ਲੋਕਾਂ ਦੀ ਪ੍ਰਾਈਵੇਸੀ ’ਤੇ ‘ਵਟਸਐਪ’ ਦੀ ਡਿਕੈਤੀ! (ਨਿਊਜ਼ਨਨੰਬਰ ਖ਼ਾਸ ਖ਼ਬਰ)

Last Updated: Jan 11 2021 13:48
Reading time: 2 mins, 50 secs

ਵਟਸਐਪ ਜਦੋਂ ਆਇਆ ਸੀ ਤਾਂ, ਉਦੋਂ ਉਹਦੇ ਏਨੇ ਜ਼ਿਆਦਾ ਸਖ਼ਤ ਰੂਲ ਨਹੀਂ ਸਨ, ਜਿੰਨ੍ਹੇਂ ਇਸ ਵੇਲੇ ਮੌਜ਼ੂਦਾ ਦੌਰ ਵਿੱਚ ਬਣ ਚੁੱਕੇ ਹਨ। ਵਟਸਐਪ ’ਤੇ ਪਹਿਲੋਂ ਇਕੱਲੇ ਮੈਜਿਸ ਕਰਨ ਦਾ ਫ਼ੀਚਰ ਆਇਆ ਸੀ, ਉਹਦੇ ਬਾਅਦ ਸਮੇਂ ਦੇ ਨਾਲ ਨਾਲ ਵਟਸਐਪ ਵੀ ਬਦਲ ਗਿਆ ਅਤੇ ਪ੍ਰਾਈਵੇਸੀਆਂ ਵੀ ਬਦਲ ਗਈਆਂ। ਇਸ ਵੇਲੇ ਮੌਜ਼ੂਦਾ ਦੌਰ ਦੇ ਵਿੱਚ ਵਟਸਐਪ ਦੀ ਭੂਮਿਕਾ ਵੇਖੀਏ ਤਾਂ, ਵਟਸਐਪ ਨੇ ਸਾਰੀਆਂ ਹੱਦਾਂ ਨੂੰ ਪਾਰ ਕਰਦਿਆਂ ਹੋਇਆ ‘ਚੈਟ ਲੀਕ ਹੋਣ ਤੋਂ ਲੈ ਕੇ, ਕਿਸੇ ਦਾ ਵੀ ਡਾਟਾ ਚੋਰੀ ਜਾਂ ਫਿਰ ਡਿਕੈਤੀ ਕਰਨ ਦੀਆਂ ਗੱਲਾਂ ਕਰ ਹੀ ਦਿੱਤੀਆਂ ਹਨ। 

ਦਰਅਸਲ, ਇਸ ਵੇਲੇ ਸਮੂਹ ਵਟਸਐਪ ਯੂਜ਼ਰਸ ਦੇ ਵਟਸਐਪ ਮਸੰਜਰ ਦੇ ਉੱਪਰ ਤੜਕ ਸਵੇਰੇ ਹੀ ਇੱਕ ਸੁਨੇਹਾ ਜਾਂ ਫਿਰ ਅਲਰਟ ਵਟਸਐਪ ਦੀ ਤਰਫੋ ਆ ਜਾਂਦਾ ਹੈ, ਕਿ ਜਾਂ ਤਾਂ ਵਟਸਐਪ ਦੀ ਪ੍ਰਾਈਵੇਸੀ ਨੂੰ ਮੰਨੋ ਜਾਂ ਫਿਰ ਵਟਸਐਪ ਤੋਂ ਚਲਦੇ ਬਣੋ। ਮਤਲਬ ਕਿ, ਸਿੱਧੇ ਤੌਰ ’ਤੇ ਹੀ ਸਾਡੇ ਸਮੂਹ ਯੂਜ਼ਰਸ ’ਤੇ ਵਟਸਐਪ ਨੇ ਸਖ਼ਤ ਦੇ ਨਾਲ ਫ਼ਰਮਾਨ ਥੋਪ ਕੇ, ਕਹਿ ਹੀ ਦਿੱਤਾ ਹੈ, ਕਿ ਜੇਕਰ ਵਟਸਐਪ ਨੂੰ ਵਰਤਣਾ ਚਾਹੁੰਦੇ ਹੋ ਤਾਂ, ਸਾਡੀਆਂ ਸਾਰੀਆਂ ਪੌਲਸੀਆਂ ਨੂੰ ਮੰਨੋ, ਨਹੀਂ ਤਾਂ, 8 ਫ਼ਰਵਰੀ 2021 ਤੋਂ ਤੁਹਾਡਾ ਵਟਸਐਪ ਬੰਦ ਹੋ ਜਾਵੇਗਾ। 

ਦਰਅਸਲ, ਇੰਟਰਨੈਸ਼ਨਲ ਮੀਡੀਆ ’ਤੇ ਚੱਲ ਰਹੀਆਂ ਖ਼ਬਰਾਂ ਦੇ ਮੁਤਾਬਿਕ ਅਤੇ ਭਾਰਤ ਦੇ ਕੁੱਝ ਸਾਈਬਰ ਮਾਹਿਰਾਂ ਦੇ ਅਨੁਸਾਰ, ਪੂਰੀ ਦੁਨੀਆ ਦੇ ਵਿੱਚ ਵਟਸਐਪ ਆਪਣੀ ਪਾਲਿਸੀ ਵਿੱਚ ਬਦਲਾਅ ਕਰਨ ਜਾ ਰਿਹਾ ਹੈ, ਇਸ ਲਈ ਹੀ ਸਮੂਹ ਲੋਕਾਂ ਦੇ ਫ਼ੋਨ ’ਤੇ ਵਟਸਐਪ ਪ੍ਰਾਈਵੇਟ ਸਬੰਧੀ ਅਲਾਰਟ ਛੱਡ ਰਿਹਾ ਹੈ। ਖ਼ਬਰਾਂ ਦੇ ਮੁਤਾਬਿਕ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵਟਸਐੱਪ ਪ੍ਰਤੀ ਰੂਲ ਬਣੇ ਹੋਏ ਹਨ, ਪਰ ਭਾਰਤ ਵਿੱਚ ਵਟਸਐਪ ’ਤੇ ਕੰਟਰੋਲ ਕਰਨ ਵਾਸਤੇ ਸਖ਼ਤ ਰੂਲਜ਼ ਨਾ ਹੋਣ ਦੇ ਕਾਰਨ, ਵਟਸਐਪ ਲਗਾਤਾਰ ਆਪਣੀ ਦਾਦਾਗਿਰੀ ਝਾੜ ਰਿਹਾ ਹੈ। 

ਖ਼ੈਰ, ਸਾਈਬਰ ਮਾਹਿਰ ਦੱਸਦੇ ਹਨ, ਕਿ ਵਟਸਐਪ ਤੁਹਾਡੇ ਲਈ ਆਪਣੀ ਪ੍ਰਾਈਵੇਸੀ ਪਾਲਿਸੀ ਅਤੇ ਸ਼ਰਤਾਂ ਵਿੱਚ ਤਬਦੀਲੀ ਕਰ ਰਿਹਾ ਹੈ। ਇੰਨ੍ਹਾ ਹੀ ਨਹੀਂ, ਜੇਕਰ ਤੁਸੀਂ ਵਟਸਐਪ ਵਰਤੋਂ ਕਰਨਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨਾ ਲਾਜ਼ਮੀ ਹੋਵੇਗਾ। ਵਟਸਐਪ ਪ੍ਰਾਈਵੇਸੀ ਪਾਲਿਸੀ ਅਤੇ ਸ਼ਰਤਾਂ ਵਿੱਚ ਤਬਦੀਲੀ ਦੀ ਸੂਚਨਾ ਐਂਡਰਾਇਡ ਅਤੇ ਆਈਓਐੱਸ ਯੂਜਰਜ਼ ਨੂੰ ਇੱਕ ਨੋਟੀਫਿਕੇਸ਼ਨ ਜ਼ਰੀਏ ਦੇ ਰਿਹਾ ਹੈ।

ਇਸ ਨੋਟੀਫਿਕੇਸ਼ਨ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਨਵੇਂ ਅਪਡੇਟਸ ਨੂੰ 8 ਫਰਵਰੀ, 2021 ਤੱਕ ਸਵੀਕਾਰ ਨਹੀਂ ਕਰਦੇ ਹੋ ਤਾਂ ਤੁਹਾਡਾ ਵਟਸਐਪ ਅਕਾਊਂਟ ਡਿਲੀਟ ਕਰ ਦਿੱਤਾ ਜਾਵੇਗਾ। ਯਾਨੀਕਿ, ਪ੍ਰਾਈਵੇਸੀ ਦੇ ਨਵੇਂ ਨਿਯਮਾਂ ਅਤੇ ਨਵੀਆਂ ਸ਼ਰਤਾਂ ਨੂੰ ਮਨਜ਼ੂਰੀ ਦਿੱਤੇ ਬਿਨਾਂ ਤੁਸੀਂ 8 ਫਰਵਰੀ ਤੋਂ ਬਾਅਦ ਵਟਸਐਪ ਦੀ ਵਰਤੋਂ ਨਹੀਂ ਕਰ ਸਕਦੇ। ਜ਼ਾਹਿਰ ਹੈ ਵਟਸਐਪ ਤੁਹਾਡੇ ਤੋਂ ‘ਜ਼ਬਰਨ ਸਹਿਮਤੀ’ ਲੈ ਰਿਹਾ ਹੈ, ਕਿਉਕਿ ਇੱਥੇ ਸਹਿਮਤੀ ਨਾ ਦੇਣ ਦਾ ਬਦਲ ਤੁਹਾਡੇ ਕੋਲ ਹੈ ਹੀ ਨਹੀਂ। 

