‘ਪੂਛਤਾ ਹੈ ਭਾਰਤ’ ਅਰਨਬ ਗੋਸਵਾਮੀ ਨੂੰ ਪਹਿਲੋਂ ਕਿਵੇਂ ਪਤਾ ਸੀ ਬਾਲਾਕੋਟ ਸਟ੍ਰਾਈਕ ਬਾਰੇ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 21 2021 13:10
Reading time: 2 mins, 36 secs

‘ਪੂਛਤਾ ਹੈ ਭਾਰਤ’ ਪ੍ਰੋਗਰਾਮ ਕਰਨ ਵਾਲਾ, ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਇਸ ਵਕਤ ਅਜਿਹੇ ਵਿਵਾਦ ਦੇ ਵਿੱਚ ਫਸ ਚੁੱਕਿਆ ਹੈ, ਜਿੱਥੋਂ ਬਹੁਤੀ ਜਲਦੀ ਨਿਕਲਣਾ ਸੌਖਾ ਨਹੀਂ ਹੈ। ਕਿਉਂਕਿ ਮਸਲਾ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਹੈ। 14 ਫਰਵਰੀ 2019 ਨੂੰ ਪੁਲਵਾਮਾ ਵਿਖੇ ਸ਼ਹੀਦ ਹੋਏ 40 ਦੇ ਕਰੀਬ ਸੀਆਰਪੀਐਫ਼ ਜਵਾਨਾਂ ਦੀ ਮੌਤ ’ਤੇ ਖੁਸ਼ੀ ਪ੍ਰਗਟਾਉਣ ਦਾ ਦੋਸ਼ ਅਰਨਬ ਗੋਸਵਾਮੀ ’ਤੇ ਲੱਗਿਆ ਹੈ, ਨਾਲ ਹੀ ਬਾਲਾਕੋਟ ਸਟ੍ਰਾਈਕ ਦੇ ਬਾਰੇ ਵਿੱਚ ਤਿੰਨ ਦਿਨ ਪਹਿਲੋਂ ਗੋਸਵਾਮੀ ਨੂੰ ਪਤਾ ਲੱਗਣ ਦਾ ਵੀ ਖ਼ੁਲਾਸਾ ਹੋਇਆ ਹੈ। 

ਦਰਅਸਲ, ਇਹ ਖ਼ੁਲਾਸਾ ਅਰਨਬ ਗੋਸਵਾਮੀ ਅਤੇ ਸਾਬਕਾ ਟੀਵੀ ਰੇਟਿੰਗ ਏਜੰਸੀ ਬੀਏਆਰਸੀ ਦੇ ਸੀਈਓ ਪਾਰਥੋ ਦਾਸਗੁਪਤਾ ਦਰਮਿਆਨ ਕਥਿਤ ਵਟਸਐਪ ਗੱਲਬਾਤ ਤੋਂ ਬਾਅਦ ਹੋਇਆ ਹੈ। ਗੋਸਵਾਮੀ ਅਤੇ ਦਾਸਗੁਪਤਾ ਦੀ ਕਥਿਤ ਵਟਸਐਪ ਚੈਟ ਦੇ ਸਕਰੀਨ ਸ਼ਾਟ ਇੰਨੀਂ ਦਿਨੀਂ ਸ਼ੋਸ਼ਲ ਮੀਡੀਆ ’ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਹਨ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ‘ਬਾਲਕੋਟ ਦੀ ਸਟ੍ਰਾਈਕ’ ਤੋਂ ਤਿੰਨ ਦਿਨ ਪਹਿਲਾਂ ਅਰਨਬ ਗੋਸਵਾਮੀ ਨੇ ਵਟਸਐਪ ਗੱਲਬਾਤ ਵਿੱਚ ਕਿਹਾ ਸੀ ਕਿ ਕੁੱਝ ਵੱਡਾ ਹੋਣ ਜਾ ਰਿਹਾ ਹੈ। 

