ਖੇਤੀ ਕਾਨੂੰਨਾਂ ਨੂੰ ਰੱਦ ਕਰਨ ਮਗਰੋਂ ਵੀ ਮੋਦੀ ਸਰਕਾਰ ਦੀ ਪ੍ਰੇਸ਼ਾਨੀ ਘਟਣੀ ਨਹੀਂ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 10 2021 13:41
Reading time: 1 min, 54 secs

ਜੇਕਰ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰ ਵੀ ਦਿੰਦੀ ਹੈ ਤਾਂ, ਸਰਕਾਰ ਦੀ ਮੁਸੀਬਤ ਘਟਣੀ ਨਹੀਂ, ਸਗੋਂ ਵਧਣੀ ਹੈ। ਇਹ ਗੱਲ ਉਹ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਰਹਿ ਰਹੇ ਹਨ, ਜੋ ਇਸ ਵੇਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹਨ। ਕਿਸਾਨਾਂ ਦੇ ਦਬਾਅ ਥੱਲੇ ਇਸ ਵੇਲੇ ਕੇਂਦਰ ਸਰਕਾਰ ਇਨ੍ਹਾਂ ਕੁ ਆ ਚੁੱਕੀ ਹੈ, ਕਿ ਕੇਂਦਰ ਸਰਕਾਰ ਅੰਦਰੀਂ ਅੰਦਰ ਮੰਨ ਵੀ ਚੁੱਕੀ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਵੇਗੀ। 

ਪਰ ਜੇਕਰ ਖੇਤੀ ਕਾਨੂੰਨ ਰੱਦ ਹੋਏ ਤਾਂ, ਭਲਕੇ ਕਸ਼ਮੀਰੀ ਅਤੇ ਦੇਸ਼ ਦੇ ਹੋਰ ਤਬਕੇ ਵੀ ਉੱਠ ਖਲੋਣਗੇ ਅਤੇ ਕਹਿਣਗੇ, ਉਨ੍ਹਾਂ ਉੱਪਰ ਥੋਪੇ ਕਾਨੂੰਨ ਵੀ ਵਾਪਸ ਲਓ। ਇਹ ਸਭ ਕੁੱਝ ਲੰਘੇ ਦਿਨੀਂ, ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਕਹਿ ਗਿਆ। ਦੱਸਣਾ ਬਣਦਾ ਹੈ, ਕਿ ਪਿਛਲੀਆਂ 8 ਮੀਟਿੰਗ ਜਿੱਥੇ ਬੇਸਿੱਟਾ ਤਾਂ ਰਹੀਆਂ ਹੀ ਹਨ, ਉੱਥੇ ਹੀ ਕਿਸਾਨਾਂ ਦੇ ਵਿੱਚ ਨਵੇਂ ਜ਼ੋਸ਼ ਵੀ ਭਰ ਆਈਆਂ ਹਨ ਅਤੇ ਨਵੀਆਂ ਨਵੀਆਂ ਵਿਉਂਤਬੰਦੀਆਂ ਵੀ ਕਿਸਾਨਾਂ ਨੂੰ ਕਰਨ ਦਾ ਮੌਕਾ ਮਿਲ ਗਿਆ ਹੈ।

