ਜਦੋਂ ਕੋਈ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਦੂਜੇ ਦੇਸ਼ ਵਿੱਚ ਜਾ ਕੇ, ਉੱਥੋਂ ਦੇ ਰਾਸ਼ਟਰਪਤੀ ਲਈ ਵੋਟਾਂ ਮੰਗੇ ਤਾਂ ਸਮਝ ਜਾਣਾ ਚਾਹੀਦੀ ਹੈ, ਕਿ ਜਰੂਰ ਉਸ ਪ੍ਰਧਾਨ ਮੰਤਰੀ ਨੇ ਵੀ ਦੂਜੇ ਦੇਸ਼ ਦੇ ਰਾਸ਼ਟਰਪਤੀ ਤੋਂ ਕੁੱਝ ਲੈਣਾ ਹੋਵੇਗਾ। ਪਤਾ ਨਹੀਂ, ਨਰਿੰਦਰ ਮੋਦੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਨੇ ਡੋਨਾਲਡ ਟਰੰਪ ਕੋਲੋਂ ਕੀ ਲੈਣਾ ਸੀ ਅਤੇ ਉਹ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਨਾਅਰਾ ਲਗਾਉਂਦੇ ਨਜ਼ਰੀ ਆਏ, ਕਿ ‘ਅਬ ਕੀ ਬਾਰ ਟਰੰਪ ਸਰਕਾਰ’। ਵੈਸੇ, ਅਮਰੀਕਾ ਭਾਰਤ ਨਹੀਂ ਹੈ, ਜਿੱਥੇ ਮੋਦੀ ਦੀ ਹਰ ਗੱਲ ਨੂੰ ਚੁੱਪ ਚਾਪ ਸੁਣ ਲਿਆ ਜਾਵੇਗਾ।
ਤਿੰਨ ਨਵੰਬਰ 2020 ਨੂੰ ਆਏ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੇ ਤਖ਼ਤਾਂ ਪਲਟ ਕੇ ਰੱਖ ਦਿੱਤਾ ਅਤੇ ਟਰੰਪ ਹਾਰ ਗਏ, ਜਦੋਂਕਿ ਜੋਅ ਬਾਇਡੇਨ ਜਿੱਤ ਗਏ। ਟਰੰਪ ਨੇ ਕਾਫ਼ੀ ਸਮਾਂ ਤਾਂ ਹਾਰ ਨਹੀਂ ਮੰਨੀ, ਪਰ ਇਸੇ ਸਾਲ ਜਨਵਰੀ ਮਹੀਨੇ ਵਿੱਚ ਜਦੋਂ ਵ੍ਹਾਈਟ ਹਾਊਸ ਦੇ ਬਾਹਰ ਟਰੰਪ ਦੇ ਸਮਰਥਕਾਂ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਹੋਇਆ ਭੰਨਤੋੜ ਕੀਤੀ ਅਤੇ ਕਰੀਬ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਜਾਨ ਗਵਾਉਣੀ ਪਈ ਤਾਂ, ਟਰੰਪ ਨੇ ਆਪਣੀ ਹਾਰ ਮੰਨਦਿਆਂ ਹੋਇਆ ਕਹਿ ਦਿੱਤਾ ਕਿ, ਉਹ ਹੁਣ ਗੱਦੀ ਛੱਡ ਦੇਵੇਗਾ।