ਅਰਨਬ ਗੋਸਵਾਮੀ ਨੂੰ ਕਿਵੇਂ ਪਤਾ ਸੀ ਕਿ ਕੁੱਝ ਵੱਡਾ ਹੋਣ ਜਾ ਰਿਹਾ ਹੈ, ਇਹ ਤਾਂ ਇੱਕ ਵੱਖਰੀ ਗੱਲ ਹੈ, ਪਰ ਬਾਲਾਕੋਟ ਦੀ ਸਟ੍ਰਾਈਕ ਦੇ ਬਾਰੇ ਵਿੱਚ ਅਰਨਬ ਗੋਸਵਾਮੀ ਨੂੰ ਕਿਵੇਂ ਪਤਾ ਚੱਲ ਗਿਆ? ਕਿਉਂਕਿ ਇਹ ਤਾਂ ਦੇਸ਼ ਦੇ ਨਾਲ ਜੁੜਿਆ ਮਾਮਲਾ ਹੈ ਅਤੇ ਰੱਖਿਆ ਮੰਤਰੀ ਤੋਂ ਇਲਾਵਾ ਪ੍ਰਧਾਨ ਮੰਤਰੀ ਅਤੇ ਫ਼ੌਜ ਵਿਚਾਲੇ ਦੀ ਅਹਿਮ ਗੱਲਬਾਤ ਹੈ, ਜੋ ਇੱਕ ਪੱਤਰਕਾਰ ਤੱਕ ਕਿਵੇਂ ਪੁੱਜ ਗਈ ਅਤੇ ਕੀ ਪੱਤਰਕਾਰ ਨੇ ਉਕਤ ਜਾਣਕਾਰੀ ਬਾਲਾਕੋਟ ਸਟ੍ਰਾਈਕ ਤੋਂ ਪਹਿਲੋਂ ਕਿਸੇ ਹੋਰ ਨਾਲ ਵੀ ਸਾਂਝੀ ਕੀਤੀ ਹੋਵੇਗੀ, ਇਹਦੇ ਬਾਰੇ ਵਿੱਚ ਹਾਲੇ ਪਤਾ ਲੱਗਣਾ ਬਾਕੀ ਹੈ। 

ਪਰ, ਜਿਸ ਹਿਸਾਬ ਦੇ ਨਾਲ ਅਰਨਬ ਗੋਸਵਾਮੀ ਅਤੇ ਸਾਬਕਾ ਟੀਵੀ ਰੇਟਿੰਗ ਏਜੰਸੀ ਬੀਏਆਰਸੀ ਦੇ ਸੀਈਓ ਪਾਰਥੋ ਦਾਸਗੁਪਤਾ ਦਰਮਿਆਨ ਕਥਿਤ ਵਟਸਐਪ ਗੱਲਬਾਤ ਦੇ ਸਕਰੀਨ ਸ਼ਾਟ ਵਾਇਰਲ ਹੋ ਰਹੇ ਹਨ, ਉਹਦੇ ਤੋਂ ਇੱਕ ਗੱਲ ਦਾ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ, ਕਿ ਅਰਨਬ ਗੋਸਵਾਮੀ ਕਥਿਤ ਤੌਰ ’ਤੇ ਜਾਸੂਸੀ ਕਰ ਰਿਹਾ ਸੀ ਅਤੇ ਟੀਆਰਪੀ ਬਟੋਰਨ ਵਾਸਤੇ ਵੱਖ-ਵੱਖ ਐਂਗਲਾਂ ਤੋਂ ਜਾਣਕਾਰੀ ਇਕੱਠੀਆਂ ਕਰਕੇ, ਆਪਣੇ ‘ਸੱਜੇ ਖੱਬੇ’ ਦੇ ਸਾਥੀਆਂ ਨਾਲ ਸਾਂਝੀਆਂ ਕਰ ਰਿਹਾ ਸੀ। 

