ਹਾਕਮ ਦੇ ਰਹੇ ਨੇ ਮਿੱਠੀਆਂ ਗੋਲੀਆਂ, ਪਰ ਸਾਨੂੰ ਜ਼ਹਿਰ ਬਣ ਕੇ ਲੜੀ ਰਹੀਆਂ ਨੇ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 22 2021 13:25
Reading time: 1 min, 51 secs

ਕਿਸਾਨ ਮੋਰਚੇ ਨੂੰ ਢਾਹ ਲਗਾਉਣ ਦੇ ਲਈ ਲਗਾਤਾਰ ਕੇਂਦਰ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਕਿਸਾਨ ਸਫ਼ਲ ਨਹੀਂ ਹੋਣ ਦੇ ਰਹੇ। ਕਿਸਾਨ ਮੋਰਚਾ ਸ਼ੁਰੂ ਹੋਣ ਤੋਂ ਪਹਿਲੋਂ ਅਤੇ ਹੁਣ ਤੱਕ ਕਿਸਾਨਾਂ ਦੀ ਇੱਕੋ ਹੀ ਮੰਗ ਰਹੀ ਹੈ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਸਰਕਾਰ ਵਾਰ ਵਾਰ ਕਿਸਾਨਾਂ ਨੂੰ ਮਿੱਠੀਆਂ ਗੋਲੀਆਂ ਤਾਂ ਦੇ ਰਹੀ ਹੈ, ਜੋ ਜ਼ਹਿਰ ਬਣ ਕੇ ਬਾਹਰ ਨਿਕਲ ਰਹੀਆਂ ਹਨ।

ਕਿਸਾਨਾਂ ਨੂੰ ਸਰਕਾਰ ਦੀਆਂ ਇਹ ਮਿੱਠੀਆਂ ਗੋਲੀਆਂ, ਜ਼ਹਿਰ ਬਣ ਕੇ ਲੜ ਤਾਂ ਰਹੀਆਂ ਹੀ ਹਨ। ਨਾਲ ਹੀ ਕਿਸਾਨ, ਇਹ ਵੀ ਕਹਿ ਰਹੇ ਹਨ, ਕਿ ਉਹ ਸਰਕਾਰ ਦੇ ਝਾਂਸੇ ਵਿੱਚ ਹੁਣ ਆਉਣ ਵਾਲੇ ਨਹੀਂ ਅਤੇ ਉਦੋਂ ਤੱਕ ਦਿੱਲੀ ਦੀਆਂ ਸਰਹੱਦਾਂ ਤੋਂ ਨਹੀਂ ਉੱਠਣਗੇ, ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਨਹੀਂ ਕਰਦੀ।

ਅੱਜ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਾਲੇ 11ਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ ਅਤੇ ਮੀਟਿੰਗ ਤੋਂ ਪਹਿਲੋਂ ਹੀ ਕਈ ਕਿਸਾਨ ਆਗੂ ਦਾਅਵਾ ਕਰ ਰਹੇ ਹਨ, ਕਿ ਖੇਤੀ ਕਾਨੂੰਨਾਂ ’ਤੇ ਹੋਣ ਵਾਲੀ ਅੱਜ ਦੀ ਮੀਟਿੰਗ ਵੀ ਪਹਿਲੀਆਂ ਮੀਟਿੰਗਾਂ ਦੇ ਵਾਂਗ ਬੇਸਿੱਟਾ ਹੀ ਰਹੇਗੀ। 

ਕਿਉਂਕਿ, ਸਰਕਾਰ ਦਾ ਰਵੱਈਆ ਹੁਣ ਤੱਕ ਕਿਸਾਨ ਵਿਰੋਧੀ ਰਿਹਾ ਹੈ। ਦਿੱਲੀ ਕਿਸਾਨ ਮੋਰਚੇ ਵਿੱਚ ਤਾਇਨਾਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ‘ਨਿਊਜ਼ਨੰਬਰ’ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਸਾਫ਼ ਅਤੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ, ਕਿਸਾਨਾਂ ਨੂੰ ਵਾਰ ਵਾਰ ਹਾਕਮ ਮਿੱਠੀਆਂ ਗੋਲੀਆਂ ਦੇ ਰਹੇ ਹਨ, ਜੋ ਕਿਸਾਨਾਂ ਨੂੰ ਜ਼ਹਿਰ ਬਣ ਕੇ ਲੜ ਰਹੀਆਂ ਹਨ। ਕਿਸਾਨ ਦੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ। 

ਪਰ ਸਰਕਾਰ ਕਦੇ ਪ੍ਰਸਤਾਵ ਭੇਜ ਕੇ ਕਿਸਾਨ ਮੋਰਚੇ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਇਲਾਵਾ ਕਦੇ ਸਰਕਾਰ ਇਹ ਕਹਿ ਦਿੰਦੀ ਹੈ, ਕਿ ਉਹ ਖੇਤੀ ਕਾਨੂੰਨਾਂ ਦੇ ਵਿੱਚ ਸੋਧਾਂ ਕਰ ਦਿੰਦੇ ਹਨ। ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ, ਉਨ੍ਹਾਂ ਦੀ ਸ਼ੁਰੂ ਤੋਂ ਮੰਗ ਰਹੀ ਹੈ, ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ, ਕਿਉਂਕਿ, ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨ ਹਨ। 

ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਿਸੇ ਵੀ ਤਰੀਕੇ ਰਾਹੀਂ ਇਸ ਅੰਦੋਲਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਪਰ ਕਿਸਾਨ ਅਜਿਹਾ ਨਹੀਂ ਹੋਣ ਦੇਣਗੇ। ਸਰਕਾਰ ਦੀ ਰਣਨੀਤੀ ਸਾਡੇ ’ਤੇ ਜਾਲ ਪਾਉਣ ਦੀ, ਮਠਿਆਈ ਅੰਦਰ ਜ਼ਹਿਰ ਲੁਕਾਉਣ ਦੀ ਸੀ। ਸਰਕਾਰ ਕਿਸੇ ਵੀ ਤਰ੍ਹਾਂ ਇਸ ਵਿਰੋਧ ਪ੍ਰਦਰਸ਼ਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਪਰ ਕਿਸਾਨ ਅਜਿਹਾ ਬਿਲਕੁਲ ਨਹੀਂ ਹੋਣ ਦੇਣਗੇ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਹੀ ਦਿੱਲੀ ਦੀਆਂ ਸਰਹੱਦਾਂ ਤੋਂ ਘਰਾਂ ਨੂੰ ਚਾਲੇ ਪਾਉਣਗੇ।