ਕਿਸਾਨਾਂ ਦੇ ਅੰਬਾਨੀ ਨੂੰ ਰਗੜੇ! (ਨਿਊਜ਼ਨੰਬਰ ਖਾਸ ਖ਼ਬਰ)

Last Updated: Jan 12 2021 15:41
Reading time: 2 mins, 22 secs

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਕਰੀਬ ਡੇਢ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਕਿਸਾਨ ਮੋਰਚਾ ਜਾਰੀ ਹੈ। ਕੜਾਕੇ ਦੀ ਠੰਢ ਵਿੱਚ ਲੱਗਿਆ ਇਹ ਮੋਰਚਾ ਦਿਨ ਪ੍ਰਤੀ ਦਿਨ ਮਗ ਰਿਹਾ ਹੈ, ਉਥੇ ਹੀ ਮੋਦੀ ਸਰਕਾਰ ਨੂੰ ਝੁਕਣ ਲਈ ਵੀ ਮਜਬੂਰ ਕਰ ਰਿਹਾ ਹੈ। ਮੋਦੀ ਸਰਕਾਰ ਜਿੱਥੇ ਕਿਸਾਨਾਂ ਦੀਆਂ ਮੰਗਾਂ ਕਈ ਮੰਨ ਚੁੱਕੀ ਹੈ, ਉੱਥੇ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਤਿਆਰ ਨਹੀਂ ਹੈ। ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਅੱਗੇ ਕਿਸਾਨਾਂ ਨੇ ਮੋਰਚੇ ਲਗਾਏ ਹੋਏ ਹਨ। ਪੰਜਾਬ ਦੇ ਅੰਦਰ ਰਿਲਾਇੰਸ ਦੇ ਪੈਟਰੋਲ ਪੰਪ ਮਾਲਕ ਤੋਂ ੲਿਲਾਵਾ ਅਡਾਨੀ ਗਰੁੱਪ ਦੇ ਕਈ ਕਾਰੋਬਾਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਅੰਦਰ ਸਭ ਤੋਂ ਪਹਿਲੋਂ ਅਡਾਨੀ ਗਰੁੱਪ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ, ਉਥੇ ਹੀ ਰਿਲਾਇੰਸ ਜੀਓ ਕੰਪਨੀ ਦਾ ਕਿਸਾਨਾਂ ਨੇ ਬਾਈਕਾਟ ਕਰਦਿਆਂ ਹੋਇਆਂ ਕਈ ਟਾਵਰ ਵੀ ਭੰਨੇ। ਇਸ ਤੋਂ ਇਲਾਵਾ ਕਿਸਾਨਾਂ ਦੇ ਵੱਲੋਂ ਲਗਾਤਾਰ ਰਿਲਾਇੰਸ ਤੇ ਪੈਟਰੋਲ ਪੰਪ ਤੇ ਮੋਰਚਾ ਲਗਾਇਆ ਹੋਇਆ ਹੈ, ਜੋ ਚੌਵੀ ਘੰਟੇ ਚੱਲ ਰਿਹਾ ਹੈ। ਦੱਸਦੇ ਚਲੀਏ ਕਿ ਕਿਸਾਨਾਂ ਵੱਲੋਂ ਲਗਾਏ ਗਏ ਰਿਲਾਇੰਸ ਦੇ ਪੈਟਰੋਲ ਪੰਪਾਂ ਸਾਹਮਣੇ ਮੋਰਚੇ ਅਤੇ ਰਿਲਾਇੰਸ ਜੀਓ ਦਾ ਕੀਤਾ ਜਾ ਰਿਹਾ ਬਾਈਕਾਟ ਅੰਬਾਨੀ ਗਰੁੱਪ ਨੂੰ ਵੱਡਾ ਨੁਕਸਾਨ ਪਹੁੰਚਾ ਰਿਹਾ ਹੈ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਪਿਛਲੇ ਦਿਨੀਂ ਵਿਸ਼ਵ ਦੇ ਅਮੀਰਾਂ ਦੀ ਰਿਪੋਰਟ ਸਾਹਮਣੇ ਆਈ, ਜਿਸ ਵਿੱਚ ਅੰਬਾਨੀ ਦਾ ਨਾਮ ਨਹੀਂ ਸੀ ਅਤੇ ਉਹ ਇਨ੍ਹਾਂ ਅਮੀਰਾਂ ਦੀ ਲਿਸਟ ਵਿੱਚੋਂ ਗਾਇਬ ਹੋ ਗਏ, ਜਦੋਂ ਕਿ ਦੂਜੇ ਪਾਸੇ ਅਡਾਨੀ ਗਰੁੱਪ ਹਾਲੇ ਵੀ ਅੰਬਾਨੀ ਤੋਂ ਅੱਗੇ ਚੱਲ ਰਿਹਾ ਹੈ। ਅੰਬਾਨੀ ਨੂੰ ਲਗਾਤਾਰ ਪੰਜਾਬ ਦੇ ਅੰਦਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਵਿਚਲੀ ਮੋਦੀ ਸਰਕਾਰ ਢੀਠਤਾਈ ਨਾਲ ਸਾਮਰਾਜੀ ਅਤੇ ਕਾਰਪੋਰੇਟ ਘਰਾਣਿਆਂ ਦੀ ਕੀਤੀ ਜਾ ਰਹੀ ਚਾਕਰੀ ਭਾਰਤੀ ਜਨਤਾ ਪਾਰਟੀ ਦੀ ਬੀੜੀ ਮੂਧੀ ਮਾਰ ਦੇਵੇਗੀ ਅਤੇ ਦੇਸ਼ ਦੇ ਅੰਦਰ ਫਿਰ ਤੋਂ ਅੰਗਰੇਜ਼ਾਂ ਵਾਲਾ ਰਾਜ ਆ ਜਾਵੇਗਾ, ਜੋ ਦੇਸ਼ ਨੂੰ ਲੁੱਟ ਕੇ ਖਾਈ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਦਾ ਹਰ ਵਰਗ ਇਸ ਦੇ ਨਾਲ ਬਰਬਾਦੀ ਦੀਆਂ ਲੀਹਾਂ ਵੱਲ ਵਧ ਜਾਵੇਗਾ। ਮੋਦੀ ਸਰਕਾਰ ਬੇਸ਼ੱਕ ਇਸ ਵੇਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ, ਪਰ ਮੋਦੀ ਦੇ ਜਿਹੋ ਜਿਹੇ ਹਾਲ ਹੋਏ ਪਏ ਹਨ, ਇਸ ਨਾਲ ਸਰਕਾਰ ਵੀ ਗੱਦੀਓਂ ਲਹਿ ਸਕਦੀ ਹੈ। ਦੂਜੇ ਪਾਸੇ ਕਿਸਾਨ ਅਜਿਹਾ ਬਿਲਕੁਲ ਨਹੀਂ ਹੋਣ ਦੇਣਗੇ, ਉਹ ਆਪਣੀ ਖੇਤੀ ਨੂੰ ਬਚਾਉਣ ਲਈ ਮਰਦੇ ਦਮ ਤਕ ਸੰਘਰਸ਼ ਕਰਦੇ ਰਹਿਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਦੇਸ਼ ਦੇ ਅੰਦਰ ਅੰਨ ਦਾਤੇ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਕਿਰਤੀਆਂ ਦੀ ਭਲਾਈ ਲਈ ਸਰਕਾਰਾਂ ਦੇ ਵੱਲੋਂ ਕੋਈ ਵੀ ਸਕੀਮ ਨਹੀਂ ਚਲਾਈ ਗਈ ਅਤੇ ਨਾ ਹੀ ਸਮੇਂ ਦੀਆਂ ਸਰਕਾਰਾਂ ਵੱਲੋਂ ਖੇਤੀ ਸਬੰਧੀ ਕੋਈ ਠੋਸ ਨੀਤੀ ਬਣਾਈ ਹੈ। ਜਿਸ ਦੇ ਕਾਰਨ ਦੇਸ਼ ਦੇ ਅੰਦਰ ਕਿਸਾਨਾਂ ਮਜ਼ਦੂਰਾਂ ਕਿਰਤੀਆਂ ਦਾ ਮੰਦੜਾ ਹਾਲ ਹੋਇਆ ਪਿਆ ਹੈ। ਹਾਲਾਂਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਦੇ ਖੇਤਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਦੇ ਉਲਟ ਵੱਡੇ ਉਦਯੋਗਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਅਰਬਾਂ ਖਰਬਾਂ ਰੁਪਏ ਦੀਆਂ ਰਿਆਇਤਾਂ ਸਮੇਂ ਦੇ ਹਾਕਮਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਦੇਸ਼ ਦੀ ਬਰਬਾਦੀ ਦਾ ਮੁੱਖ ਕਾਰਨ ਹਨ।