ਜੇਕਰ ਅਰਨਬ ਗੋਸਵਾਮੀ ਕਥਿਤ ਤੌਰ ’ਤੇ ਜਾਸੂਸੀ ਨਹੀਂ ਸੀ ਕਰ ਰਿਹਾ ਤਾਂ, ਉਹਨੂੰ ਕਿਵੇਂ ਪਤਾ ਲੱਗ ਗਿਆ ਕਿ, ਬਾਲਾਕੋਟ ਵਿੱਚ ਸਟ੍ਰਾਈਕ ਹੋਣ ਵਾਲੀ ਹੈ? ਅਰਨਬ ਗੋਸਵਾਮੀ ਵੈਸੇ ਪਹਿਲੋਂ ਟੀਆਰਪੀ ਘੁਟਾਲੇ ਅਤੇ ਮਾਂ ਪੁੱਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਇਸ ਵਕਤ ਅਰਨਬ ਗੋਸਵਾਮੀ ਅਤੇ ਪਾਰਥੋ ਦਾਸਗੁਪਤਾ ਦੀ ਵਾਇਰਲ ਹੋਈ ਵਟਸਐਪ ਚੈਟ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਵਾਉਣ ਦੇ ਨਾਲ ਨਾਲ, ਗੋਸਵਾਮੀ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖੀ ਹੈ। 

ਦੱਸਦੇ ਚੱਲੀਏ ਕਿ ਇਹ ਉਹੀ ਅਰਨਬ ਗੋਸਵਾਮੀ ਹੈ, ਜਿਹੜਾ ਆਪਣੇ ਰਿਪਬਲਿਕ ਟੀਵੀ ਚੈਨਲ ’ਤੇ ‘‘ਪੂਛਤਾ ਹੈ ਭਾਰਤ’’ ਪ੍ਰੋਗਰਾਮ ਵਿੱਚ ਬਾਹਲੀ ਬੋਲਦਾ ਹੁੰਦੈ ਅਤੇ ਝੂਠਾਂ ਦੇ ਪੁਲੰਦੇ ਸੁੱਟ ਕੇ ਮੋਦੀ ਸਰਕਾਰ ਦੀ ਹਮੇਸ਼ਾ ਵਾਹ ਵਾਹ ਕਰਦੈ ਹੁੰਦੈ। ਖ਼ੈਰ, ਆਪਣੇ ਆਪ ਨੂੰ ਚੋਟੀ ਦਾ ਪੱਤਰਕਾਰ ਅਖ਼ਵਾਉਣ ਵਾਲਾ ‘ਅਰਨਬ ਗੋਸਵਾਮੀ’ ਦਾ ਜਿੱਥੇ ਲੰਘਿਆ ਸਾਲ 2020 ਮਾੜਾ ਰਿਹਾ, ਉੱਥੇ ਹੀ ਦੂਜੇ ਪਾਸੇ ਨਵੇਂ ਸਾਲ 2021 ਦਾ ਪਹਿਲਾਂ ਮਹੀਨਾ ਵੀ ‘ਗੋਸਵਾਮੀ’ ਦਾ ਮਾੜਾ ਹੀ ਸ਼ੁਰੂ ਹੋਇਆ ਹੈ, ਕਿਉਂਕਿ, ਅਰਨਬ ਗੋਸਵਾਮੀ ਅਤੇ ਸੀਈਓ ਪਾਰਥੋ ਦਾਸਗੁਪਤਾ ਦੀ ਵਾਇਰਲ ਹੋਈ ਵਟਸਐਪ ਚੈਟ ਨੇ ਗੋਸਵਾਮੀ ਨੂੰ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਤਾੜਣਾ ਕਰ ਦਿੱਤੀ ਹੈ। ਲੰਘੇ ਦਿਨੀਂ ਵਿਰੋਧੀ ਧਿਰ ਕਾਂਗਰਸ ਨੇ ਪੁਲਵਾਮਾ ਅੱਤਵਾਦੀ ਹਮਲੇ ਦੀ ਜਵਾਬੀ ਕਾਰਵਾਈ ਤਹਿਤ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਕੀਤੇ ਗਏ ਏਅਰ ਸਟ੍ਰਾਈਕ ਨੂੰ ਲੈ ਕੇ ਸਵਾਲ ਚੁੱਕੇ।