ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫਸਲਾਂ ਉਗਾਉਣ ਵਾਲੇ ਸਾਮਰਾਜੀ ਅਜਗਰਾਂ ਨੂੰ ਦ੍ਰੜ ਕੇ ਰੱਖ ਦੇਣਗੇ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 09 2021 15:30
Reading time: 1 min, 36 secs

ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਕਰੀਬ ਡੇਢ ਮਹੀਨੇ ਤੋਂ ਕਿਸਾਨ ਕੜਾਕੇ ਦੀ ਠੰਢ ਵਿੱਚ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਪਰ ਸਰਕਾਰ ਜਿੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਨਾਂਅ ਨਹੀਂ ਲੈ ਰਹੀ, ਉੱਥੇ ਹੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾਉਣ ਦੇ ਵਿੱਚ ਲੱਗੀ ਹੋਈ ਹੈ।

ਦਰਅਸਲ, ਸਰਕਾਰ ਚਾਹੁੰਦੀ ਹੈ, ਕਿ ਖੇਤੀ ਕਾਨੂੰਨਾਂ ਦੇ ਬਾਰੇ ਵਿੱਚ ਕਿਸਾਨਾਂ ਨੂੰ ਸਮਝਾ ਕੇ ਹੀ, ਇਸ ਮਸਲੇ ਦਾ ਹੱਲ ਕਰਦਿਆਂ ਹੋਇਆ ਮੋਰਚਾ ਖ਼ਤਮ ਕਰਵਾਇਆ ਜਾਵੇ। ਪਰ ਸਰਕਾਰ, ਇਹ ਨਹੀਂ ਜਾਣਦੀ, ਕਿ ਕਿਸਾਨ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੇਕਰ ਫ਼ਸਲ ਉਗਾਉਣਾ ਜਾਣਦੇ ਹਨ ਤਾਂ, ਖੇਤੀ ਕਾਨੂੰਨ ਤਾਂ, ਉਨ੍ਹਾਂ ਸਾਹਮਣੇ ਚੀਜ਼ ਹੀ ਕੀ ਹਨ?

ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਮੋਰਚਾ ਲਗਾਤਾਰ ਜਿੱਥੇ ਜਾਰੀ ਹੈ, ਉੱਥੇ ਹੀ ਪੰਜਾਬ ਦੇ ਅੰਦਰ ਰਿਲਾਇੰਸ ਪੈਟਰੋਲ ਪੰਪਾਂ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਦੇ ਹੋਰਨਾਂ ਕਾਰੋਬਾਰਾਂ ਨੂੰ ਵੀ ਕਿਸਾਨਾਂ ਨੇ ਬੰਦ ਕੀਤਾ ਹੋਇਆ ਹੈ, ਜਿਸ ਦੇ ਚੱਲਦਿਆਂ ਸਰਕਾਰ ਦੇ ਨਾਲ ਨਾਲ ਕਾਰਪੋਰੇਟ ਘਰਾਣਿਆਂ ਦੀ ਵੀ ਸੰਘੀ ’ਤੇ ਨਹੁੰ ਕਿਸਾਨਾਂ ਨੇ ਰੱਖਿਆ ਹੋਇਆ ਹੈ। 

ਕਿਸਾਨਾਂ ਦੀਆਂ ਜੋਸ਼ੀਲੀਆਂ ਤਕਰੀਰਾਂ ਨੇ ਠੰਢ ਦੇ ਮਾਹੌਲ ਨੂੰ ਗਰਮਾ ਦਿੱਤਾ ਅਤੇ ਲਗਾਤਾਰ ਕਿਸਾਨਾਂ ਮਜ਼ਦੂਰਾਂ ਅਤੇ ਕਿਰਤੀਆਂ ਦਾ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਗੁਰਮੀਤ ਸਿੰਘ ਮਹਿਮਾ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਮੋਦੀ ਸਰਕਾਰ ਰੱਦ ਨਹੀਂ ਕਰਦੀ, ਉਦੋਂ ਤੱਕ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੋਂ ਇੱਕ ਇੰਚ ਵੀ ਪਿਛਾਂਹ ਨਹੀਂ ਹਟਣਗੇ।

ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਦਬਾਉਣ ਲਈ ਨਿੱਤ ਨਵੀਆਂ ਚਾਲਾਂ ਚੱਲ ਰਹੀ ਹੈ। ਜਿਸ ਨੂੰ ਕਿਸਾਨ ਫ਼ੇਲ੍ਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਫ਼ਸਲਾਂ ਉਗਾਉਣ ਵਾਲੇ ਕਿਸਾਨ ਸਾਮਰਾਜੀ ਅਜਗਰਾਂ ਰੂਪੀ ਕਾਰਪੋਰੇਟ ਘਰਾਣਿਆਂ ਨੂੰ ਬਹੁਤ ਜਲਦ ਦ੍ਰੜ ਕੇ ਰੱਖ ਦੇਣਗੇ।

ਉਨ੍ਹਾਂ ਕਿਹਾ ਕਿ ਇਹ ਲੜਾਈ ਹੱਕ-ਸੱਚ ਦੀ ਹੈ ਅਤੇ ਇਸ ਲੜਾਈ ਵਿੱਚ ਮੱਕਾਰ ਅਤੇ ਫਰੇਬੀ ਬੁਰੀ ਤਰ੍ਹਾਂ ਹਾਰਨਗੇ। ਵੇਖਿਆ ਜਾਵੇ ਤਾਂ, ਜਿਸ ਹਿਸਾਬ ਦੇ ਨਾਲ ਕਿਸਾਨ ਮੋਰਚਾ ਦਿਨ ਪ੍ਰਤੀ ਦਿਨ ‘ਮੱਗ’ ਰਿਹਾ ਹੈ ਅਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਤੇਜ਼ ਹੋ ਰਿਹਾ ਹੈ ਤਾਂ, ਬਹੁਤ ਜਲਦ ਹੀ ਕੋਈ ਵੱਡਾ ਫ਼ੈਸਲਾ ਹੋ ਸਕਦਾ ਹੈ।