ਵੈਸੇ, ਹੁਣ ਇਹ ਇਕੱਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਹੀ ਲੜ੍ਹਾਈ ਨਹੀਂ ਰਹਿ ਗਈ, ਹੁਣ ਤਾਂ ਖੇਤੀ ਕਾਨੂੰਨਾਂ ਦੇ ਨਾਲ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਇਲਾਵਾ ਫ਼ਸਲ ਦੇ ਖ਼ਰੀਦ ਵੇਚ ਤੋਂ ਵੀ ਵੱਧ, ਲੋਕਾਂ ਦੇ ਢਿੱਡ ਭਰਨ ਦੀ ਲੜ੍ਹਾਈ ਬਣ ਚੁੱਕੀ ਹੈ। ਅੰਨ ਉਗਾਉਣ ਵਾਲਾ ਅੰਨਦਾਤਾ, ਤਾਂ ਆਪਣੀ ਫ਼ਸਲ ਉਗਾ ਕੇ ਆਪ ਖਾ ਲਵੇਗਾ, ਪਰ ਉਹਨੂੰ ਫਿਕਰ ਹੈ ਤਾਂ, ਮੁਲਕ ਦੇ ਲੋਕਾਂ ਦੀ..! ਅੰਨਦਾਤੇ ਨੂੰ ਅੱਤਵਾਦੀ, ਵੱਖਵਾਦੀ ਅਤੇ ਨਕਸਲੀ ਕਹਿਣ ਵਾਲੇ, ਇੱਕ ਵਾਰ ਇਹ ਜ਼ਰੂਰ ਸੋਚ ਲੈਣ, ਕਿ ਉਹ ਅੰਨ ਪਲਾਸਟਿਕ ਦਾ ਖਾਂਦੇ ਹਨ? 

ਖ਼ੈਰ, ਖੇਤੀ ਕਾਨੂੰਨ ਨੂੰ ਰੱਦ ਕਰਨ ਦਾ ਹਾਲੇ ਕੇਂਦਰ ਵਿਚਲੀ ਮੋਦੀ ਸਰਕਾਰ ਦਾ ਕੋਈ ਵਿਚਾਰ ਨਹੀਂ ਹੈ ਅਤੇ ਨਾ ਹੀ ਲੱਗਦਾ ਹੈ ਕਿ ਇਹ ਖੇਤੀ ਕਾਨੂੰਨਾਂ ਨੂੰ ਰੱਦ ਕਰੇਗੀ। ਕਿਉਂਕਿ ਮੋਦੀ ਸਰਕਾਰ ’ਤੇ ਦਬਾਅ ਵਿਸ਼ਵ ਵਪਾਰ ਸੰਗਠਨ ਦਾ ਹੈ, ਜੋ ਕਿ ਚਾਹੁੰਦਾ ਹੈ ਕਿ ਭਾਰਤ ਦੇ ਕਿਸਾਨਾਂ ਨੂੰ ਮਿਲਦੀਆਂ ਸਮੂਹ ਸੁਵਿਧਾਵਾਂ ਖੋਹ ਕੇ ਸਰਕਾਰ ਆਪਣੇ ਕੋਲ ਰੱਖ ਲਵੇ ਅਤੇ ਖੇਤੀ ਸੈਕਟਰ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਦੇਵੇ। 

ਸਰਕਾਰ ਦੇ ਨਾਲ ਹੋ ਰਹੀਆਂ ਮੀਟਿੰਗਾਂ ਦੇ ਵਿੱਚ ਇਹ ਗੱਲ ਵੀ ਤਾਂ ਸਾਫ਼ ਹੋ ਚੁੱਕੀ ਹੈ, ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਤੋਂ ਪੂਰੀ ਤਰ੍ਹਾਂ ਦੇ ਨਾਲ ਬੌਖ਼ਲਾਹਟ ਦੇ ਵਿੱਚ ਹੈ ਅਤੇ ਮਰ ਮਰ ਕੇ ਦਿਨ ਕੱਟਣ ਲਈ ਸਰਕਾਰ ਮਜ਼ਬੂਰ ਹੋ ਚੁੱਕੀ ਹੈ। ਭਾਵੇਂ ਹੀ ਮੋਦੀ ਸਰਕਾਰ ਸੋਚੀ ਬੈਠੀ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਕਰਨੇ, ਪਰ ਕਿਸਾਨ ਵੀ ਸੋਚੀ ਬੈਠੇ ਹਨ ਕਿ ਉਨ੍ਹਾਂ ਨੂੰ ਭਾਵੇਂ ਜਿੰਨਾ ਮਰਜ਼ੀ ਅੰਦੋਲਨ ਲੰਮਾ ਚਲਾਉਣਾ ਪਵੇ, ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਘਰਾਂ ਨੂੰ ਚਾਲੇ ਪਾਉਣਗੇ।