ਟਰੰਪ ਗੱਦੀਓ ਲੱਥਾ, ਭਾਰਤ ਚੀਨ ਦਾ ਫਿਰ ਪਿਆ ਜੱਫਾ.!! (ਨਿਊਜ਼ਨੰਬਰ ਖ਼ਾਸ ਖ਼ਬਰ)

ਜਦੋਂ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਸੀ ਤਾਂ, ਉਸ ਵੇਲੇ ਬਹੁਤ ਸਾਰੇ ਦੇਸ਼ਾਂ ਦਾ ਆਪਣੇ ਗੁਆਂਢੀਆਂ ਦੇ ਨਾਲ ਝਗੜਾ ਹੋਇਆ। ਟਰੰਪ 'ਤੇ ਵਾਰ ਵਾਰ ਇਹੀ ਦੋਸ਼ ਲੱਗਦੇ ਰਹੇ ਕਿ, ਅੱਗ ਲਗਾ ਕੇ ਕੁੱਤਾ ਕੰਧ 'ਤੇ...! ਟਰੰਪ ਨੂੰ ਫਿਰ ਵੀ ਸਮਝ ਨਾ ਆਈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ਵਿੱਚ ਪਈ ਖਟਾਸ ਦਾ ਕਾਰਨ ਵੀ ਟਰੰਪ ਹੀ ਦੱਸਿਆ ਜਾਂਦਾ ਰਿਹਾ ਹੈ।

ਭਾਰਤ ਚੀਨ ਦਾ ਰਿਸ਼ਤਾ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਠੀਕ ਠਾਕ ਚੱਲਿਆ ਆ ਰਿਹਾ ਸੀ, ਉਹ ਰਿਸ਼ਤਾ ਟਰੰਪ ਦੇ ਸੱਤਾ ਵਿੱਚ ਆਉਣ ਮਗਰੋਂ ਖ਼ਰਾਬ ਹੋ ਗਿਆ। ਕੁਲ ਮਿਲਾ ਕੇ ਕਹਿ ਲਈਏ ਤਾਂ, ਅੱਗ ਦੀ ਲਾਟ ਵਾਂਗ ਟਰੰਪ ਨੇ ਚਾਰੇ ਪਾਸੇ ਅੱਗ ਹੀ ਲਾਈ ਅਤੇ ਬਾਅਦ ਵਿੱਚ ਸਮਝੌਤੇ ਕਰਵਾਉਣ ਦੀਆਂ ਗੱਲਾਂ ਵੀ ਟਰੰਪ ਕਰਦਾ ਰਿਹਾ, ਜਿਸ ਨੂੰ ਕਿ ਨਾ ਤਾਂ ਭਾਰਤ ਨੇ ਮੰਨਿਆ ਅਤੇ ਨਾ ਹੀ ਪਾਕਿਸਤਾਨ ਤੋਂ ਇਲਾਵਾ ਚੀਨ ਨੇ ਮੰਨਿਆ।

ਟਰੰਪ ਦੀਆਂ ਭਾਰਤ, ਚੀਨ ਅਤੇ ਪਾਕਿਸਤਾਨੀ ਵਿਰੋਧੀ ਨੀਤੀਆਂ ਦੇ ਕਾਰਨ ਹੁਣ ਤੱਕ ਅਣਗਿਣਤ ਜਵਾਬ ਤਿੰਨੋਂ ਦੇਸ਼ਾਂ ਦੇ ਸ਼ਹੀਦ ਹੋ ਚੁੱਕੇ ਹਨ, ਪਰ ਹੁਣ ਲੱਗਦਾ ਹੈ ਕਿ ਸਰਹੱਦਾਂ 'ਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਗਿਣਤੀ ਘੱਟ ਜਾਵੇਗੀ। ਕਿਉਂਕਿ, ਹੁਣ ਟਰੰਪ ਸੱਤਾ 'ਤੋਂ ਲਹਿ ਚੁੱਕਿਆ ਹੈ ਅਤੇ ਜਦੋਂ ਤੋਂ ਟਰੰਪ ਸੱਤਾ ਤੋਂ ਬਾਹਰ ਹੋਇਆ ਹੈ, ਉਦੋਂ ਤੋਂ ਭਾਰਤ ਚੀਨ ਜਾਂ ਫਿਰ ਭਾਰਤ ਪਾਕਿਸਤਾਨ ਸਰਹੱਦ 'ਤੇ ਬਹੁਤ ਘੱਟ ਝੜਪਾਂ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।

