ਫ਼ਾਇਦਾ ਨੁਕਸਾਨ ਵੇਖਣਾ 'ਆਪ ਦੇ ਸੀਏ' ਦਾ ਕੰਮ, ਸੀਐਮ ਦਾ ਨਹੀਂ ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 12 2021 15:17
Reading time: 2 mins, 39 secs

ਆਮ ਆਦਮੀ ਪਾਰਟੀ 'ਤੇ ਹਮੇਸ਼ਾ ਹੀ ਸਵਾਲ ਉੱਠਦੇ ਆਏ ਹਨ ਅਤੇ ਇਸ ਨੂੰ ਲੈ ਕੇ ਕਈ ਵਾਰ ਲੀਡਰਾਂ ਵਿੱਚ ਬਹਿਸਬਾਜ਼ੀ ਵੀ ਹੋ ਚੁੱਕੀ ਹੈ। ਲੀਡਰ ਜਿੱਥੇ ਇੱਕ ਦੂਜੇ ਨੂੰ ਕੋਸਦੇ ਨਜ਼ਰੀਂ ਆਉਂਦੇ ਹਨ, ਉੱਥੇ ਹੀ ਕੋਈ ਇੱਕ ਦਹਾਕਾ ਪਹਿਲਾਂ ਬਣੀ ਆਮ ਆਦਮੀ ਪਾਰਟੀ ਨੂੰ ਵੀ ਕੋਸਦੇ ਰਹਿੰਦੇ ਹਨ। ਵੈਸੇ ਤਾਂ ਜਦੋਂ ਪਾਰਟੀ ਬਣੀ ਸੀ, ਉਸ ਵੇਲੇ ਇਸ ਨੂੰ ਆਮ ਆਦਮੀ ਪਾਰਟੀ ਦਾ ਨਾਮ ਦਿੱਤਾ ਗਿਆ ਸੀ, ਤਾਂ ਜੋ ਹੋਰਨਾਂ ਸਿਆਸੀ ਪਾਰਟੀਆਂ ਦੇ ਵਾਂਗ ਇਹ ਪਾਰਟੀ ਉਨ੍ਹਾਂ ਤੋਂ ਵੱਖਰੀ ਹੋਵੇ ਅਤੇ ਲੋਕਾਂ ਦੀ ਗੱਲ ਕਰੇ। ਪਰ ਜਿਵੇਂ ਹੀ ਇਸ ਵਿੱਚ ਲੀਡਰ ਆਉਂਦੇ ਗਏ, ਉਵੇਂ ਹੀ ਇਹ ਪਾਰਟੀ ਵੀ ਹੋਰਨਾਂ ਪਾਰਟੀਆਂ ਦੇ ਵਾਂਗ ਬਣ ਚੁੱਕੀ ਹੈ। ਇਸ ਵੇਲੇ ਆਮ ਆਦਮੀ ਪਾਰਟੀ ਉੱਤੇ ਜਿੱਥੇ ਗੰਭੀਰ ਦੋਸ਼ ਲੱਗ ਰਹੇ ਹਨ, ਉਥੇ ਹੀ ਦਿੱਲੀ ਦੇ ਵਿਕਾਸ ਨੂੰ ਲੈ ਕੇ ਕਈ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਆਧਾਰ ਤਾਂ ਹੈ, ਪਰ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਥਿਤੀ ਕੁਝ ਜ਼ਿਆਦਾ ਠੀਕ ਨਹੀਂ। ਕਿਉਂਕਿ ਆਮ ਆਦਮੀ ਪਾਰਟੀ ਦੇ ਕੋਈ ਵੱਡੇ ਲੀਡਰ ਇਸ ਵੇਲੇ ਮੌਜੂਦ ਨਹੀਂ ਹਨ ਸਵਾਏ ਭਗਵੰਤ ਮਾਨ ਤੋਂ..! ਦੱਸਦੇ ਚਲੀਏ ਕਿ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਵੱਲੋਂ ਲਗਾਤਾਰ ਪੰਜਾਬ ਵਿਚਲੀ ਕਾਂਗਰਸ ਸਰਕਾਰ ਤੇ ਦੋਸ਼ ਮੜੇ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਵੱਲੋਂ ਵੰਨ ਸੁਵੰਨੇ ਖੁਲਾਸੇ ਵੀ ਕੀਤੇ ਜਾ ਰਹੇ ਹਨ, ਜਿਸ ਦੇ ਕਾਰਨ ਕਾਂਗਰਸ ਪਾਰਟੀ ਇਸ ਵੇਲੇ ਸਵਾਲਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਦੋਸ਼ਾਂ ਨੂੰ ਹੋਰਨਾਂ ਪਾਰਟੀਆਂ ਵੀ ਮੋਹਰਾ ਬਣਾ ਕੇ ਲੋਕਾਂ ਸਾਹਮਣੇ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਤੇ ਦੋਸ਼ ਕਿੰਨੇ ਕੁ ਸੱਚ ਹਨ ਅਤੇ ਕਿੰਨੇ ਕੁ ਝੂਠ ਹਨ ਇਹ ਤਾਂ ਵੇਲਾ ਹੀ ਦੱਸੇਗਾ, ਪਰ ਲੰਘੇ ਕੱਲ੍ਹ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਲਗਾਏ ਗਏ ਸਮੂਹ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਮੁੱਚੀ ਆਮ ਆਦਮੀ ਪਾਰਟੀ ਨੂੰ ਝੂਠ ਬੋਲਣ ਦੀ ਆਦਤ ਹੈ ਅਤੇ ਉਨ੍ਹਾਂ ਦੇ ਵੱਲੋਂ ਲੋਕਾਂ ਨੂੰ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਫ਼ਾਇਦਾ ਨੁਕਸਾਨ ਵੇਖਣਾ ਆਮ ਆਦਮੀ ਪਾਰਟੀ ਦੇ ਸੀਏ (ਚੱਢਾ ਪੇਸ਼ੇ ਤੋਂ ਚਾਰਟਡ ਅਕਾਊਂਟੈਂਟ ਹਨ) ਦਾ ਕੰਮ ਹੈ ਪੰਜਾਬ ਦੇ ਸੀਐਮ ਦਾ ਨਹੀਂ। ਵਿਜੇ ਇੰਦਰ ਸਿੰਗਲਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਹਰੇਕ ਆਗੂ ਹੀ ਮਾਨਸਿਕਤਾ ਹੈ ਕਿ ਵਾਰ ਵਾਰ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ ਅਤੇ ਲੋਕਾਂ ਨੂੰ ਆਪਣੇ ਵੱਲ ਖਿੱਚ ਕੇ ਬਰਬਾਦੀ ਦੀਆਂ ਲੀਹਾਂ ਤੇ ਤੋਰਿਆ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਸੰਸਦ ਮੈਂਬਰ ਭਗਵੰਤ ਮਾਨ ਨੂੰ ਸਭ ਤੋਂ ਵੱਧ ਝੂਠ ਬੋਲ ਕੇ ਸੱਤਾ ਹਾਸਲ ਹੋਈ ਹੈ। ਸਿੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਰਾਘਵ ਚੱਢਾ ਵੀ ਇਸੇ ਨਕਸ਼ੇ ਕਦਮ ਤੇ ਚੱਲਣ ਲੱਗ ਪਿਆ ਹੈ ਅਤੇ ਆਮ ਆਦਮੀ ਪਾਰਟੀ ਜੋ ਝੂਠਾ ਦੀ ਫੈਕਟਰੀ ਹੈ, ਉਥੇ ਝੂਠ ਬੋਲਣ ਦਾ ਉਤਪਾਦਨ ਹੁੰਦਾ ਹੈ। ਇਸ ਤੋਂ ੲਿਲਾਵਾ ਚੱਢਾ ਵੀ ਇਹ ਝੂਠ ਦੀ ਫੈਕਟਰੀ ਵਿਚ ਪੱਕਾ ਦਾਖ਼ਲਾ ਲੈ ਚੁੱਕਿਆ ਹੈ। ਦੱਸਦੇ ਚੱਲੀਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਕਾਂਗਰਸ ਪਾਰਟੀ ਤੇ ਦੋਸ਼ ਲਗਾਏ ਜਾ ਰਹੇ ਹਨ, ਉੱਥੇ ਆਮ ਆਦਮੀ ਪਾਰਟੀ ਉੱਪਰ ਕਾਂਗਰਸ ਵੱਲੋਂ ਵੀ ਦੋਸ਼ ਮੜ੍ਹੇ ਜਾ ਰਹੇ ਹਨ। ਵੈਸੇ ਵੇਖਿਆ ਜਾਵੇ ਤਾਂ ਕਿਸਾਨੀ ਮੁੱਦੇ ਦੇ ਵਿੱਚ ਇਨ੍ਹਾਂ ਨੂੰ ਅਜਿਹਾ ਨਹੀਂ ਕੁਝ ਕਰਨਾ ਚਾਹੀਦਾ, ਜੋ ਕੁਝ ਦੋਵੇਂ ਪਾਰਟੀਆਂ ਕਰ ਰਹੀਆਂ ਹਨ। ਇਸ ਤੋਂ ਇਲਾਵਾ ਅਕਾਲੀ ਦਲ ਵੀ ਇਨ੍ਹਾਂ ਦੇ ਨਾਲ ਪੱਕਾ ਮਿਲ ਚੁੱਕਿਆ ਹੈ, ਜੋ ਪੰਜਾਬ ਦੀ ਬਰਬਾਦੀ ਹਮੇਸ਼ਾਂ ਹੀ ਚਾਹੁੰਦਾ ਰਿਹਾ ਹੈ।