ਇੰਟਰਨੈਸ਼ਨਲ ਮੀਡੀਆ ’ਤੇ ਚੱਲ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ, ਉਨ੍ਹਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ, ਕਿ ਦੁਨੀਆ ਦੇ ਬਹੁਤ ਸਾਰੇ ਐਸੇ ਦੇਸ਼ ਵੀ ਹਨ, ਜਿੱਥੇ ਵਟਸਐਪ ਜਿਹੀਆਂ ਸੋਸ਼ਲ ਐਪਸ ਰੂਲਜ਼ ਨੂੰ ਫ਼ੌਲਅੱਪ ਕਰਦੀਆਂ ਹਨ, ਪਰ ਕਈ ਦੇਸ਼ ਭਾਰਤ ਦੇ ਵਰਗੇ ਅਜਿਹੇ ਵੀ ਹਨ, ਜਿੱਥੇ ਹਰ ਕੋਈ ਐਪਸ ਆਪਣੀ ਹੀ ਤਾਨਾਸ਼ਾਹੀ ਝਾੜਣ ’ਤੇ ਲੱਗਿਆ ਹੋਇਆ ਹੈ। ਦੁਨੀਆ ਵਿੱਚ ਬਿ੍ਰਟੇਨ, ਨਿਊਜ਼ੀਲੈਂਡ, ਨੀਂਦਰਲੈਂਡ, ਆਸਟਰੀਆ ਤੋਂ ਇਲਾਵਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵਟਸਐਪ ਦੇ ਰੂਲਜ਼ ਕੁੱਝ ਹੋਰ ਹਨ ਅਤੇ ਉੱਥੋਂ ਦੀਆਂ ਸਰਕਾਰਾਂ ਅਤੇ ਕਾਨੂੰਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਟਸਐਪ ਤਬਦੀਲੀਆਂ ਕਰਦਾ ਹੈ। 

ਹੁਣ ਸਵਾਲ ਇਹ ਉੱਠਣਾ ਲਾਜ਼ਮੀ ਹੋ ਜਾਂਦਾ ਹੈ, ਕਿ ਅਸੀਂ ਕੀ ਕਰੀਏ? ਕੁੱਝ ਸਾਈਬਰ ਮਾਹਿਰ ਦੱਸਦੇ ਹਨ, ਕਿ ਸਮੂਹ ਵਟਸਐਪ ਯੂਜ਼ਰ ਫਿਲਹਾਲ ਕਾਹਲੀ ਦੇ ਵਿੱਚ ਕੁੱਝ ਨਾ ਕਰਨ, ਹਾਲੇ ਵਕਤ ਹੈ। ਭਾਰਤ ਸਰਕਾਰ ਜੇਕਰ ਆਪਣੇ ਲੋਕਾਂ ਦੀ ਸੁਰੱਖਿਆ ਚਾਹੁੰਦੀ ਹੈ ਅਤੇ ਸਰਕਾਰ ਇਹ ਗੱਲ ਜੇਕਰ ਵੇਖਣਾ ਚਾਹੁੰਦੀ ਹੈ, ਕਿ ਭਾਰਤ ਦੀ ਸੁਰੱਖਿਆ ਬਣੀ ਰਹੇ ਤਾਂ, ਉਹ ਵਟਸਐਪ ਦੀ ਇਸ ਤਾਨਾਸ਼ਾਹੀ ’ਤੇ ਲਗਾਮ ਲਗਾ ਸਕਦੀ ਹੈ। ਸਾਈਬਰ ਮਾਹਿਰਾਂ ਨੇ ਇਹ ਵੀ ਕਿਹਾ, ਕਿ ਜਲਦ ਬਾਜ਼ੀ ਵਿੱਚ ਕੀਤਾ ਗਿਆ ਫ਼ੈਸਲਾ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ, ਇਸ ਲਈ ਹਾਲੇ ਵਟਸਐਪ ਦੁਆਰਾ ਕਹੀਆਂ ਗੱਲਾਂ ਅਤੇ ਪ੍ਰਾਈਵੇਸੀ ਨੂੰ ਕੁੱਝ ਨਾ ਕਰੋ।