ਕਿਸਾਨ ਸੰਘਰਸ਼: ਟੱਬਰਾਂ ਦੇ ਦਿੱਲੀ ਵੱਲ ਨੂੰ ਚਾਲੇ!! (ਨਿਊਜ਼ਨਨੰਬਰ ਖ਼ਾਸ ਖ਼ਬਰ)

Last Updated: Jan 11 2021 13:55
Reading time: 1 min, 54 secs

ਖੇਤੀ ਕਾਨੂੰਨਾਂ ਦੇ ਵਿਰੁੱਧ ਮੋਰਚਾ ਲਗਾਈ ਬੈਠੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦੇ ਵੱਲੋਂ ਦਿੱਤੇ ਜਾ ਰਹੇ ਸੱਦੇ ਤਹਿਤ ਲਗਾਤਾਰ ਪੰਜਾਬ ਦੇ ਵੱਖ ਵੱਖ ਪਿੰਡਾਂ ਤੋਂ ਰੋਜ਼ਾਨਾਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਦਿੱਲੀ ਵੱਲ ਨੂੰ ਟੱਬਰਾਂ ਸਮੇਤ ਚਾਲੇ ਪਾ ਰਹੇ ਹਨ। ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਕਰੀਬ ਡੇਢ ਮਹੀਨੇ ਤੋਂ ਲਗਾਤਾਰ ਕਿਸਾਨ ਸੰਘਰਸ਼ ਕਰਕੇ ਮੰਗ ਕਰ ਰਹੇ ਹਨ, ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ, ਪਰ ਸਰਕਾਰ ਆਪਣੀ ਅੜੀ ਛੱਡ ਕੇ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਤਿਆਰ ਨਹੀਂ ਹੈ। 

ਮੋਦੀ ਸਰਕਾਰ ਜਿੱਥੇ ਆਪਣੀ ਅੜੀ ਨਹੀਂ ਛੱਡ ਰਹੀ, ਉੱਥੇ ਹੀ ਕਿਸਾਨਾਂ ਨੇ ਵੀ ਮੋਦੀ ਸਰਕਾਰ ਨੂੰ ਠੋਕ ਵਜ੍ਹਾ ਕੇ ਕਹਿ ਦਿੱਤਾ ਹੈ, ਕਿ ਉਨ੍ਹਾਂ ਨੇ ਵੀ 2024 ਤੱਕ ਕਿਸਾਨ ਅੰਦੋਲਨ ਨੂੰ ਲੰਮਾ ਖਿੱਚਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰਾਂ ਹਨ, ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਇਹ ਬੁਲੰਦ ਆਵਾਜ਼ ਸੁਣ ਕੇ, ਦਿੱਲੀ ਦੀਆਂ ਬਰੂੰਹਾਂ ’ਤੇ ਬੈਠੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਤੋਂ ਇਲਾਵਾ ਆਮ ਲੋਕਾਂ ਨੂੰ ਖਦੇੜਣ ਵਾਸਤੇ ਲਾਠੀਚਾਰਜ ਕਰਵਾਉਣ ਦਾ ਪ੍ਰੋਗਰਾਮ ਬਣਾ ਲਿਆ ਹੋਇਆ ਹੈ। 

ਸੂਤਰ ਦੱਸਦੇ ਹਨ, ਕਿ ਦਿੱਲੀ ਦੀਆਂ ਸਰਹੱਦਾਂ ’ਤੇ ਮੋਦੀ ਸਰਕਾਰ ਦੇ ਵੱਲੋਂ ਪੁਲਿਸ ਅਤੇ ਫ਼ੌਜ ਦੀਆਂ ਟੀਮਾਂ ਲਗਾਤਾਰ ਭੇਜੀਆਂ ਜਾ ਰਹੀਆਂ ਹਨ, ਜੋ ਲੁਕ ਛਿਪ ਕੇ ਕਾਰਵਾਈ ਪਾਉਣ ਦੀ ਤਿਆਰੀ ਵਿੱਚ ਹਨ। ਉੱਧਰ ਦੂਜੇ ਪਾਸੇ ਕਿਸਾਨ ਵੀ ਫੁੱਲ ਤਿਆਰੀਆਂ ਵੱਟੀ ਬੈਠੇ ਹਨ। ਖ਼ੈਰ, ਕਿਸਾਨ ਮੋਰਚੇ ਦੇ ਬਾਰੇ ਵਿੱਚ ਗੱਲ ਕਰੀਏ ਤਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਟੱਬਰਾਂ ਸਮੇਤ ਆਇਆ ਖੇਤ ਮਜ਼ਦੂਰਾਂ ਦਾ ਵੱਡੇ ਕਾਫ਼ਲੇ ‘ਖਰੀਦ ਰਹੀ ਨਾ ਜੇ ਸਰਕਾਰੀ-ਕਿੰਝ ਰਹਿਣਗੇ ਡਿੱਪੂ ਜਾਰੀ’।

