ਸੱਤਾ ਦੇ ਵਿੱਚ ਜਿਹੜੀ ਮਰਜੀ ਪਾਰਟੀ ਦੀ ਸਰਕਾਰ ਹੋਵੇ, ਹਰ ਸਰਕਾਰ ਹੀ ਸੱਤਾ ਦੇ ਵਿੱਚ ਆਉਣ ਤੋਂ ਪਹਿਲੋਂ ਵਾਅਦੇ ਤਾਂ ਕਈ ਕਰਦੀ ਹੈ, ਪਰ ਜਦੋਂ ਸੱਤਾ ਸੰਭਾਲ ਲੈਂਦੀ ਹੈ ਤਾਂ, ਕੀਤੇ ਵਾਅਦਿਆਂ ਤੋਂ ਮੁਕਰ ਜਾਂਦੀ ਹੈ। ਹੁਣ ਤੱਕ ਜਿੰਨੀਆਂ ਵੀ ਸਰਕਾਰ ਸੱਤਾ ਦੇ ਵਿੱਚ ਆਈਆਂ ਹਨ, ਹਰ ਸਰਕਾਰ ’ਤੇ ਹੀ ਇਹ ਦੋਸ਼ ਲੱਗਦੇ ਆਏ ਹਨ, ਕਿ ਇਹ ਸਰਕਾਰਾਂ ਚੋਣਾਂ ਵੇਲੇ ਕਹਿੰਦੀਆਂ ਕੁੱਝ ਹੋਰ ਨੇ ਅਤੇ ਚੋਣਾਂ ਹੋਣ ਤੋਂ ਬਾਅਦ ਕਰਦੀਆਂ ਕੁੱਝ ਹੋਰ ਨੇ। ਮੁੱਕਦੀ ਗੱਲ ਕਿ ਆਪਣੇ ਕੀਤੇ ਵਾਅਦਿਆਂ ’ਤੇ ਖ਼ਰਾ ਨਹੀਂ ਉੱਤਰਦੀਆਂ।
ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਵਿਚਲੀ ਕੈਪਟਨ ਹਕੂਮਤ ਜਦੋਂ ਤੋਂ ਸੱਤਾ ਵਿੱਚ ਆਈ ਹੈ, ਇਹ ਸਰਕਾਰ ਜਿੱਥੇ ਜਨਤਾ ਦੇ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ, ਉੱਥੇ ਹੀ ਬੇਰੁਜ਼ਗਾਰਾਂ ’ਤੇ ਵੀ ਤਸ਼ੱਦਦ ਢਾਉਂਦੀ ਆ ਰਹੀ ਹੈ। ਲਗਾਤਾਰ ਕੈਪਟਨ ਹਕੂਮਤ ਦਾ ਦੇਸ਼ ਦੇ ਅੰਦਰ ਵਿਰੋਧ ਹੋ ਰਿਹਾ ਹੈ, ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਸਰਕਾਰ ਦਰਅਸਲ, ਚਾਹੁੰਦੀ ਹੈ ਕਿ ਸਭਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਪਰ ਪ੍ਰਾਈਵੇਟ ਖੇਤਰ ਵਿੱਚ, ਜਦੋਂਕਿ ਸਰਕਾਰੀ ਵਿਭਾਗਾਂ ਵਿੱਚ ਸੈਂਕੜੇ ਅਸਾਮੀਆਂ ਖ਼ਾਲੀ ਪਈਆਂ ਹਨ।
ਦੱਸਦੇ ਚੱਲੀਏ ਕਿ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ 15 ਦਿਨਾਂ ਤੋਂ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕ ਸੰਘਰਸ਼ ਕਰਦਿਆਂ ਹੋਇਆ ਕੜਾਕੇ ਦੀ ਠੰਢ ਵਿੱਚ ਸੰਗਰੂਰ ਵਿਖੇ ਪੱਕਾ ਧਰਨਾ ਲਗਾ ਕੇ ਨੌਕਰੀ ਦੀ ਮੰਗ ਕਰ ਰਹੇ ਹਨ। ਪਰ ਪੰਜਾਬ ਸਰਕਾਰ ਇਨ੍ਹਾਂ ਪੜ੍ਹੇ ਲਿਖੇ ਨੌਜਵਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ 4 ਜਨਵਰੀ 2021 ਨੂੰ ਉਨ੍ਹਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘੇਰਾਓ ਕਰਦਿਆਂ ਨੌਕਰੀ ਦੀ ਮੰਗ ਕੀਤੀ ਸੀ।
ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀ ਬੇਰੁਜ਼ਗਾਰਾਂ ਨੂੰ, 10 ਜਨਵਰੀ ਨੂੰ ਬਬਨਪੁਰ ਨਹਿਰ ਦੇ ਜਾਮ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਤੁਹਾਡੀ ਮੀਟਿੰਗ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਤੈਅ ਕਰਵਾਈ ਜਾਵੇਗੀ, ਪਰ ਹਾਲੇ ਤਕ ਮੀਟਿੰਗ ਦਾ ਸਮਾਂ ਤੈਅ ਨਹੀਂ ਕਰਵਾਈਆ ਗਿਆ। ‘ਨਿਊਜ਼ਨੰਬਰ’ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਸਰਕਾਰ ਵਾਰ ਵਾਰ ਆਪਣੇ ਕੀਤੇ ਵਾਅਦਿਆਂ ਤੋਂ ਹੀ ਮੁਕਰ ਰਹੀ ਹੈ।
ਉਨ੍ਹਾਂ ਦੋਸ਼ ਮੜਿਆ ਕਿ 13 ਜਨਵਰੀ 2021 ਨੂੰ ਹੋਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨਾਲ ਪੈਨਲ ਮੀਟਿੰਗ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਬੇਰੁਜ਼ਗਾਰਾਂ ਦੀਆਂ ਮੰਗਾਂ ਜਲਦ ਹੱਲ ਕੀਤਾ ਜਾਵੇਗਾ। ਪਰ ਅਜੇ ਤੱਕ ਉਹਦੇ ਉੱਪਰ ਕੋਈ ਵੀ ਲਿਖਤੀ ਸਪੱਸਟੀ ਕਰਨ ਨਹੀਂ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜੇ ਜਲਦੀ ਕੋਈ ਲਿਖਤੀ ਭਰੋਸਾ ਨਾ ਦਿੱਤਾ ਤਾਂ, ਅਗਾਮੀ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਿਆ ਜਾਵੇਗਾ।