ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਕਿਸਾਨ ਨਹੀਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 27 2021 16:54
Reading time: 2 mins, 7 secs

ਲਾਲ ਕਿਲ੍ਹੇ 'ਤੇ ਲਹਿਰਾਏ ਗਏ ਕੇਸਰੀ ਝੰਡੇ ਨੂੰ ਲੈ ਕੇ ਗੋਦੀ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਹਨ ਅਤੇ ਲਗਾਤਾਰ ਕਿਸਾਨਾਂ ਨੂੰ ਖ਼ਾਲਿਸਤਾਨੀ ਅਤੇ ਵੱਖਵਾਦੀ ਤੇ ਅੱਤਵਾਦੀ ਕਿਹਾ ਜਾ ਰਿਹਾ ਹੈ। ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਕੀ ਵਾਕਿਆਂ ਹੀ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਇਆ ਗਿਆ? ਕੀ ਕਿਸਾਨਾਂ ਨੇ ਹੀ ਦਿੱਲੀ ਦੇ ਅੰਦਰ ਹਿੰਸਾ ਕਰਕੇ ਪੁਲਿਸ ਵਾਲੇ ਜ਼ਖ਼ਮੀ ਕੀਤੇ ਅਤੇ ਲਾਲ ਕਿਲ੍ਹੇ ਦਾ ਰੂਟ ਪਲਾਨ ਤਿਆਰ ਕਰਕੇ, ਕਾਨੂੰਨ ਦੀ ਉਲੰਘਣਾ ਕੀਤੀ? 

ਖ਼ੈਰ, ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਇੱਕੋ ਹੀ ਹੈ ਕਿ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਕਿਸਾਨ ਹੀ ਨਹੀਂ ਸਨ ਅਤੇ ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਪੁਲਿਸ ਦੁਆਰਾ ਦਿੱਤੇ ਗਏ ਰੂਟ ਪਲਾਨ ਦਾ ਪਾਲਣ ਕੀਤਾ ਅਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਦਰਅਸਲ, ਕੱਲ੍ਹ ਜਦੋਂ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਇਆ ਗਿਆ ਤਾਂ, ਉਸੇ ਵੇਲੇ ਹੀ ਦਿੱਲੀ ਪੁਲਿਸ ਭੜਕ ਉੱਠੀ ਅਤੇ ਉਨ੍ਹਾਂ ਨੇ ਦੀਪ ਸਿੱਧੂ ਦੇ ਸਹਿਯੋਗੀ ਪ੍ਰਦਰਸ਼ਨਕਾਰੀਆਂ 'ਤੇ ਅੰਨ੍ਹੇਵਾਹ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ। 

ਕਈ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਵੀ ਹਮਲਾ ਕੀਤਾ। ਇਸ ਹਿੰਸਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਜਿੱਥੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੀ ਹੈ, ਨਾਲ ਹੀ ਕਾਂਗਰਸ ਪਾਰਟੀ ਵੀ ਇਸ ਨੂੰ ਮੋਦੀ ਸਰਕਾਰ ਦੀ ਇੱਕ ਗਹਿਰੀ ਸਾਜਿਸ਼ ਦਾ ਹਿੱਸਾ ਦੱਸ ਰਹੀ ਹੈ। ਲੰਘੀ ਦੇਰ ਸ਼ਾਮ ਸਿੰਘੂ, ਟਿਕਰੀ ਅਤੇ ਗਾਜੀਬਾਦ ਬਾਰਡਰ 'ਤੇ ਧਰਨਾ ਲਗਾਈ ਬੈਠੇ ਸੰਯੁਕਤ ਕਿਸਾਨ ਮੋਰਚੇ ਨੇ ਬਿਆਨ ਜਾਰੀ ਕਰਕੇ ਲਾਲ ਕਿਲ੍ਹੇ ਵਿੱਚ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁੱਝ ਲੋਕਾਂ ਨੇ ਤੈਅ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਨਿੰਦਣਯੋਗ ਕਾਰਾ ਕੀਤਾ ਹੈ। ਗ਼ੈਰ ਸਮਾਜੀ ਅਨਸਰਾਂ ਨੇ ਸ਼ਾਂਤੀਪੂਰਨ ਅੰਦੋਲਨ ਵਿੱਚ ਘੁਸਪੈਠ ਕੀਤੀ ਸੀ। ਅਸੀਂ ਹਮੇਸ਼ਾ ਮੰਨਿਆ ਹੈ ਕਿ ਸ਼ਾਂਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨਾਲ ਅੰਦੋਲਨ ਨੂੰ ਨੁਕਸਾਨ ਹੋਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਦਾਅਵਾ ਕੀਤਾ, ਕਿ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਕਿਸਾਨ ਨਹੀਂ ਸਨ ਅਤੇ ਉਨ੍ਹਾਂ ਦਾ ਮੋਰਚੇ ਨਾਲ ਵੀ ਕੋਈ ਸਬੰਧ ਨਹੀਂ। 

ਦੂਜੇ ਪਾਸੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਦਾਅਵਾ ਕੀਤਾ ਹੈ ਕਿ ਲਾਲ ਕਿਲ੍ਹੇ ਵਿੱਚ ਵਾਪਰੀ ਘਟਨਾ ਦਾ ਜੋ ਦੋਸ਼ ਉਨ੍ਹਾਂ ਉੱਪਰ ਲੱਗ ਰਿਹਾ ਹੈ, ਉਹ ਬੇਮੁਨਿਆਦ ਹੈ। ਉਨ੍ਹਾਂ ਨੇ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਦੇ ਬਾਰੇ ਵੀ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਅਦਾਕਾਰ ਦੀਪ ਸਿੱਧੂ ਤੋਂ ਇਲਾਵਾ ਲੱਖਾ ਸਿਧਾਣਾ ਦੇ ਨਾਲ ਸਾਡਾ ਕੋਈ ਸਬੰਧ ਨਹੀਂ। ਦੱਸਦੇ ਚੱਲੀਏ ਕਿ, ਖੇਤੀ ਸਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਦੇ ਵਿਰੁੱਧ ਪਿਛਲੇ ਕਰੀਬ 63 ਦਿਨ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ, ਮਜ਼ਦੂਰ ਅਤੇ ਆਮ ਲੋਕਾਂ ਦਾ ਧਰਨਾ ਜਾਰੀ ਹੈ।