ਕੋਰੋਨਾ ਵੈਕਸੀਨ ਦੀ ਲੰਘੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੂਰੇ ਦੇਸ਼ ਦੇ ਅੰਦਰ ਸ਼ੁਰੂਆਤ ਕਰਦਿਆਂ ਹੋਇਆ ਦੇਸ਼ ਦੇ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ‘ਡੋਜ਼’ ਦੇਣ ਦਾ ਹੁਕਮ ਸੁਣਾਇਆ। ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਤੋਂ ਮਗਰੋਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਸਿਹਤ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੈਕਸੀਨ ਦਾ ਟੀਕਾ ਲਗਾਇਆ ਵੀ ਗਿਆ, ਪਰ ਕਈ ਜਗ੍ਹਾਵਾਂ ਤੋਂ ਅਜਿਹੀਆਂ ਵੀ ਖ਼ਬਰਾਂ ਮਿਲੀਆਂ, ਕਿ ਕਰਮਚਾਰੀਆਂ, ਅਧਿਕਾਰੀਆਂ ਤੋਂ ਇਲਾਵਾ ਡਾਕਟਰਾਂ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ, ਉਹ ਵੈਕਸੀਨ ਦਾ ਟੀਕਾ ਨਹੀਂ ਲਗਵਾਉਣਗੇ।
ਦਰਅਸਲ, ਪ੍ਰਧਾਨ ਮੰਤਰੀ ਮੋਦੀ ਵੱਲੋਂ ਕੋਰੋਨਾ ਟੀਕਾਕਰਨ ਮੁਹਿੰਮ ਦੀ ਜਿਵੇਂ ਹੀ ਸ਼ੁਰੂਆਤ ਕੀਤੀ ਗਈ, ਉਵੇਂ ਹੀ ਦੇਸ਼ ਦੇ ਵਿੱਚ ਕੁੱਝ ਮਿੰਟਾਂ ਦੇ ਅੰਦਰ ਅੰਦਰ ਕਈ ਲੋਕਾਂ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ। ਖ਼ਬਰਾਂ ਦੇ ਮੁਤਾਬਿਕ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੰਘੇ ਕੱਲ੍ਹ ਕੋਰੋਨਾ ਵੈਕਸੀਨ ਦਾ ਟੀਕਾ ਨਹੀਂ ਲਗਵਾਇਆ, ਹਾਲਾਂਕਿ, ਕੈਪਟਨ ਨੇ ਕੋਰੋਨਾ ਵੈਕਸੀਨ ਦੀ ਲਾਂਚਿੰਗ ਤੋਂ ਪਹਿਲੋਂ ਇਹ ਦਾਅਵਾ ਕੀਤਾ ਸੀ ਕਿ ਉਹ ਕੋਰੋਨਾ ਦਾ ਪਹਿਲਾ ਟੀਕਾ ਖ਼ੁਦ ਲਗਵਾਉਣਗੇ।
ਪਰ, ਕੈਪਟਨ ਵੀ ਟੀਕਾ ਲਗਵਾਉਣ ਤੋਂ ਭੱਜਦੇ ਨਜ਼ਰੀ ਆਏ ਅਤੇ ਸਿੱਧੇ ਸ਼ਬਦਾਂ ਵਿੱਚ ਇਹ ਗੱਲ ਕਹਿ ਦਿੱਤੀ, ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ, ਪਹਿਲੋਂ ਸਿਹਤ ਕਾਮਿਆਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਜਾਣਾ ਹੈ, ਇਸ ਲਈ ਉਹ ਟੀਕਾ ਨਹੀਂ ਲਗਵਾ ਸਕਦੇ। ਦੂਜੇ ਪਾਸੇ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨ ਦੀ ਕੈਪਟਨ ਸਰਕਾਰ ਨੇ ਤਾਂ ਹਮਾਇਤ ਕੀਤੀ ਹੀ, ਪਰ ਪੰਜਾਬ ਵਿਚਲੇ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਕਹਿ ਦਿੱਤਾ ਕਿ ਉਹ ਟੀਕਾ ਨਹੀਂ ਲਗਵਾਉਣਗੇ।
ਛਪੀਆਂ ਖ਼ਬਰਾਂ ਦੀ ਮੰਨੀਏ ਤਾਂ, ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਯੋਧਿਆਂ ਵਾਂਗ ਅੱਗੇ ਆ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੋਕਾਂ ਦੀ ਸੇਵਾ ਕਰਨ ਵਾਲੇ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਭ ਤੋਂ ਪਹਿਲਾਂ ਇਹ ਕੋਰੋਨਾ ਟੀਕਾ ਲਗਵਾਉਣ ਦੀ ਹਦਾਇਤ ਕੀਤੀ ਗਈ, ਪਰ ਇਸ ਦੇ ਉਲਟ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਇਹ ਟੀਕਾ ਲਗਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵੀਰ ਕੁਮਾਰ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ, ਕਿ ਉਹ ਟੀਕਾ ਲਗਾਉਣ ਵਾਲੇ ਡਾਕਟਰ ਹਨ, ਨਾ ਕਿ ਲਗਵਾਉਣ ਵਾਲੇ। ਦੂਜੇ ਪਾਸੇ ਸਿਹਤ ਮਾਹਿਰਾਂ ਦਾ ਸਰਕਾਰ ’ਤੇ ਦੋਸ਼ ਹੈ ਕਿ ਸਰਕਾਰ ਨੂੰ ਸਭ ਤੋਂ ਪਹਿਲੋਂ ਆਪਣੇ ਆਪ ਨੂੰ ਅਤੇ ਆਪਣੇ ਮੰਤਰੀਆਂ ਤੋਂ ਇਲਾਵਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣਾ ਚਾਹੀਦਾ ਸੀ, ਪਰ ਸਰਕਾਰ ਨੇ ਸਿਹਤ ਕਾਮਿਆਂ ਨੂੰ ਟੀਕਾ ਲਗਾਉਣ ਦੀ ਹਦਾਇਤ ਦੇ ਕੇ, ਕੋਰੋਨਾ ਟੀਕੇ ਤੋਂ ਭੱਜਣ ਦਾ ਕਾਰਜ ਕੀਤਾ ਹੈ।