ਮੌਸਮ ਖ਼ਰਾਬ ਐ, ਪਰ ਜਾਣਾ ਬਾਹਰ ਐ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 21 2021 12:50
Reading time: 2 mins, 6 secs

ਪਿਛਲੇ ਦਿਨੀਂ ਇਹ ਖ਼ਬਰ ਸਮੂਹ ਮੀਡੀਆ ਅਦਾਰਿਆਂ ’ਤੇ ਚੱਲੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਆਪਣੇ ਵਿਦੇਸ਼ੀ ਦੌਰੇ ਫਿਰ ਤੋਂ ਮਾਰਚ 2021 ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਵੈਸੇ, ਇਹ ਖ਼ਬਰ ਸੁਣਨ ਤੋਂ ਬਾਅਦ ਕਈ ਤਰ੍ਹਾਂ ਦੇ ਮਨ ਦੇ ਅੰਦਰ ਸਵਾਲ ਪੈਦਾ ਹੋਵੇ, ਕਿ ਬਾਹਰ ਤਾਂ ਮੌਸਮ ਖ਼ਰਾਬ ਐ, ਫਿਰ ਪ੍ਰਧਾਨ ਮੰਤਰੀ ਮੋਦੀ ਬਾਹਰ ਕਿਵੇਂ ਜਾ ਰਿਹਾ ਐ? ਦੇਸ਼ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਸੜਕਾਂ ’ਤੇ ਬੈਠੇ ਹਨ, ਪਰ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ੀ ਸੈਰਾਂ ਕਰਨ ਦੇ ਬਾਰੇ ਵਿੱਚ ਸੋਚ ਰਿਹਾ ਹੈ। 

ਆਪਣੇ ਦੇਸ਼ ਦੇ ਲੋਕਾਂ ਨੂੰ ਭੁੱਖੇ ਭਾਣੇ ਛੱਡ ਕੇ, ਆਪ ਕਰੋੜਾਂ ਰੁਪਏ ਦੇ ਇੱਕ ਹਵਾਈ ਟੂਰ ’ਤੇ ਖ਼ਰਚ ਕਰਕੇ, ਦੇਸ਼ ਦਾ ਉਜਾੜਾ ਕਰਨਾ ਕੋਈ ਚੰਗੀ ਗੱਲ ਤਾਂ ਹੈ ਨਹੀਂ। ਖ਼ੈਰ, ਸਮਝਾਵੇ ਕੌਣ? ਵੈਸੇ ਤਾਂ ਦੇਸ਼ ’ਤੇ ਡਿੱਗਦੀ ਅਰਥ ਵਿਵਸਥਾ ਦੇ ਬੱਦਲ ਛਾਏ ਹੋਏ ਹਨ ਅਤੇ ਮੌਸਮ ਖ਼ਰਾਬ ਹੈ, ਪਰ ਮੋਦੀ ਸਾਬ੍ਹ ਵਿਦੇਸ਼ੀ ਦੌਰਿਆਂ ਦੇ ਬਾਰੇ ਵਿੱਚ ਸੋਚੀ ਬੈਠੇ ਹਨ। ਖ਼ਬਰਾਂ ਦੇ ਮੁਤਾਬਿਕ, ਪੀ ਐੱਮ ਮੋਦੀ ਨੂੰ ਮਾਰਚ 2020 ਵਿੱਚ ਢਾਕਾ ਜਾਣਾ ਸੀ, ਪਰ ਕੋਰੋਨਾ ਕਾਰਨ ਨਹੀਂ ਜਾ ਸਕੇ। 

ਇਸ ਤੋਂ ਬਾਅਦ ਦਸੰਬਰ 2020 ਵਿੱਚ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਵਰਚੂਅਲ ਮੀਟਿੰਗ ਹੋਈ ਸੀ। ਉਦੋਂ ਪੀਐੱਮ ਸ਼ੇਖ ਹਸੀਨਾ ਨੇ ਮੋਦੀ ਨੂੰ ਮਾਰਚ 2021 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ। ਬੰਗਲਾਦੇਸ਼ ਤੋਂ ਬਾਅਦ ਮੋਦੀ ਪੁਰਤਗਾਲ ਦੇ ਦੌਰੇ ’ਤੇ ਜਾਣ ਦੀ ਤਿਆਰੀ ਕਰ ਰਹੇ ਹਨ। ਖ਼ਬਰਾਂ ਹੀ ਕਹਿੰਦੀਆਂ ਹਨ, ਕਿ ਪੁਰਤਗਾਲ ਦੌਰਾ ਯੂਰਪੀ ਸੰਘ ਦੇ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਦੇਖਦੇ ਹੋਏ ਅਹਿਮ ਮੰਨਿਆ ਜਾ ਰਿਹਾ ਹੈ। 

