੀਲੀਆਂ ਆ ਗਈਆਂ ਹਨ। ਕਿਸਾਨ ਮੋਰਚੇ ਦੇ ਅੱਗੇ ਲਗਾਤਾਰ ਮੋਦੀ ਸਰਕਾਰ ਝੁਕਦੀ ਨਜ਼ਰੀ ਆ ਰਹੀ ਹੈ। ਕਿਸਾਨ ਮੋਰਚਾ ਸ਼ੁਰੂ ਤੋਂ ਹੀ ਮੰਗ ਕਰਦਾ ਆ ਰਿਹਾ ਹੈ ਕਿ ਲੋਕ ਤੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਕਰੇ, ਪਰ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਬਿਜਾਏ, ਸੋਧਾਂ ਕਰਨ ਅਤੇ ਇੱਕ ਡੇਢ ਸਾਲ ਤੱਕ ਰੋਕ ਲਗਾਉਣ ਲਈ ਤਿਆਰ ਹੋ ਗਈ ਹੈ। 

ਪਰ ਕਿਸਾਨਾਂ ਨੂੰ ਇਹ ਸਭ ਨਾਮਨਜ਼ੂਰ ਹੈ। ਕਿਸਾਨਾਂ ਦੀ ਮੰਗ ਨੂੰ ਪੂਰਾ ਨਾ ਹੁੰਦਾ, ਕਿਸਾਨ ਲਗਾਤਾਰ ਮੋਰਚੇ ਨੂੰ ਵਧਾ ਰਹੇ ਹਨ, ਪਰ ਸਰਕਾਰ ਲਗਾਤਾਰ ਮੋਰਚੇ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੋਦੀ ਸਰਕਾਰ 'ਤੇ ਇਸ ਵੇਲੇ ਅਜਿਹੇ ਦੋਸ਼ ਲੱਗ ਰਹੇ ਹਨ, ਜਿਨ੍ਹਾਂ ਨੂੰ ਸੁਣ ਅਤੇ ਪੜ੍ਹ ਕੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਦਰਅਸਲ, ਕੱਲ੍ਹ ਸਿੰਘੂ ਬਾਰਡਰ 'ਤੇ ਕਿਸਾਨਾਂ ਉੱਪਰ ਕੁੱਝ ਗੁੰਡਿਆਂ ਦੇ ਵੱਲੋਂ ਹਮਲਾ ਕੀਤਾ ਗਿਆ। ਇਹ ਗੁੰਡੇ ਕੌਣ ਸਨ, ਇਹ ਬਾਰੇ ਦਿੱਲੀ ਪੁਲਿਸ ਤਾਂ ਕਹਿੰਦੀ ਹੈ ਕਿ ਸਥਾਨਕ ਲੋਕ ਸਨ। 

ਪਰ ਕਿਸਾਨ ਆਗੂ ਇਹ ਦੋਸ਼ ਲਗਾ ਰਹੇ ਹਨ, ਕਿ ਇਹ ਗੁੰਡੇ ਭਾਜਪਾ ਦੇ ਨਾਲ ਸਬੰਧਤ ਸਨ। ਕਿਸਾਨ ਆਗੂ ਹਰਪ੍ਰੀਤ ਸਿੰਘ ਦੀ ਮੰਨੀਏ ਤਾਂ ਕੱਲ੍ਹ ਸਿੰਘੂ ਬਾਰਡਰ 'ਤੇ ਸੰਘਰਸ਼ਸ਼ੀਲ ਕਿਸਾਨਾਂ 'ਤੇ ਦਿੱਲੀ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਸੁੱਟੇ ਅਤੇ ਪੈਟਰੋਲ ਬੰਬਾਂ ਦੇ ਨਾਲ ਹਮਲਾ ਵੀ ਕੀਤਾ, ਜਿਸ ਕਾਰਨ ਦਰਜਨਾਂ ਕਿਸਾਨ ਜ਼ਖਮੀ ਹੋ ਗਏ। ਕਿਸਾਨਾਂ 'ਤੇ ਅਜਿਹਾ ਕਾਰਵਾਈ ਪੁਲਿਸ ਵੱਲੋਂ ਉਦੋਂ ਕੀਤੀ ਗਈ, ਜਦੋਂ ਕੁੱਝ ਭਾਜਪਾ ਅਤੇ ਆਰਐਸਐਸ ਦੇ ਨਾਲ ਜੁੜੇ ਗੁੰਡੇ ਕਿਸਾਨਾਂ 'ਤੇ ਹਮਲਾ ਕਰ ਰਹੇ ਸਨ ਅਤੇ ਮੋਰਚੇ ਨੂੰ ਖ਼ਤਮ ਕਰਵਾਉਣ ਦੀ ਗੱਲ ਕਰ ਰਹੇ ਸਨ। 

