ਕੋਰੋਨਾ ਵੈਕਸੀਨ ਦੇ ‘ਮਾੜੇ ਪ੍ਰਭਾਵ’ ਨਵਾਂ ਸਿਆਪਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 18 2021 14:26
Reading time: 1 min, 34 secs

ਕੋਰੋਨਾ ਵੈਕਸੀਨ ਭਾਰਤ ਦੇ ਅੰਦਰ ਪਿਛਲੇ ਦਿਨੀਂ ਮੋਦੀ ਸਰਕਾਰ ਨੇ ਲਾਂਚ ਕਰਕੇ, ਚਾਰੇ ਪਾਸੇ ਵਾਹ ਵਾਹ ਤਾਂ ਜ਼ਰੂਰ ਖੱਟ ਲਈ। ਪਰ ਇਸ ਕੋਰੋਨਾ ਵੈਕਸੀਨ ਦੇ ਮਾੜੇ ਪ੍ਰਭਾਵ ਵੀ ਨਾਲ ਦੀ ਨਾਲ ਵੇਖਣ ਨੂੰ ਮਿਲ ਰਹੇ ਹਨ। ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੀ ਕੋਰੋਨਾ ਵੈਕਸੀਨ ਜੋ ਮੋਦੀ ਸਰਕਾਰ ਨੇ ਲਾਂਚ ਕੀਤੀ ਹੈ, ਉਹ ਮਾੜੀ ਹੈ, ਪਰ ਜਲਦਬਾਜੀ ਵਿੱਚ ਕੀਤਾ ਗਿਆ ਇਹ ਫ਼ੈਸਲਾ ਲੋਕਾਂ ਨੇ ਨਕਾਰਿਆ ਹੈ। ਖ਼ੈਰ, ਲੰਘੇ ਕੱਲ੍ਹ ਦੀ ਰਿਪੋਰਟ ਦੇ ਮੁਤਾਬਿਕ ਭਾਰਤ ਦੇ ਅੰਦਰ 2 ਲੱਖ 24 ਹਜ਼ਾਰ 301 ਲੋਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ। 

ਜਦੋਂਕਿ ਏਨਾ ਦੇ ਵਿੱਚੋਂ 447 ਲੋਕਾਂ ਵਿੱਚ ‘ਐਡਵਰਸ ਇਵੈਂਟਸ ਫਾਲੋਇੰਗ ਇਮਿਊਨਿਸਨ’ (ਏ.ਈ.ਐੱਫ.ਆਈ.) ਦੇ ਮਾਮਲੇ ਸਾਹਮਣੇ ਆਏ। ਏਨਾ ਸਾਹਮਣੇ ਆਏ ਮਾਮਲਿਆਂ ਨੂੰ ਖ਼ੁਦ ਕੇਂਦਰੀ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਮਨੋਹਰ ਅਗਨਾਨੀ ਨੇ ਵੀ ਮੰਨਿਆ ਹੈ। ਜਿਸ ਦੇ ਕਾਰਨ ਲੋਕਾਂ ਦੇ ਵਿੱਚ ਹੁਣੇ ਤੋਂ ਹੀ ਖ਼ੌਫ ਵੇਖਣ ਨੂੰ ਮਿਲ ਰਿਹਾ ਹੈ, ਕਿ ਹਾਲੇ ਤਾਂ ਵੈਕਸੀਨ ਲਾਂਚ ਹੋਈ ਨੂੰ ਮਸਾ ਦੋ ਦਿਨ ਹੋਏ ਹਨ ਅਤੇ ਇਸ ਦੇ ਮਾੜੇ ਪ੍ਰਭਾਵ ਵੀ ਵੇਖਣ ਨੂੰ ਮਿਲਣੇ ਸ਼ੁਰੂ ਹੋ ਗਏ ਹਨ। ਕਈ ਜਗ੍ਹਾਵਾਂ ’ਤੇ ਸਿਹਤ ਕਾਮਿਆਂ ਨੇ ਵੈਕਸੀਨ ਲਗਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। 

ਪੰਜਾਬ ਦੇ ਕਈ ਹਿੱਸਿਆਂ ਵਿੱਚ ਡਾਕਟਰਾਂ ਤੋਂ ਇਲਾਵਾ ਸਿਹਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਸਰਕਾਰ ਨੂੰ ਪੱਤਰ ਲਿਖ ਦਿੱਤਾ ਹੈ ਕਿ ਉਹ ਕੋਰੋਨਾ ਵੈਕਸੀਨ ਦਾ ਟੀਕਾ ਨਹੀਂ ਲਗਵਾਉਣਗੇ। ਦੱਸਦੇ ਚੱਲੀਏ ਕਿ ਜੋ 2, 24, 301 ਲੋਕਾਂ ਨੂੰ ਕੋਵਿਡ-19 ਟੀਕਾ ਲਗਾਇਆ ਗਿਆ ਹੈ, ਜਿਸ ਵਿੱਚੋਂ 447 ਲੋਕਾਂ ਵਿੱਚ ‘ਐਡਵਰਸ ਇਵੈਂਟਸ ਫਾਲੋਇੰਗ ਇਮਿਊਨਿਸਨ’ (ਏ.ਈ.ਐੱਫ.ਆਈ.) ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਦੀ ਜਾਂਚ ਸਿਹਤ ਮਾਹਿਰਾਂ ਤੋਂ ਇਲਾਵਾ ਵੱਖ ਵੱਖ ਵਿਗਿਆਨੀਆਂ ਦੁਆਰਾ ਕੀਤੀ ਜਾ ਰਹੀ ਹੈ। 

ਇਸ ਤੋਂ ਇਲਾਵਾ ਸਿਰਫ 3 ਜਣਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੰਤਰਾਲੇ ਦੇ ਵਧੀਕ ਸਕੱਤਰ ਮਨੋਹਰ ਅਗਨਾਨੀ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਇਸੇ ਐਤਵਾਰ ਨੂੰ 6 ਸੂਬਿਆਂ ਵਿੱਚ ਟੀਕਾਕਰਨ ਮੁਹਿੰਮ ਚਲਾਈ ਗਈ, ਜਿਨ੍ਹਾਂ ਵਿੱਚ ਆਂਧਰਾ ਪ੍ਰਦੇਸ, ਅਰੁਣਾਚਲ ਪ੍ਰਦੇਸ, ਕਰਨਾਟਕਾ, ਕੇਰਲ, ਮਨੀਪੁਰ ਤੇ ਤਾਮਿਲਨਾਡੂ ਸਾਮਿਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੋਰੋਨਾ ਵੈਕਸੀਨ ਦਾ ਟੀਕੇ ਦੇ ਨੁਕਸਾਨ ਨਹੀਂ ਹਨ, ਬਲਕਿ ਇਸ ਦੇ ਨਾਲ ਕੋਰੋਨਾ ਵਾਇਰਸ ਖ਼ਤਮ ਹੁੰਦਾ ਹੈ।