ਖੇਤੀ ਕਾਨੂੰਨਾਂ ਨਾਲ ਇਕੱਲੇ ਕਿਸਾਨ ਹੀ ਨਹੀਂ, ਬਲਕਿ ਦੇਸ਼ ਦਾ ਵੱਡਾ ਹਿੱਸਾ ਹੋਵੇਗਾ ਪ੍ਰਭਾਵਿਤ! (ਨਿਊੱੱਜ਼ਨੰਬਰ ਖ਼ਾਸ ਖ਼ਬਰ)

Last Updated: Jan 12 2021 15:50
Reading time: 2 mins, 27 secs

ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ ਕਿਰਤੀਆਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਬਜ਼ੁਰਗਾਂ ਬੀਬੀਆਂ ਬੱਚਿਆਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਸੁਪਰੀਮ ਕੋਰਟ ਦੇ ਵੱਲੋਂ ਵੀ ਲੰਘੇ ਕੱਲ੍ਹ ਮੋਦੀ ਸਰਕਾਰ ਨੂੰ ਚੰਗੀ ਝਾੜ ਪਾਈ ਗਈ ਅਤੇ ਖੇਤੀ ਕਾਨੂੰਨਾਂ ਦੇ ਬਾਰੇ ਵਿਚ ਤਿੱਖੇ ਸਵਾਲ ਕੀਤੇ ਗਏ। ਸੁਪਰੀਮ ਕੋਰਟ ਦਾ ਰਵੱਈਆ ਲੰਘੇ ਕੱਲ੍ਹ ਕਿਸਾਨਾਂ ਦੇ ਹਿੱਤ ਵਿੱਚ ਰਿਹਾ, ਜਦੋਂਕਿ ਮੋਦੀ ਸਰਕਾਰ ਨੂੰ ਚੰਗੀ ਤਰ੍ਹਾਂ ਸੁਪਰੀਮ ਕੋਰਟ ਦੇ ਜੱਜ ਨੇ ਕੋਸਿਆ। ਦੱਸਦੇ ਚਲੀਏ ਕਿ ਕਿਰਤੀਆਂ ਅਤੇ ਕਿਸਾਨਾਂ ਦਾ ਵਾਲ ਵਾਲ ਕਰਜ਼ੇ ਵਿੱਚ ਪਰੁੰਨਿਆ ਪਿਆ ਹੈ, ਸਰਕਾਰਾਂ ਭੋਰਾ ਭਰ ਵੀ ਚਿੰਤਤ ਨਹੀਂ। ਲਗਾਤਾਰ ਸਰਮਾਏਦਾਰਾਂ ਅਤੇ ਦੇਸ਼ ਦੇ ਹਾਕਮਾਂ ਨੇ ਕਿਸਾਨਾਂ-ਮਜ਼ਦੂਰਾਂ ਦੀ ਕਿਰਤ – ਕਮਾਈ ਨੂੰ ਲੁੱਟਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ। ਸਰਮਾਏਦਾਰਾਂ ਅਤੇ ਸਮੇਂ ਦੇ ਹਾਕਮਾਂ ਵੱਲੋਂ ਕੀਤੀ ਜਾ ਰਹੀ ਦੇਸ਼ ਦੀ ਲੁੱਟ ਨੂੰ ਇਸ ਵੇਲੇ ਕਿਸਾਨਾਂ ਨੇ ਬਚਾਉਣ ਦਾ ਬੀੜਾ ਚੁੱਕ ਲਿਆ ਹੈ ਅਤੇ ਉਨ੍ਹਾਂ ਦੇ ਵੱਲੋਂ ਲਗਾਤਾਰ ਸਰਮਾਏਦਾਰਾਂ ਅਤੇ ਹਾਕਮਾਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਜੋ ਖੇਤੀ ਸੈਕਟਰ ਨੂੰ ਬਚਾਇਆ ਜਾਵੇ। ਪਰ ਸਮੇਂ ਦੇ ਹਾਕਮਾਂ ਵੱਲੋਂ ਲਗਾਤਾਰ ਖੇਤੀ ਸੈਕਟਰ ਨੂੰ ਤਬਾਹ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਨੂੰ ਕਿਸਾਨ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਇਕ ਪਾਸੇ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਮਜ਼ਦੂਰਾਂ ਕਿਰਤੀਆਂ ਅਤੇ ਆਮ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਪੰਜਾਬ ਦੇ ਅੰਦਰ ਰਿਲਾਇੰਸ ਦੀ ਪੈਟਰੋਲ ਪੰਪਾਂ ਦੇ ਸਾਹਮਣੇ ਜਿੱਥੇ ਧਰਨੇ ਦਿੱਤੇ ਜਾ ਰਹੇ ਹਨ ਉਥੇ ਹੀ ਕਿਸਾਨ ਬੀਬੀਆਂ ਦੇ ਵੱਲੋਂ ਲਗਾਤਾਰ ਮੋਦੀ ਸਰਕਾਰ ਦੇ ਖਿਲਾਫ ਪਿੰਡ ਪਿੰਡ ਮਾਰਚ ਕੱਢੇ ਜਾ ਰਹੇ ਹਨ ਅਤੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਕਿ ਉਹ ਦਿੱਲੀ ਦੀਆਂ ਸਰਹੱਦਾਂ ਤੇ ਲੱਗੇ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕਰਨ। ਲੰਘੇ ਕੱਲ ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਵੱਲੋਂ ਪਿੰਡ ਵੱਡਾ ਘਰ ਵਿਖੇ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਔਰਤਾਂ ਨੂੰ ਲਾਮਬੰਦ ਕੀਤਾ ਗਿਆ। ਔਰਤ ਵਿੰਗ ਦੀ ਕਨਵੀਨਰ ਛਿੰਦਰਪਾਲ ਕੌਰ ਰੋਡੇ ਖੁਰਦ ਨੇ ਆਪਣੇ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਔਰਤਾਂ ਨੂੰ ਲਗਾਤਾਰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੀ 26 ਜਨਵਰੀ ਸਬੰਧੀ ਕਿਸਾਨ ਬੀਬੀਆਂ ਨੂੰ ਦੱਸਿਆ ਜਾ ਰਿਹਾ ਹੈ, ਕਿ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਟਰੈਕਟਰ ਪਰੇਡ ਕਰਨਗੇ ਅਤੇ ਇਸ ਵਿੱਚ ਬੀਬੀਆਂ ਵੀ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਨੌਜਵਾਨ ਅਤੇ ਬਜ਼ੁਰਗਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅੌਰਤਾਂ ਦੇ ਇਕੱਠ ਇਸ ਵੇਲੇ ਦਿੱਲੀ ਦੀਆਂ ਸਰਹੱਦਾਂ ਤੇ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ, ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ। ਕਿਉਂਕਿ ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ, ਬਲਕਿ ਦੇਸ਼ ਦੇ ਸਮੂਹ ਲੋਕਾਂ ਦੀ ਹੈ। ਖੇਤੀ ਕਾਨੂੰਨਾਂ ਦੇ ਨਾਲ ਇਕੱਲਾ ਕਿਸਾਨ ਹੀ ਨਹੀਂ, ਬਲਕਿ ਦੇਸ਼ ਦਾ ਵੱਡਾ ਹਿੱਸਾ ਪ੍ਰਭਾਵਿਤ ਹੋਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਇਹ ਲੜਾਈ ਲੜਨੀ ਚਾਹੀਦੀ ਹੈ ਅਤੇ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਨੀ ਦੇਰ ਤੱਕ ਸੰਘਰਸ਼ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਛਿੰਦਰਪਾਲ ਕੌਰ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਿਰਤੀ ਕਿਸਾਨ ਯੂਨੀਅਨ ਦੇ ਵੱਡੇ ਕਾਫ਼ਲੇ 26 ਜਨਵਰੀ ਨੂੰ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੰਘਰਸ਼ ਨੂੰ ਖਦੇੜਨ ਦੀਆਂ ਬਹੁਤ ਚਾਲਾਂ ਚੱਲੀਆਂ ਹਨ, ਜਿਨ੍ਹਾਂ ਨੂੰ ਕਿਸਾਨਾਂ ਦੁਆਰਾ ਲਗਾਤਾਰ ਫੇਲ੍ਹ ਕੀਤਾ ਜਾ ਰਿਹਾ ਹੈ।