ਟਰੰਪ ਨੇ ਅਮਰੀਕਾ ਦੇ ਵਿੱਚ ਕਿਹੜੇ ਕਿਹੜੇ ਗ਼ਲਤ ਕੰਮ ਕੀਤੇ, ਜਿਨ੍ਹਾਂ ਦੇ ਕਾਰਨ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਟਰੰਪ ਰਾਜ ਦੇ ਦੌਰਾਨ ਸਭ ਤੋਂ ਵੱਡੀ ਗ਼ਲਤੀ ਤਾਂ ਇਹ ਹੋਈ ਕਿ, ਅਮਰੀਕਾ ਵਿੱਚ ਰਹਿੰਦੇ ਕਾਲੇ ਅਫ਼ੀਰੀਕੀਆਂ ਦੇ ਨਾਲ ਅਮਰੀਕਾ ਦੇ ਕੁੱਝ ਗੋਰੇ ਲੋਕਾਂ ਨੂੰ ਨਫ਼ਰਤ ਹੋ ਗਈ। ਟਰੰਪ ਰਾਜ ਵਿੱਚ ਪੁਲਿਸ ਦੀ ਏਨੀ ਦਹਿਸ਼ਤ ਮੱਚ ਗਈ, ਕਿ ਉਹ ਹਰ ਕਾਲੇ ਆਦਮੀ ਨੂੰ ਟੇਢੀ ਨਿਗਾਹ ਦੇ ਨਾਲ ਵੇਖਣ ਲੱਗੀ। ਇੱਕ ਦੋ ਕਾਲੇ ਲੋਕ ਅਮਰੀਕੀ ਪੁਲਿਸ ਨੇ ਧੌਣ ’ਤੇ ਗੋਡਾ ਰੱਖ ਕੇ ਮਾਰ ਵੀ ਦਿੱਤੇ।
ਇਸ ਤੋਂ ਇਲਾਵਾ ਟਰੰਪ ਨੇ ਅਜਿਹੀ ਬਿਆਨ ਬਾਜ਼ੀ ਆਪਣੇ ਰਾਜ ਦੇ ਦੌਰਾਨ ਦਿੱਤੀ, ਜਿਸ ਨੂੰ ਸੁਣ ਕੇ, ਹਰ ਕੋਈ ਕਹਿ ਸਕਦਾ ਸੀ, ਕਿ ਇਹ ਝੂਠਾਂ ਦੀ ਪੰਡ ਹੈ। ਅਮਰੀਕੀ ਮੀਡੀਆ ਨੇ ਟਰੰਪ ਦੇ ਬਿਆਨਾਂ ਨੂੰ ਇਸ ਤਰ੍ਹਾਂ ਚਲਾ ਕੇ ਪਰਾ ਮਾਰਿਆ, ਜਿਵੇਂ ਟਰੰਪ ਰਾਸ਼ਟਰਪਤੀ ਨਾ ਹੋਵੇ, ਬਲਕਿ ਇੱਕ ਇਨਸਾਨ ਹੀ ਹੋਵੇ, ਜਦੋਂਕਿ ਦੂਜੇ ਪਾਸੇ ਸਾਡੇ ਦੇਸ਼ ਦੇ ਅੰਦਰ ਸਰਕਾਰ ਮੀਡੀਆ ’ਤੇ ਟੇਢੀ ਨਿਗਾਹ ਰੱਖਦੀ ਹੈ ਅਤੇ ਗੋਦੀ ਮੀਡੀਆ ਲਗਾਤਾਰ ਸਰਕਾਰ ਦੀ ਚਿਮਚਾਗਿਰੀ ਕਰਕੇ, ਝੂਠ ਹੀ ਵਿਖਾਉਂਦਾ ਰਹਿੰਦਾ ਹੈ।
ਖ਼ੈਰ, ਸਿਆਸੀ ਮਾਹਿਰ ਮੰਨਦੇ ਹਨ, ਕਿ ਡੋਨਾਲਡ ਟਰੰਪ ਦਾ ਹਾਰਨਾ, ਉਸ ਵੇਲੇ ਸੰਭਵ ਹੋ ਗਿਆ ਸੀ, ਜਦੋਂ ਅਮਰੀਕਾ ਦੇ ਵਿੱਚ ਚਿੱਟੇ ਦਿਨੇ ਹੀ ਹਮਲੇ ਹੋਣੇ ਸ਼ੁਰੂ ਹੋ ਗਏ ਅਤੇ ਟਰੰਪ ਸਰਕਾਰ ’ਤੇ ਅਨੇਕਾਂ ਸਵਾਲ ਵੀ ਖੜ੍ਹੇ ਹੋਏ। ਟਰੰਪ ਨੂੰ ਸਭ ਤੋਂ ਵੱਧ ਨੁਕਸਾਨ ਉਦੋਂ ਹੋਇਆ, ਜਦੋਂ ਕਾਲੇ ਲੋਕਾਂ ਦੀ ਅਮਰੀਕਾ ਦੇ ਵਿੱਚ ਹੱਤਿਆ ਹੋਣ ਲੱਗੀ। ਝੂਠ ਬੋਲਣਾ, ਕਾਲੇ ਲੋਕਾਂ ਦੀ ਹੱਤਿਆ ਤੋਂ ਇਲਾਵਾ ਹੋਰ ਆਪਣੇ ਤਾਨਾਸ਼ਾਹੀ ਫ਼ਰਮਾਨ ਅਮਰੀਕੀ ਲੋਕਾਂ ’ਤੇ ਥੋਪਣਾ ਹੀ, ਟਰੰਪ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਗਿਆ।