ਪੰਜਾਬ ਹਰਿਆਣਾ ਦੇ ਪਿੰਡਾਂ ’ਚ ਭਾਜਪਾ ਦੀ ‘ਨੋ ਐਂਟਰੀ’! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 10 2021 13:53
Reading time: 2 mins, 3 secs

ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਅੰਦੋਲਨ ਦਿਨ ਪ੍ਰਤੀ ਦਿਨ ‘ਮੱਗਦਾ’ ਜਾ ਰਿਹਾ ਹੈ। ਇਸ ਵੱਡੇ ਹੁੰਦੇ ਜਾ ਰਹੇ ਕਿਸਾਨ ਅੰਦੋਲਨ ਨੂੰ ਵੇਖ ਕੇ ਹਾਕਮ ਧੜਾ ਘਬਰਾਇਆ ਪਿਆ ਹੈ ਅਤੇ ਖੇਤੀ ਕਾਨੂੰਨਾਂ ’ਤੇ ਕੋਈ ਬਹੁਤੀ ਦਿਲਚਸਪੀ ਨਹੀਂ ਵਿਖਾ ਰਿਹਾ। ਭਾਵੇਂ ਹੀ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਕਿਸਾਨ ਮੰਗ ਕਰ ਰਹੇ ਹਨ ਕਿ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਮੋਦੀ ਸਰਕਾਰ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੋਰੀ ਨਾਂਹ ਕਰ ਰਹੀ ਹੈ। 

ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਮੋਰਚਾ ਲਗਾਤਾਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਅੰਦਰ ਪਿਛਲੇ ਕਈ ਦਿਨਾਂ ਤੋਂ ਕਿਸਾਨ ਟੋਲ ਪਲਾਜ਼ਾ ’ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹਰਿਆਣਾ ਦੇ ਕਈ ਜ਼ਿਲ੍ਹਿਆਂ ਅਤੇ ਪਿੰਡਾਂ ਵਿੱਚ ਲੋਕਾਂ ਵੱਲੋਂ ਭਾਜਪਾ ਅਤੇ ਜੇਜੇਪੀ ਲੀਡਰਾਂ ਦੀ ‘ਨੋ ਐਂਟਰੀ’ ਦੇ ਬੈਨਰ ਵੀ ਲਗਾਏ ਗਏ ਹਨ। ਇਸੇ ਦਰਮਿਆਨ ਹੀ ਕਿਸਾਨ ਲਗਾਤਾਰ ਹੀ ਮੁੱਖ ਮੰਤਰੀ ਮਨੋਹਰ ਲਾਲ ਦੇ ਕਾਫ਼ਲਿਆਂ ਦਾ ਵਿਰੋਧ ਕਰ ਰਹੇ ਹਨ। 

ਦਰਅਸਲ, ਤਬਲੀਗ਼ੀ ਜਮਾਤ ਦੇ ਵਾਂਗ, ਕਿਸਾਨਾਂ ਨੂੰ ਬਦਨਾਮ ਕਰਨ ਦੇ ਵਿੱਚ ਭਾਜਪਾ ਨੇ ਪਹਿਲੋਂ ਹੀ ਕੋਈ ਕਸਰ ਨਹੀਂ ਛੱਡੀ, ਹੁਣ ਜੋ ਹਾਲਾਤ ਬਣੇ ਪਏ ਹਨ, ਉਸ ਤੋਂ ਇਹ ਹੀ ਲੱਗਦਾ ਹੈ, ਕਿ ਕੇਂਦਰ ਸਰਕਾਰ ਕਿਸਾਨ ਮੋਰਚੇ ਨੂੰ ਖ਼ਤਮ ਕਰਵਾਉਣ ਦੇ ਲਈ ਨਿੱਤ ਨਵੀਆਂ ਚਾਲਾਂ ਚੱਲ ਰਹੀ ਹੈ, ਪਰ ਸੂਝਵਾਨ ਕਿਸਾਨ ਅਤੇ ਨੌਜਵਾਨ ਕੇਂਦਰ ਸਰਕਾਰ ਦੀ ਇਸ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ। 

ਦੂਜੇ ਪਾਸੇ ਕਿਸਾਨਾਂ ਨੇ ਪਹਿਲੋਂ ਹੀ ਐਲਾਨ ਕਰਿਆ ਹੋਇਆ ਹੈ, ਕਿ ਜੇਕਰ ਸਰਕਾਰ ਜਾਂ ਫਿਰ ਅਦਾਲਤ ਨੂੰ ਲੱਗਦਾ ਹੈ ਕਿ ਮੋਰਚਾ ਲਗਾਈ ਬੈਠੇ ਕਿਸਾਨ ਅਤੇ ਆਮ ਲੋਕ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਤਾਂ, ਉਹ ਦੋ ਫੁੱਟ ਦੂਰੀ ਕਰਕੇ ਬੈਠ ਜਾਂਦੇ ਹਨ, ਪਰ ਉਹ ਆਪਣਾ ਮੋਰਚਾ ਉਦੋਂ ਹੀ ਸਮਾਪਤ ਕਰਨਗੇ, ਜਦੋਂ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਵੇਗੀ। ਕਿਸਾਨ ਆਗੂਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਪਹਿਲੋਂ ਪੰਜਾਬ ਦੇ ਅੰਦਰ ਟੋਲ ਫ਼ਰੀ ਸਨ, ਬਿਲਕੁਲ ਉਸੇ ਤਰ੍ਹਾਂ ਹਰਿਆਣਾ ਵਿੱਚ ਟੋਲ ਫਰੀ ਹਨ। 

ਟੌਲ ਫਰੀ ਦੇ ਸੱਦੇ ਤਹਿਤ ਹਰਿਆਣਾ ਦੇ ਲੋਕਾਂ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਤੋਂ ਇਲਾਵਾ ਲਗਾਤਾਰ ਉੱਪ ਮੁੱਖ ਮੰਤਰੀ ਦੁਸ਼ਯੰਤ ਚੋਟਾਲਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਖਰੇ ਖੋਟੇ ਜਵਾਬ ਨਾਲ ਦੀ ਨਾਲ ਹੀ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਹਨ। ਭਾਜਪਾ ਆਗੂਆਂ ਵੱਲੋਂ ਇਸ ਘੋਲ ਨੂੰ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਘੋਲ਼ ਦੱਸਣ ਵਾਲੇ ਕੂੜ ਪ੍ਰਚਾਰ ਦਾ ਠੋਕਵਾਂ ਜਵਾਬ ਲਗਾਤਾਰ ਕਿਸਾਨ ਦੇ ਰਹੇ ਹਨ। ਵੱਡ ਗੱਲ ਇਹ ਹੈ ਕਿ ਮੋਦੀ ਸਰਕਾਰ ਇਸ ਘੋਲ ਨੂੰ ਲਟਕਾਉਣ ਅਤੇ ਬਦਨਾਮ ਕਰਨ ਦਾ ਭਰਮ ਪਾਲ ਰਹੀ ਹੈ, ਪਰ ਜਿਉ ਜਿਉ ਘੋਲ ਲੰਮਾ ਹੋ ਰਿਹਾ ਹੈ, ਤਿਉ ਤਿਉ ਇਸਦੀ ਗਿਣਤੀ ਅਤੇ ਸ਼ਾਮਲ ਹੋਣ ਵਾਲੇ ਵਰਗਾ ਦਾ ਘੇਰਾ ਹੋਰ ਵਧਦਾ ਜਾ ਰਿਹਾ ਹੈ।