ਪੁਰਤਗਾਲ ਦੌਰਾ ਵੀ ਪਿਛਲੇ ਸਾਲ ਨਾ ਹੋ ਸਕਿਆ, ਇਸ ਲਈ ਇਸ ਦੀ ਭਰਪਾਈ ਕੀਤੀ ਜਾਵੇਗੀ। ਖ਼ਬਰਾਂ ਦੇ ਮੁਤਾਬਿਕ, ਇਸੇ ਸਾਲ ਦੇ ਜੂਨ ਮਹੀਨੇ ਵਿੱਚ ਬਿ੍ਰਟੇਨ ਵਿੱਚ ਹੋਣ ਵਾਲੇ ਸਮੂਹ 7 ਦੇਸ਼ਾਂ ਦੀ ਮੀਟਿੰਗ ਵਿੱਚ ਭਾਗ ਲੈਣ ਲਈ ਮੋਦੀ ਨੂੰ ਸੱਦਾ ਆ ਚੁੱਕਾ ਹੈ। ਗੋਦੀ ਮੀਡੀਆ ਇਹ ਝੂਠ ਫ਼ੈਲਾ ਰਿਹਾ ਹੈ, ਕਿ ਲਗਾਤਾਰ ਤੀਜੀ ਵਾਰ ਭਾਰਤ ਦੁਨੀਆ ਦੇ ਸਭ ਤੋਂ ਮਜ਼ਬੂਤ 7 ਦੇਸ਼ਾਂ ਦੀ ਮੀਟਿੰਗ ਵਿੱਚ ਭਾਗ ਲੈਣ ਲਈ ਵਿਦੇਸ਼ੀ ਮਹਿਮਾਨ ਦੇ ਤੌਰ ’ਤੇ ਸੱਦੇ ਜਾ ਰਹੇ ਹਨ। ਨਾਲ ਹੀ ਮੀਟਿੰਗ ਦੌਰਾਨ ਮੋਦੀ ਦੀ ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਪਹਿਲੀ ਮੁਲਾਕਾਤ ਸੰਭਵ ਹੈ। 

ਖ਼ੈਰ, ਮੋਦੀ ਦੇ ਇਨ੍ਹਾਂ ਦੌਰਿਆਂ ਨੂੰ ਲੈ ਕੇ ਆਲੋਚਕਾਂ ਦਾ ਕਹਿਣਾ ਹੈ, ਕਿ ਜਿੰਨਾਂ ਪੈਸਾ ਪ੍ਰਧਾਨ ਮੰਤਰੀ ਆਪਣੇ ਇੱਕ ਵਿਦੇਸ਼ੀ ਦੌਰੇ ’ਤੇ ਖ਼ਰਚ ਕਰਦਾ ਹੈ, ਜੇਕਰ ਇਨ੍ਹਾਂ ਪੈਸਾ ਭਾਰਤ ਦੀ ਗ਼ਰੀਬੀ ਸੁਧਾਰਨ ’ਤੇ ਲਗਾਇਆ ਜਾਵੇ ਤਾਂ, ਦੋ ਚੌਂਹ ਸਾਲਾਂ ਦੇ ਵਿੱਚ ਹੀ ਭਾਰਤ ਫ਼ਰਸ਼ ਤੋਂ ਅਰਸ਼ ਵੱਲ ਵੱਧ ਸਕਦੈ। ਪਰ ਇਹ ਗੱਲ ਸੋਚੇ ਕੌਣ? ਜਿਹਨੂੰ ਵੇਹਲੀਆਂ ਬੈਠ ਕੇ ਖਾਣ ਨੂੰ ਮਿਲਣ, ਉਹ ਕਾਹਨੂੰ ਰੌਲਾ ਪਾਵੇਗਾ। ਨਾਲ, ਇੱਕ ਗੱਲ ਹੋਰ ਵੀ ਐ, ਜੇਕਰ ਮੋਦੀ ਦੌਰੇ ਨਹੀਂ ਕਰਦਾ ਤਾਂ, ਉਹਦੇ ਮਨ ਵਿੱਚ ਘਬਰਾਹਟ ਜਿਹੀ ਹੁੰਦੀ ਰਹਿੰਦੀ ਐ, ਕਿ ਪਹਾੜ੍ਹਾਂ ਦੀ ਸੈਰ ਕਿਉਂ ਨਹੀਂ ਕਰੀ ਜਾਂਦੀ।