‘ਜਾਂ ਮਰਾਂਗੇ, ਜਾਂ ਜਿੱਤਾਂਗੇ’!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 09 2021 15:31
Reading time: 1 min, 36 secs

ਕੇਂਦਰੀ ਮੰਤਰੀਆਂ ਦੇ ਨਾਲ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਕਿਸਾਨਾਂ ਦੀ ਕੱਲ੍ਹ ਹੋਈ ਅੱਠਵੀਂ ਮੀਟਿੰਗ, ਜਦੋਂ ਬੇਨਤੀਜਾ ਦਿੱਸਦੀ ਕਿਸਾਨਾਂ ਨੂੰ ਵਿਖਾਈ ਦਿੱਤੀ ਤਾਂ, ਉਨ੍ਹਾਂ ਨੇ ਮੀਟਿੰਗ ਦੌਰਾਨ ਹੀ ਇੱਕ ਨਾਅਰਾ ਮਾਰ ਦਿੱਤਾ ਕਿ, ‘ਜਾਂ ਮਰਾਂਗੇ, ਜਾਂ ਜਿੱਤਾਂਗੇ’। ਇਹ ਨਾਅਰੇ ਦਾ ਅਸਲ ਮਤਲਬ ਤਾਂ ਇਹ ਹੈ ਕਿ ਜਾਂ ਤਾਂ ਅਸੀਂ ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਮਰ ਜਾਵਾਂਗੇ ਅਤੇ ਜਾਂ ਫਿਰ ਅਸੀਂ ਹਾਕਮਾਂ ਦੀ ਸੰਘੀ ’ਤੇ ਨਹੁੰ ਰੱਖ ਕੇ ਜਿੱਤ ਜਾਂਵੇਗਾ।

ਲੜ੍ਹਾਈ ਹੁਣ ਆਰ ਪਾਸ ਦੀ ਸ਼ੁਰੂ ਹੋ ਚੁੱਕੀ ਹੈ। ਦਰਅਸਲ, ਭਾਰਤ ਦੇ ਹੁਕਮਰਾਨਾਂ ਨੇ ਖੇਤੀ ਸਬੰਧੀ ਕੋਈ ਨਿੱਗਰ ਅਤੇ ਕਿਸਾਨ ਪੱਖੀ ਨੀਤੀ ਨਹੀਂ ਬਣਾਈ, ਇਸੇ ਕਰਕੇ ਖੂਨ-ਪਸੀਨੇ ਦੀ ਕਮਾਈ ਕਰਨ ਵਾਲਾ ਕਿਰਤੀ-ਕਿਸਾਨ ਗੁਰਬਤ ਅਤੇ ਕਰਜ਼ਾਈ ਜਿੰਦਗੀ ਬਤੀਤ ਕਰ ਰਿਹਾ ਹੈ। ਮੌਜੂਦਾ ਕਿਸਾਨ ਅੰਦੋਲਨ ਨਾਲ ਦੇਸ਼ ਵਿੱਚ ਨਵੇਂ ਯੁੱਗ ਦਾ ਆਗਾਜ਼ ਹੋਵੇਗਾ ਅਤੇ ਹੁਕਮਰਾਨਾਂ ਨੂੰ ਜਨਤਾ ਦੇ ਪੱਖ ਵਿੱਚ ਸੋਚਣ ਲਈ ਮਜ਼ਬੂਰ ਹੋਣਾ ਪਵੇਗਾ।

ਭਾਵੇਂ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਹਾਕਮ ਮੰਨ ਨਹੀਂ ਰਹੇ, ਪਰ ਭਾਈਚਾਰਕ ਏਕਤਾ ਲੋਕਾਂ ਦੇ ਵਿੱਚ ਵੱਧ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਮੰਨੀਏ ਤਾਂ, ਉਨ੍ਹਾਂ ਦੀ ਸਟੇਟਮੈਂਟ ਦੇ ਮੁਤਾਬਿਕ, ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਜੋਟੀ ਦੇ ਮਹੱਤਵ ਨੂੰ ਉਘਾੜਿਆ ਹੈ।

ਉਨ੍ਹਾਂ ਆਖਿਆ ਕਿ ਇਤਿਹਾਸ ਇਸ ਗੱਲ ਦਾ ਗੁਆਹ ਹੈ ਕਿ ਜਦੋਂ ਵੀ ਕਿਸਾਨ ਤੇ ਮਜ਼ਦੂਰ ਜਾਤ ਪਾਤ ਦੀਆਂ ਵਲਗਣਾਂ ਉਲੰਘਕੇ ਅਤੇ ਇੱਕ ਜੁੱਟ ਹੋ ਕੇ ਮੈਦਾਨ ਵਿੱਚ ਨਿੱਤਰੇ ਹਨ, ਉਦੋਂ ਹੀ ਸੰਘਰਸ਼ੀ ਲਹਿਰਾਂ ਨੇ ਵੱਡੀਆਂ ਮੰਜ਼ਿਲਾਂ ਸਰ ਕੀਤੀਆਂ ਹਨ।

ਉਨ੍ਹਾਂ ਸੰਘਰਸ਼ ਦੇ ਮੋਰਚੇ ਵਿੱਚ ਡਟੇ ਕਿਸਾਨਾਂ ਦੇ ਦਿ੍ਰੜ੍ਹ ਇਰਾਦਿਆਂ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੇ ਸਾਂਝੀ ਅਤੇ ਖੇਤੀ ਸੰਕਟ ਤੋਂ ਸਭ ਤੋਂ ਜ਼ਿਆਦਾ ਪੀੜਤ ਖੇਤ ਮਜ਼ਦੂਰਾਂ ਨੂੰ ਮੌਜੂਦਾ ਸੰਘਰਸ਼ ਦਾ ਅੰਗ ਬਨਾਉਣ ਲਈ ਤਾਣ ਜੁਟਾਉਣ। ਉਨ੍ਹਾਂ ਆਖਿਆ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਮੋਦੀ ਹਕੂਮਤ ਵੱਲੋਂ ਬੋਲਿਆ ਹੱਲਾ, ਖੇਤ ਮਜ਼ਦੂਰਾਂ ਤੇ ਦਲਿਤਾਂ ਦੀ ਹੋਂਦ ਨੂੰ ਹੀ ਖਤਰੇ ਮੂੰਹ ਧੱਕਣ ਦਾ ਜ਼ਰ੍ਹੀਆ ਬਣੇਗਾ। ਖ਼ੈਰ, ਦਿੱਲੀ ਮੋਰਚਾ ਇਸ ਵੇਲੇ ਵੱਧ ਫੁੱਲ ਰਿਹਾ ਹੈ, ਜਿਸ ਕਾਰਨ ਹਾਕਮਾਂ ਦੇ ਕੜਾਕੇ ਦੀ ਠੰਢ ਵਿੱਚ ਪਸੀਨੇ ਛੁੱਟ ਰਹੇ ਹਨ।