ਪੰਜਾਬ ਦੀ ਸੱਤਾ ਵਿੱਚ ਆਇਆ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ ਕਰੀਬ ਚਾਰ ਸਾਲ ਦਾ ਸਮਾਂ ਹੋ ਚੁੱਕਿਆ ਹੈ ਅਤੇ ਇਨ੍ਹਾਂ ਚਾਰਾਂ ਸਾਲਾਂ ਦੇ ਦੌਰਾਨ ਜੋ ਕੁੱਝ ਵੀ ਪੰਜਾਬ ਦੇ ਅੰਦਰ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕੰਮ ਕੀਤੇ ਹਨ, ਉਹ ਸਾਡੇ ਸਭ ਦੇ ਸਾਹਮਣੇ ਹਨ। ਕੈਪਟਨ ਅਮਰਿੰਦਰ ਸਿੰਘ, ਜਿੱਥੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨੌਕਰੀਆਂ ਪ੍ਰਦਾਨ ਨਹੀਂ ਕਰ ਸਕੇ, ਉੱਥੇ ਹੀ ਕਿਸਾਨਾਂ ਦਾ ਸਮਪੂਰਨ ਕਰਜ ਮੁਆਫ਼ ਕਰਨ ਤੋਂ ਵੀ ਕੈਪਟਨ ਸਾਹਿਬ ਭੱਜੇ ਹਨ, ਜਿਸ ਦੇ ਕਾਰਨ ਨੌਜਵਾਨ ਅਤੇ ਕਿਸਾਨ ਸੜਕਾਂ ’ਤੇ ਹਨ।
ਇਹ ਦੋਸ਼ ਸਾਡਾ ਨਹੀਂ ਹੈ, ਬਲਕਿ ਉਸ ਵਿਰੋਧੀ ਧਿਰ ਹੈ, ਜਿਹਨੂੰ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਨਾਲੋਂ ਵੀ ਵੱਧ ਸੀਟਾਂ ਪ੍ਰਾਪਤ ਹੋਈਆਂ ਸਨ। ਜੀ ਹਾਂ, ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੈਪਟਨ ਹਕੂਮਤ ’ਤੇ ਦੋਸ਼ ਲਗਾਏ ਹਨ, ਕਿ ਪੰਜਾਬ ਦੇ ਅੰਦਰ ਕੈਪਟਨ ਦੀ ਅਗਵਾਈ ਵਿੱਚ ਮਾਫੀਆ ਰਾਜ ਚੱਲ ਰਿਹਾ ਹੈ ਅਤੇ ਹਰ ਜਗ੍ਹਾਵਾਂ ’ਤੇ ਕਬਜ਼ੇ ਹੋ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਦੁਆਰਾ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਮੁਨਿਆਦ ਵੀ ਪੰਜਾਬ ਕਾਂਗਰਸ ਦੇ ਲੀਡਰ ਦੱਸ ਰਹੇ ਹਨ, ਪਰ ਸਚਾਈ ਕੀ ਹੈ, ਉਹਦੇ ਬਾਰੇ ਜਾਣਨਾ ਜ਼ਰੂਰੀ ਹੈ।
ਲੰਘੇ ਦਿਨ ਪ੍ਰੈੱਸ ਕਾਨਫ਼ਰੰਸ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ’ਤੇ ਇਹ ਦੋਸ਼ ਮੜਿਆ ਕਿ, ਪੰਜਾਬ ਦੇ ਅੰਦਰ ਮਾਫੀਆ ਰਾਜ ਚੱਲ ਰਿਹਾ ਹੈ, ਉੱਥੇ ਹੀ ਚੀਮਾ ਇਹ ਵੀ ਕਹਿੰਦੇ ਨਜ਼ਰੀ ਆਏ ਕਿ ਪੰਜਾਬ ਦੇ ਅੰਦਰ ਕਾਰਖ਼ਾਨਿਆਂ ਤੋਂ ਲੈ ਕੇ ਨਜਾਇਜ਼ ਮਾਈਨਿੰਗ ਤੱਕ ਸਾਰੇ ਦੇ ਸਾਰੇ ਦੋ ਨੰਬਰੀ ਕਾਰੋਬਾਰ ’ਤੇ ਕੈਪਟਨ ਹਕੂਮਤ ਦਾ ਰਾਜ ਹੈ ਅਤੇ ਕੈਪਟਨ ਸਰਕਾਰ ਦੀ ਅੱਖ ਥੱਲੇ ਇਹ ਸਾਰੇ ਗ਼ੈਰ ਕਾਨੂੰਨੀ ਕਾਰੋਬਾਰ ਚੱਲ ਰਹੇ ਹਨ।
ਦਰਅਸਲ, ਆਮ ਆਦਮੀ ਪਾਰਟੀ ਦੇ ਆਗੂ ਕਿੰਨਾ ਕੁ ਸੱਚ ਬੋਲ ਰਹੇ ਹਨ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ, ਕਿ ਪੰਜਾਬ ਦੇ ਅੰਦਰ ਲਾਕਡਾਊਨ ਦੇ ਦੌਰਾਨ ਵੀ ਨਜਾਇਜ਼ ਮਾਈਨਿੰਗ ਜਾਰੀ ਰਹੀ, ਕਈ ਨਜਾਇਜ਼ ਸ਼ਰਾਬ ਦੇ ਕਾਰਖ਼ਾਨਿਆਂ ਦਾ ਵੀ ਖੁਲਾਸਾ ਹੋਇਆ, ਜਿੱਥੋਂ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ, ਪੰਜਾਬ ਦੇ ਅੰਦਰ ਨਸ਼ਾ ਬਾਦਲਾਂ ਦੇ ਰਾਜ ਵਾਂਗ ਲਗਾਤਾਰ ਵਿਕ ਰਿਹਾ ਹੈ ਅਤੇ ਵੱਡੀ ਗੱਲ ਇਹ ਹੈ ਕਿ ਇਹਦਾ ਦੋਸ਼ ਵੀ ਕਾਂਗਰਸੀ, ਅਕਾਲੀ ਦਲ ਅਤੇ ਆਪ ਆਗੂਆਂ ’ਤੇ ਮੜ ਰਹੇ ਹਨ।