ਅੱਤਵਾਦੀ ਕੌਣ ਨੇ ਭਲਾ.? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 09 2021 10:20
Reading time: 1 min, 34 secs

ਮੁਲਕ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਦੇ ਅਤਿਵਾਦੀ ਨਹੀਂ ਹੋ ਸਕਦਾ। ਅਤਿਵਾਦੀ ਤਾਂ ਉਹ ਹੁੰਦੇ ਨੇ ਜਿਹੜੇ ਚਲਾਕੀਆਂ ਕਰਦੇ ਨੇ। ਵਾਰ ਵਾਰ ਗੁੰਮਰਾਹ ਕਰਦੇ ਨੇ ਅਤੇ ਗੁੰਮਰਾਹ ਪੁਣੇ ਵਿਚ ਅੰਨ ਉਗਾਉਣ ਵਾਲੇ ਨੂੰ ਕੁਚਲਦੇ ਨੇ। ਵੈਸੇ ਸਾਡੇ ਦੇਸ਼ ਦੇ ਅੰਦਰ ਕੋਈ ਅਤਿਵਾਦੀ ਸੰਗਠਨ ਨਹੀਂ ਚੱਲ ਰਿਹਾ, ਪਰ ਫਿਰ ਵੀ ਸੱਤਾ ਧਿਰ ਅਤੇ ਗੋਦੀ ਮੀਡੀਆ ਲਗਾਤਾਰ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਕਿਰਤੀਆਂ ਨੌਜਵਾਨਾਂ ਬਜ਼ੁਰਗਾਂ ਬੀਬੀਆਂ ਬੱਚਿਆਂ ਤੋਂ ਇਲਾਵਾ ਸਮੂਹ ਸਿਆਸੀ ਧਿਰਾਂ ਨੂੰ ਅਤਿਵਾਦੀ ਸੰਗਠਨ ਖ਼ਾਲਿਸਤਾਨੀ ਵੱਖਵਾਦੀ  ਨਕਸਲੀ ਆਦਿ ਕਹਿ ਕੇ ਪੁਕਾਰ ਰਹੇ ਨੇ।

ਜਦੋਂ ਕਿ ਮੁਲਕ ਦਾ ਢਿੱਡ ਭਰਨ ਵਾਲਾ ਕਦੇ ਅਤਿਵਾਦੀ ਵੱਖਵਾਦੀ ਖ਼ਾਲਿਸਤਾਨੀ ਆਦਿ ਨਹੀਂ ਹੁੰਦਾ। ਜੇਕਰ ਅੰਨ ਉਗਾਉਣ ਵਾਲਾ ਅਤਿਵਾਦੀ ਹੈ ਤਾਂ ਅੰਨ ਖਾਣ ਵਾਲੇ ਵੀ ਉਸ ਤੋਂ ਘੱਟ ਨਹੀਂ। ਵੇਖਿਆ ਜਾਵੇ ਤਾਂ ਜਿਨ੍ਹਾਂ ਲੋਕਾਂ ਨੂੰ ਅਤਿਵਾਦੀ ਨਕਸਲੀ ਵੱਖਵਾਦੀ ਆਦਿ ਇਹ ਹਾਕਮ ਅਤੇ ਗੋਦੀ ਮੀਡੀਆ ਕਹਿ ਰਿਹਾ ਹੈ, ਉਹ ਲਗਾਤਾਰ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਹੇ ਹਨ ਅਤੇ ਜਦੋਂ ਇਹ ਕਿਸਾਨ ਪੰਜਾਬ ਦੇ ਅੰਦਰ ਪ੍ਰਦਰਸ਼ਨ ਕਰ ਰਹੇ ਸਨ, ਤਾਂ ਉਦੋਂ ਤੱਕ ਕਿਸੇ ਨੂੰ ਵੀ ਇਹ ਕਿਸਾਨ ਮਜਦੂਰ ਕਿਰਤੀ ਲੋਕ ਅਤਿਵਾਦੀ ਨਹੀਂ ਜਾਪੇ। 

ਪਰ ਹੁਣ ਇਹ ਕਿਸਾਨ ਮਜ਼ਦੂਰ ਕਿਰਤੀ ਜਦੋਂ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਦੀਆ ਸਰਹੱਦਾਂ ਮੱਲ ਕੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਪ੍ਰਦਰਸ਼ਨ ਕਰ ਰਹੇ ਹਨ ਤਾਂ ਹਾਕਮਾਂ ਨੂੰ ਇਹ ਸਾਰੇ ਦੇ ਸਾਰੇ ਲੋਕ ਅਤਿਵਾਦੀ ਵੱਖਵਾਦੀ ਜਾਪਣ ਲੱਗ ਪਏ ਹਨ। ਬੇਸ਼ੱਕ ਰਾਜਨਾਥ ਸਿੰਘ ਇਹ ਕਹਿ ਚੁੱਕੇ ਹਨ ਕਿ ਜਿਹੜੇ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਅਤਿਵਾਦੀ ਵੱਖਵਾਦੀ ਨਕਸਲੀ ਜਾਂ ਫਿਰ ਖ਼ਾਲਿਸਤਾਨੀ ਨਾ ਕਿਹਾ ਜਾਵੇ।

ਪਰ ਗੋਦੀ ਮੀਡੀਆ ਲਗਾਤਾਰ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਾ ਜਾ ਰਿਹਾ। ਜੰਗ ਨਾ ਵੀ ਲੱਗਣੀ ਹੋਵੇ ਤਾਂ ਵੀ ਗੋਦੀ ਮੀਡੀਆ ਲਗਵਾ ਕੇ ਰਹਿੰਦੈ। ਵੈਸੇ ਜਿਹੜੇ ਲੋਕ ਇਸ ਵੇਲੇ ਅੰਨਦਾਤੇ ਨੂੰ ਅਤਿਵਾਦੀ ਵੱਖਵਾਦੀ ਨਕਸਲੀ ਅਤੇ ਹੋਰ ਕਈ ਨਾਵਾਂ ਨਾਲ ਪੁਕਾਰ ਰਹੇ ਹਨ। ਦਰਅਸਲ, ਅਸਲ ਵਿੱਚ ਉਹ ਹੀ ਅਤਿਵਾਦੀ ਵੱਖਵਾਦੀ ਆਦਿ ਨੂੰ ਪਰਮੋਟ ਕਰਦੇ ਹਨ। ਇਹ ਸਾਰਾ ਜੱਗ ਜਾਣਦਾ ਹੈ ਕਿ ਅੰਨਦਾਤਾ ਅੰਨ ਉਗਾਉਂਦਾ ਹੈ ਪਰ ਅੰਨ ਖਾਣ ਵਾਲਿਆਂ ਨੂੰ ਕਿਉਂ ਨਹੀਂ ਪਤਾ। ਖ਼ੈਰ ਜਿਹੜੇ ਲੋਕ ਕਿਸਾਨਾਂ ਨੂੰ ਅਤਿਵਾਦੀ ਵੱਖਵਾਦੀ ਕਹਿ ਰਹੇ ਹਨ, ਉਹ ਅਸਲ ਵਿਚ ਖ਼ੁਦ ਹੀ ਹਨ।