ਕਿਸਾਨ ਆਗੂ ਹਰਪ੍ਰੀਤ ਸਿੰਘ ਦੱਸਦੇ ਹਨ, ਕਿ ਆਰਐਸਐਸ ਅਤੇ ਭਾਜਪਾ ਦੁਆਰਾ ਪੈਸਿਆਂ ਦੇ ਨਾਲ ਇਹ ਗੁੰਡੇ ਖ਼ਰੀਦੇ ਸਨ, ਜੋ ਦੇਸ਼ ਭਗਤੀ ਦਾ ਨਾਅਰਾ ਤਾਂ ਲਗਾ ਰਹੇ ਸਨ, ਪਰ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਹੇ ਮੋਰਚੇ 'ਤੇ ਹਮਲਾ ਵੀ ਕਰ ਰਹੇ ਸਨ। ਕਿਸਾਨ ਆਗੂ ਦੁਆਰਾ ਲਗਾਏ ਗਏ ਦੋਸ਼ਾਂ ਦੇ ਮੁਤਾਬਿਕ, 150 ਤੋਂ ਵੱਧ ਗੁੰਡਿਆਂ ਦੇ ਕੋਲ ਮਾਰੂ ਹਥਿਆਰ ਸਨ, ਜੋ ਭਾਜਪਾ ਦੁਆਰਾ ਇੰਨ੍ਹਾਂ ਨੂੰ ਦਿੱਤੇ ਗਏ ਸਨ ਅਤੇ ਇਹ ਗੁੰਡੇ ਪੁਲਿਸ ਦੀ ਸ਼ਹਿ 'ਤੇ ਲਗਾਤਾਰ ਕਿਸਾਨਾਂ ਦੇ ਮੋਰਚੇ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੇ ਸਨ। 

ਕਿਸਾਨ ਆਗੂ ਦਾ ਦੋਸ਼ ਹੈ, ਕਿ ਕਰੀਬ 45 ਮਿੰਟ ਤੱਕ ਗੁੰਡਿਆਂ ਨੇ ਹੁੱਲੜਬਾਜ਼ੀ ਕੀਤੀ ਅਤੇ ਕਿਸਾਨਾਂ ਦੇ ਟੈਂਟਾਂ ਤੋਂ ਇਲਾਵਾ ਮੋਰਚੇ ਵਿੱਚ ਰੱਖੀਆਂ ਵਾਸ਼ਿੰਗ ਮਸ਼ੀਨਾਂ ਤੋੜੀਆਂ, ਲੰਗਰ ਦਾ ਟੈਂਟ ਤੋੜਿਆ, ਬੀਬੀਆਂ ਦਾ ਟੈਂਟ ਤੋੜਿਆ ਅਤੇ ਹੋਰ ਜ਼ਰੂਰੀ ਸਮਾਨ ਨੂੰ ਨੁਕਸਾਨ ਪਹੁੰਚਾਇਆ ਗਿਆ। ਵੱਡੀ ਗੱਲ ਇਹ ਰਹੀ ਕਿ ਪੁਲਿਸ ਤਮਾਸ਼ਾ ਵੇਖਦੀ ਰਹੀ ਅਤੇ ਗੁੰਡੇ ਕਿਸਾਨਾਂ 'ਤੇ ਪੱਥਰ ਸੁੱਟਦੇ ਰਹੇ। 

ਪੁਲਿਸ ਮੂਕ ਦਰਸ਼ਕ ਬਣ ਕੇ, ਘਟਨਾ ਨੂੰ ਇਸ ਤਰ੍ਹਾਂ ਵੇਖਦੀ ਰਹੀ, ਜਿਵੇਂ ਸਿਨੇਮਾ ਹਾਲ ਵਿੱਚ ਕੋਈ ਫ਼ਿਲਮ ਵੇਖ ਰਿਹਾ ਹੁੰਦਾ ਹੈ। ਕਿਸਾਨ ਕਹਿੰਦੇ ਹਨ ਕਿ ਗੁੰਡਿਆਂ ਦੀ ਇਸ ਕਾਰਵਾਈ 'ਤੇ ਕਈ ਪੁਲਿਸ ਅਫ਼ਸਰ ਹੱਸ ਵੀ ਰਹੇ ਸਨ ਅਤੇ ਗੁੰਡਿਆਂ ਨੂੰ ਹੋਰ ਪੱਥਰਬਾਜ਼ੀ ਕਰਨ ਵਾਸਤੇ ਕਹਿ ਰਹੇ ਸਨ। ਆਖ਼ਰ 'ਤੇ ਕਿਸਾਨ ਆਗੂ ਦੱਸਦੇ ਹਨ ਕਿ ਭਾੜੇ 'ਤੇ ਖ਼ਰੀਦੀ ਹੋਈ ਭੀੜ ਚੌਂਹ ਮਿੰਟਾਂ ਵਿੱਚ ਹੀ ਮੋਰਚੇ ਤੋਂ ਦੌੜ ਗਈ।