‘ਠੇਕਾ ਖੇਤੀ ਦੀ ਪੈਣੀ ਮਾਰ-ਖੁੱਸੂ ਕਾਮਿਆਂ ਦਾ ਰੁਜ਼ਗਾਰ’ ਅਤੇ ‘ਮੋਦੀ ਵਾਲੇ ਨਵੇਂ ਕਾਨੂੰਨ-ਰੋਜੀ ਰੋਟੀ ਦੇਣਗੇ ਹੂੰਝ’ ਵਰਗੇ ਨਾਅਰਿਆਂ ਵਾਲੀਆਂ ਤਖਤੀਆਂ ਹੱਥਾਂ ਵਿੱਚ ਲੈ ਕੇ ਸਿੰਘੂ ਬਾਰਡਰ ’ਦੇ ਮੋਰਚੇ ਵਿੱਚ ਪੁੱਜ ਰਹੇ ਹਨ। ਮੋਰਚੇ ਦੇ ਕਿਸਾਨ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਵੈਸੇ ਹਰ ਚਾਲ ਨੂੰ ਕਿਸਾਨ ਫ਼ੇਲ੍ਹ ਕਰ ਰਹੇ ਹਨ, ਹੁਣ ਤਾਂ, ਕਿਸਾਨਾਂ ਨੇ ਠੋਕ ਵਜ੍ਹਾ ਕੇ ਕਹਿ ਦਿੱਤਾ ਹੈ, ਕਿ ਉਦੋਂ ਹੀ ਦਿੱਲੀ ਦੀਆਂ ਸਰਹੱਦਾਂ ਤੋਂ ਉੱਠਾਂਗੇ, ਜਦੋਂ ਖੇਤੀ ਕਾਨੂੰਨ ਰੱਦ ਹੋ ਗਏ।

ਕਿਉਂਕਿ ਕਿਸਾਨਾਂ ਦੇ ਨਾਲ ਇਸ ਵੇਲੇ ਹਰ ਵਰਗ ਜੁੜ ਚੁੱਕਿਆ ਹੈ। ਕਿਸਾਨ, ਮਜ਼ਦੂਰ, ਕਿਰਤੀ, ਵਕੀਲ, ਪ੍ਰੋਫ਼ੈਸਰ, ਮੁਲਾਜ਼ਮ, ਆੜ੍ਹਤੀਏ, ਵਪਾਰੀ, ਨੌਜਵਾਨ, ਬਜੁਰਗ, ਬੀਬੀਆਂ ਅਤੇ ਬੱਚਿਆਂ ਤੋਂ ਇਲਾਵਾ ਦੇਸ਼ ਦੇ ਸਮੂਹ ਰਾਜ ਇਸ ਵੇਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਦੇ ਨਾਲ, ਸਸਤੇ ਭਾਅ ’ਤੇ ਮਿਲਣ ਵਾਲੀਆਂ ਵਸਤੂਆਂ ਮਹਿੰਗੇ ਭਾਅ ਮਿਲਿਆ ਕਰਨਗੀਆਂ, ਇਸ ਲਈ ਖੇਤੀ ਕਾਨੂੰਨਾਂ ਦੇ ਵਿਰੁੱਧ ਹਰ ਵਰਗ ਪ੍ਰਦਰਸ਼ਨ ਕਰਕੇ, ਆਪਣਾ ਯੋਗਦਾਨ ਪਾ ਰਿਹਾ ਹੈ।