ਸੰਯੁਕਤ ਕਿਸਾਨ ਮੋਰਚੇ ਦੀ ਟਰੈਕਟਰ ਪਰੇਡ ਵਿੱਚ ਨਹੀਂ ਆਈ ਕਿਸੇ ਨੂੰ ਝਰੀਟ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 27 2021 16:59
Reading time: 2 mins, 0 secs

ਗਣਤੰਤਰ ਦਿਵਸ ਮੌਕੇ ਜੋ ਸੰਯੁਕਤ ਕਿਸਾਨ ਮੋਰਚੇ ਨੇ ਟਰੈਕਟਰ ਪਰੇਡ ਕੱਢੀ ਸੀ, ਉਹਦੇ ਵਿੱਚ ਸ਼ਾਮਲ ਕਿਸਾਨਾਂ ਨੂੰ ਝਰੀਟ ਤੱਕ ਨਹੀਂ ਆਈ, ਕਿਉਂਕਿ ਉਨ੍ਹਾਂ ਨੇ ਕਾਨੂੰਨ ਦੀ ਪਾਲਣਾ ਕੀਤੀ ਅਤੇ ਪੁਲਿਸ ਤੇ ਕਿਸਾਨਾਂ ਵਿਚਾਲੇ ਰੂਟ ਪਲਾਨ 'ਤੇ ਬਣੀ ਸਹਿਮਤੀ 'ਤੇ ਆਪਣੀ ਪਰੇਡ ਕੱਢੀ। ਦੱਸਦੇ ਚੱਲੀਏ ਕਿ ਸੰਯੁਕਤ ਕਿਸਾਨ ਮੋਰਚਾ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਡਾਕਟਰ ਦਰਸ਼ਨਪਾਲ ਰਿਕੇਸ਼ ਟਿਕੈਤ, ਯੋਗਿੰਦਰ ਯਾਦਵ ਆਦਿ ਕਿਸਾਨਾਂ ਦੀ ਅਗਵਾਈ ਵਿੱਚ ਚੱਲ ਰਿਹਾ ਹੈ ਅਤੇ ਇਹ ਸਾਰੇ ਕਿਸਾਨ ਆਗੂ ਸੂਝਵਾਨ ਅਤੇ ਸਿਆਣੇ ਹਨ। 

ਜਿਨ੍ਹਾਂ ਦੀ ਬਦੌਲਤ ਦਿੱਲੀ ਦੇ ਸਰਹੱਦਾਂ 'ਤੇ 63 ਦਿਨ ਮੋਰਚਾ ਸ਼ਾਂਤਮਈ ਤਰੀਕੇ ਦੇ ਨਾਲ ਤਾਂ ਚੱਲਿਆ ਹੀ, ਨਾਲ ਹੀ ਜਦੋਂ ਪੰਜਾਬ ਤੋਂ ਇਹ ਮੋਰਚਾ ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ੁਰੂ ਹੋਇਆ ਸੀ ਤਾਂ, ਉਸ ਵੇਲੇ ਵੀ ਬਿਲਕੁਲ ਅਮਨ ਕਾਨੂੰਨ ਅਤੇ ਸ਼ਾਂਤੀ ਬਣਾਈ ਰੱਖੀ ਸੀ ਅਤੇ ਕਿਸੇ ਨੂੰ ਝਰੀਠ ਤੱਕ ਨਹੀਂ ਸੀ ਆਉਣ ਦਿੱਤੀ। ਪਰ ਕੱਲ੍ਹ ਜੋ ਗਣਤੰਤਰ ਦਿਵਸ ਮੌਕੇ ਹਿੰਸਾ ਹੋਈ, ਉਹ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਕੀਤੀ ਨਹੀਂ, ਪਰ ਜਿਸ ਨੇ ਵੀ ਇਹ ਹਿੰਸਾ ਕੀਤੀ, ਉਹ ਜ਼ਰੂਰ ਕੇਂਦਰ ਸਰਕਾਰ ਦੇ ਨਾਲ ਮਿਲੇ ਹੋਣਗੇ ਅਤੇ ਉਨ੍ਹਾਂ ਦਾ ਸਬੰਧ ਏਜੰਸੀਆਂ ਨਾਲ ਹੋਵੇਗਾ। 