ਦੱਸਣਾ ਬਣਦਾ ਹੈ ਕਿ ਲੰਘੇ ਕੱਲ੍ਹ ਐਤਵਾਰ ਨੂੰ ਤਾਂ ਭਾਰਤ ਅਤੇ ਚੀਨ ਵਿਚਾਲੇ ਚੱਲਦੇ ਆ ਰਹੇ ਵਿਵਾਦ ਨੂੰ ਖ਼ਤਮ ਕਰਨ ਵਾਸਤੇ ਲੰਮੀ ਮੀਟਿੰਗ ਵੀ ਚੱਲੀ, ਜੋ ਕਿ ਅੱਜ ਸੋਮਵਾਰ ਨੂੰ ਵੀ ਜਾਰੀ ਹੈ। ਜਾਣਕਾਰੀ ਮਿਲੀ ਹੈ ਕਿ ਇਸ ਮੀਟਿੰਗ ਦੇ ਵਿੱਚ ਭਾਰਤ ਅਤੇ ਚੀਨ ਵਿਚਾਲੇ ਸਹਿਮਤੀ ਬਣੀ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਭਾਰਤ ਚੀਨ ਵਿਚਾਲੇ 9ਵੇਂ ਦੌਰ ਦੀ ਗੱਲਬਾਤ ਲੰਘੇ ਕੱਲ੍ਹ ਐਤਵਾਰ ਨੂੰ ਹੋਈ ਅਤੇ ਇਸ ਗੱਲਬਾਤ ਦੇ ਵਿੱਚ ਪੂਰਬੀ ਲਦਾਖ਼ ਵਿੱਚ ਟਕਰਾਅ ਵਾਲੇ ਸਾਰੇ ਸਥਾਨਾਂ ਤੋਂ ਜਵਾਨਾਂ ਨੂੰ ਪਿੱਛੇ ਹਟਣ ਦੀ ਪ੍ਰੀਕਿਰਿਆ ਨੂੰ ਅੱਗੇ ਵਧਾਉਣ ਦੀ ਗੱਲ ਹੋਈ। ਇਸ ਉੱਚ ਪੱਧਰੀ ਸੈਨਿਕ ਗੱਲਬਾਤ ਪੂਰਬੀ ਲਦਾਖ਼ ਵਿੱਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਚੀਨ ਵਾਲੇ ਪਾਸੇ ਮੋਲਦੋ ਸਰਹੱਦੀ ਖੇਤਰ ਵਿੱਚ ਸਵੇਰੇ 10 ਵਜੇ ਸ਼ੁਰੂ ਹੋਈ।

ਜਦੋਂਕਿ, ਇਸ ਤੋਂ ਪਹਿਲੋਂ 8ਵੇਂ ਦੌਰ ਦੀ ਮੀਟਿੰਗ ਕਰੀਬ ਢਾਈ ਮਹੀਨੇ ਪਹਿਲੋਂ 6 ਨਵੰਬਰ ਨੂੰ ਹੋਈ ਸੀ ਅਤੇ ਉਕਤ ਮੀਟਿੰਗ ਦੇ ਵਿੱਚ ਵੀ ਜਵਾਨਾਂ ਨੂੰ ਟਕਰਾਅ ਵਾਲੇ ਖ਼ਾਸ ਸਥਾਨਾਂ ਤੋਂ ਪਿਛਾਂਹ ਹਟਣ ਨੂੰ ਲੈ ਕੇ ਗੱਲਬਾਤ ਹੋਈ ਸੀ। ਖ਼ੈਰ, ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਆਪਣੇ 'ਲੇਖ' ਲਿਖਣ ਵਾਲੇ ਲੇਖਕਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੋ ਚੰਗੇ ਰਿਸ਼ਤੇਦਾਰਾਂ ਦੇ ਵਿੱਚ ਕੋਈ ਤੀਜਾ 'ਗੰਦਾ ਬੰਦਾ' ਵੜ ਜਾਵੇ ਤਾਂ ਰਿਸ਼ਤੇ ਖ਼ਰਾਬ ਹੋ ਜਾਂਦੇ ਹਨ, ਪਰ ਹੁਣ ਗੰਦਾ ਬੰਦਾ ਸੱਤਾ ਤੋਂ ਬਾਹਰ ਹੋ ਚੁੱਕਿਆ ਹੈ ਅਤੇ ਉਮੀਦ ਹੈ ਕਿ ਭਾਰਤ ਚੀਨ ਦੇ ਰਿਸ਼ਤੇ ਫਿਰ ਤੋਂ ਪਹਿਲੋਂ ਵਰਗੇ ਹੋ ਜਾਣਗੇ।