ਕਾਨੂੰਨ ਰੱਦ ਨਹੀਂ ਹੋਣੇ, ਪਰ ਵਿਚਾਲੇ ਪੈਣੇ ਨੇ ਢਾਉਣੇ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 26 2021 14:56
Reading time: 1 min, 51 secs

ਲੰਘੇ ਕੱਲ੍ਹ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਇਆ, ਕਿ ਕਿਸਾਨ ਬੈਠ ਕੇ ਗੱਲਬਾਤ ਕਰਨ, ਤਾਂ ਮਸਲਾ ਹੱਲ ਹੋ ਸਕਦੈ, ਨਹੀਂ ਤਾਂ ਇਸੇ ਤਰ੍ਹਾਂ ਹੀ ਰੇੜਕਾ ਚੱਲਦਾ ਰਹੂ। ਤੋਮਰ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਕਿ ਕਿਸਾਨ ਮੋਰਚਾ ਅਸੀਂ ਚਾਹੁੰਦੇ ਹਾਂ ਕਿ ਜਲਦੀ ਸਮਾਪਤ ਹੋਵੇ, ਪਰ ਸਾਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਐ, ਕਿਸਾਨ ਹੀ ਮੰਨਣ ਨੂੰ ਤਿਆਰ ਨਹੀਂ।

ਖੇਤੀ ਮੰਤਰੀ ਨੇ ਦਾਅਵਾ ਇੱਥੋਂ ਤੱਕ ਠੋਕ ਦਿੱਤਾ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਕਿਸੇ ਵੀ ਕੀਮਤ ’ਤੇ ਰੱਦ ਨਹੀਂ ਕਰੇਗੀ, ਕਿਉਂਕਿ ਉਹ ਇੱਕ ਡੇਢ ਸਾਲ ਤੱਕ ਰੋਕ ਲਗਾਉਣ ਲਈ ਤਿਆਰ ਹਨ, ਰੱਦ ਕਰਨ ਲਈ ਨਹੀਂ। ਖੇਤੀ ਮੰਤਰੀ ਦਾ ਇਹ ਬਿਆਨ, ਉਸ ਵੇਲੇ ਆਇਆ ਸੀ, ਜਦੋਂ ਕਿਸਾਨ ਟਰੈਕਟਰ ਪਰੇਡ ਕਰਨ ਵਾਸਤੇ ਤਿਆਰ ਬਰ ਤਿਆਰ ਸਨ।

ਤੋਮਰ ਨੇ ਜਿੱਥੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੋਸਿਆ ਅਤੇ ਨਾਲ ਹੀ ਕਿਹਾ ਕਿ ਉਹ 26 ਜਨਵਰੀ ਦੀ ਕਿਸਾਨ ਟਰੈਕਟਰ ਰੈਲੀ ਤੋਂ ਨਰਾਜ ਐ। ਖ਼ੈਰ, ਖੇਤੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਤੋਂ ਇਹ ਸਪੱਸ਼ਟ ਹੋ ਚੁੱਕਿਐ ਕਿ, ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਨਹੀਂ ਕਰੇਗੀ, ਪਰ ਦੂਜੇ ਪਾਸੇ ਕਿਸਾਨਾਂ ਨੇ ਵੀ ਠੋਕ ਵਜ੍ਹਾ ਕੇ ਕਹਿ ’ਤਾ ਹੈ ਕਿ ਖੇਤੀ ਕਾਨੂੰਨ ਜੇਕਰ ਰੱਦ ਨਹੀਂ ਹੋਣੇ ਤਾਂ, ਵਿਚਾਲੇ ਪੈਣੇ ਢਾਉਣੇ। 

ਵੈਸੇ ਤਾਂ, ਇਹ ਕਿਸਾਨਾਂ ਦੀ ਬਹੁਤ ਵੱਡੀ ਸਰਕਾਰ ਨੂੰ ਚੇਤਾਵਨੀ ਹੈ, ਪਰ ਸਰਕਾਰ ਸਮਝਣ ਦੀ ਬਿਜਾਏ, ਕਿਸਾਨ ਮੋਰਚੇ ਨੂੰ ਹੀ ਢਾਹ ਲਗਾਉਣ ਵਾਸਤੇ ਦਿਨ ਰਾਤ ਇੱਕ ਕਰ ਰਹੀ ਹੈ। ਕਿਸਾਨ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ 62 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਦਿਨ ਰਾਤ ਕੜਾਕੇ ਦੀ ਠੰਢ ਵਿੱਚ ਕਿਸਾਨ, ਮਜ਼ਦੂਰਾਂ ਅਤੇ ਕਿਰਤੀਆਂ ਦਾ ਧਰਨਾ ਲਗਾਤਾਰ ਜਾਰੀ ਹੈ। 

ਪਰ ਸਰਕਾਰ ਟੱਸ ਤੋਂ ਮੱਸ ਹੋਣ ਦਾ ਨਾਂਅ ਨਹੀਂ ਲੈ ਰਹੀ ਅਤੇ ਲਗਾਤਾਰ ਲੋਕ ਵਿਰੋਧੀ ਫ਼ੈਸਲੇ ਲੈ ਕੇ ਕਿਸਾਨ ਮੋਰਚੇ ਨੂੰ ਖ਼ਤਮ ਕਰਨ ’ਤੇ ਜ਼ੋਰ ਦੇ ਰਹੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ, ਕੇਂਦਰੀ ਮੰਤਰੀਆਂ ਦਾ ਰਵੱਈਆ ਹੁਣ ਤੱਕ ਕਿਸਾਨ ਵਿਰੋਧੀ ਰਿਹਾ ਹੈ, ਪਰ ਜਿਵੇਂ ਹੀ ਕਿਸਾਨਾਂ ਦਾ ਰੋਹ ਵੱਧ ਰਿਹਾ ਹੈ, ਸਰਕਾਰ ਝੁਕਦੀ ਹੋਈ ਵੀ ਵਿਖਾਈ ਦੇ ਰਹੀ ਹੈ।

ਕਿਸਾਨਾਂ ਦੇ ਨਾਲ ਹੁਣ ਤੱਕ ਕਈ ਸਿਆਸੀ ਪਾਰਟੀਆਂ ਵੀ ਆਪਣੇ ਝੰਡਿਆਂ ਨੂੰ ਪਾਸੇ ਰੱਖ ਕੇ, ਸੰਘਰਸ਼ ਦੇ ਵਿੱਚ ਜੁੱਟ ਰਹੀਆਂ ਹਨ ਅਤੇ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਕਿਸਾਨ ਕਹਿ ਰਹੇ ਹਨ ਪ੍ਰਧਾਨ ਮੰਤਰੀ ਨੇ ਜਿਹੜੀ ਸਕੀਮ ਸੱਤਾ ਵਿੱਚ ਆਉਣ ਤੋਂ ਪਹਿਲੋਂ ਘੜੀ ਸੀ, ਕਿ ਦੇਸ਼ ਨੂੰ ਵੇਚ ਵੱਟ ਕੇ ਬੁੱਲੇ ਲੁੱਟੇ ਜਾਣਗੇ, ਉਹ ਸਕੀਮ ਮੋਦੀ ਨੂੰ ਦੂਜੀ ਕਾਰਜਕਾਲ ਵੇਲੇ ਪੁੱਠੀ ਪੈਣੀ ਸ਼ੁਰੂ ਹੋ ਗਈ ਹੈ।