ਕਿਸਾਨ ਟਰੈਕਟਰ ਪਰੇਡ ਦੀ ਆੜ ਵਿੱਚ ਜੋ ਕੁੱਝ ਲੋਕਾਂ ਨੇ ਹਿੰਸਾ ਕੀਤੀ, ਉਹਦੇ ਵਿੱਚ 300 ਦੇ ਕਰੀਬ ਪੁਲਿਸ ਵਾਲੇ ਤਾਂ ਜ਼ਖ਼ਮੀ ਹੋਏ ਹੀ ਹਨ, ਨਾਲ ਹੀ ਕਈ ਪ੍ਰਦਰਸ਼ਨਕਾਰੀ ਵੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ਼ ਵੱਖ ਵੱਖ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਹੈ। ਦਿੱਲੀ ਪੁਲਿਸ ਵੱਲੋਂ ਹਿੰਸਾ ਫੈਲਾਉਣ ਵਾਲਿਆਂ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਅਤੇ ਹੁਣ ਤੱਕ ਕਰੀਬ 22 ਮੁਕੱਦਮੇ ਦਿੱਲੀ ਪੁਲਿਸ ਦੇ ਵੱਲੋਂ ਦਰਜ ਕਰ ਦਿੱਤੇ ਗਏ ਹਨ ਅਤੇ ਇੰਨ੍ਹਾਂ ਵਿੱਚੋਂ 5 ਮੁਕੱਦਮੇ ਪੂਰਬੀ ਰੇਂਜ ਵਿੱਚ ਦਰਜ ਹੋਏ ਹਨ। 

ਸੰਯੁਕਤ ਕਿਸਾਨ ਮੋਰਚੇ ਨੂੰ ਢਾਹ ਲਗਾਉਣ ਦੀ ਜਿਹੜੀ ਰਣਨੀਤੀ ਸਰਕਾਰ ਨੇ ਤਿਆਰ ਕੀਤੀ ਸੀ, ਉਹਦੇ ਵਿੱਚ ਸਰਕਾਰ ਕਾਮਯਾਬ ਹੋ ਗਈ ਹੈ। ਇਹ ਦਾਅਵਾ, ਕਾਂਗਰਸ ਪਾਰਟੀ ਦੇ ਆਗੂਆਂ ਨੇ ਕੀਤਾ ਹੈ ਅਤੇ ਇਸ ਮਸਲੇ ਸਬੰਧੀ ਕਾਂਗਰਸ ਨੇ ਕਿਹਾ ਹੈ ਕਿ ਉਹ ਕਿਸਾਨ ਆਗੂਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਉਹ ਕਿਸਾਨਾਂ ਨੂੰ ਯਕੀਨ ਦਿਵਾਉਣਗੇ ਕਿ ਕਿਸਾਨੀ ਅੰਦੋਲਨ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਗੱਲ ਨਹੀਂ ਕੀਤੀ ਜਾਵੇਗੀ। 

ਦੂਜੇ ਪਾਸੇ, ਕਿਸਾਨ ਮੋਰਚੇ 'ਤੇ ਦਿੱਲੀ ਪੁਲਿਸ ਦੇ ਲੋਕ ਸੰਪਰਕ ਅਧਿਕਾਰੀ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਰੈਲੀ ਲਈ ਰੱਖੀਆਂ ਸਰਤਾਂ ਦੀ ਉਲੰਘਣਾ ਕੀਤੀ ਹੈ, ਜਦੋਂਕਿ ਕਿਸਾਨਾਂ ਦੀ ਰੈਲੀ ਦੌਰਾਨ ਕੋਈ ਉਲੰਘਣਾ ਨਹੀਂ ਹੋਈ ਅਤੇ ਉਲੰਘਣਾ ਕਰਨ ਵਾਲੇ ਸ਼ਰਾਰਤੀ ਅਨਸਰ ਹਨ, ਜੋ ਜੇਲ੍ਹ ਜਾਣੇ ਚਾਹੀਦੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਿੱਲੀ ਹਿੰਸਾ ਨੂੰ ਲੈ ਕੇ ਆਪਣੇ ਬਿਆਨ ਜਾਰੀ ਕਰਦਿਆਂ ਹੋਇਆ ਦਿੱਲੀ ਪੁਲਿਸ ਨੂੰ ਸਾਫ਼ ਕਹਿ ਦਿੱਤ ਹੈ ਕਿ ਹੋਈ ਹਿੰਸਾ ਦੇ ਪਿੱਛੇ ਕੁੱਝ ਸਮਾਜ ਵਿਰੋਧੀ ਅਨਸਰ ਸਨ, ਜਿਨ੍ਹਾਂ ਦੀ ਪਛਾਣ ਕੀਤੀ ਜਾਵੇਗੀ।